ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਬੀਤੀ ਰਾਤ ਸਵਾ 11 ਵਜੇ ਦੇ ਕਰੀਬ ਮਾਲੇਰਕੋਟਲਾ-ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਬਿਜਲੀ ਗਰਿੱਡ ਨੇੜੇ ਟਰੈਕਟਰ-ਟਰਾਲੀ ਅਤੇ ਕੈਂਟਰ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ 'ਚ 3 ਪ੍ਰਵਾਸੀ ਮਜ਼ਦੂਰਾਂ ਸਮੇਤ 4 ਵਿਅਕਤੀਆਂ ਪੁਸ਼ਪਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਖੇੜੀ ਚੰਦਵਾਂ, ਰਾਜ ਨਰਾਇਣ ਰਾਮ ਪੁੱਤਰ ਮਹੇਸ਼ਵਰ ਰਾਮ, ਉਕੀਲ ਰਾਮ ਪੁੱਤਰ ਬਲੇਸਵਰ ਰਾਮ, ਰਾਮ ਬਹਾਦਰ ਸਦਾ ਪੁੱਤਰ ਅਨੂ ਸਦਾ ਵਾਸੀ ਕਮਾਉਣੀ ਥਾਣਾ ਹਾਈਆਘਾਟ ਜ਼ਿਲ੍ਹਾ ਦਰਬੰਗਾ (ਬਿਹਾਰ) ਹਾਲ ਅਬਾਦ ਪਿੰਡ ਜਲਾਨ ਜ਼ਿਲ੍ਹਾ ਸੰਗਰੂਰ ਦੀ ਮੌਤ ਹੋ ਗਈ ਹੈ, ਜਦ ਕਿ ਇਨ੍ਹਾਂ ਦੇ ਨਾਲ ਹੀ ਟਰਾਲੀ 'ਚ ਸਵਾਰ 4 ਹੋਰ ਪ੍ਰਵਾਸੀ ਮਜ਼ਦੂਰ ਰਾਜਾ ਰਾਮ ਪੁੱਤਰ ਸੁਦੇਸ਼ਵਰ ਰਾਮ, ਰਾਮ ਕੁਮਾਰ ਸਦਾ ਪੁੱਤਰ ਮਹਿੰਦਰ ਸਦਾ ਵਾਸੀ ਕਮਾਉਣੀ ਥਾਣਾ ਹਾਈਆਘਾਟ ਅਤੇ ਜਤਨ ਰਾਮ ਪੁੱਤਰ ਜਨਕ ਰਾਮ, ਸੁਰੇਸ਼ ਰਾਮ ਪੁੱਤਰ ਨਥਨੀ ਰਾਮ ਵਾਸੀ ਕਸੋਥਾ ਥਾਣਾ ਬਹਾਦਰਪੁਰ ਜ਼ਿਲ੍ਹਾ ਦਰਬੰਗਾ (ਬਿਹਾਰ) ਜ਼ਖਮੀ ਹੋ ਗਏ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਜ਼ਿਲ੍ਹਾ ਸੰਗਰੂਰ 'ਚ ਪੈਂਦੇ ਪਿੰਡ ਜਲਾਣ ਦੇ ਵਾਸੀ ਅਵਤਾਰ ਸਿੰਘ ਉਰਫ਼ ਤਾਰੀ ਨੇ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਲੰਘੀ ਰਾਤ ਆਪਣੇ ਪਿੰਡ ਜਲਾਣ ਤੋਂ ਆਪਣੇ ਟਰੈਕਟਰ-ਟਰਾਲੀ ਅਤੇ ਤੂੜੀ ਵਾਲੀ ਮਸ਼ੀਨ ਸਮੇਤ ਮਜ਼ਦੂਰਾਂ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਥਾਣਾ ਚੌਕ ਮਹਿਤਾ ਨੇੜਲੇ ਪਿੰਡ ਚੰਨਣਕੇ ਵਿਖੇ ਤੂੜੀ ਬਣਾਉਣ ਲਈ ਜਾ ਰਿਹਾ ਸੀ। ਟਰੈਕਟਰ-ਟਰਾਲੀ ਦੇ ਪਿੱਛੇ ਹੀ ਜੋੜੀ ਇਕ ਹੋਰ ਟਰਾਲੀ 'ਚ ਮ੍ਰਿਤਕ ਪੁਸ਼ਪਿੰਦਰ ਸਿੰਘ ਵਾਸੀ ਖੇੜੀ ਚੰਦਵਾਂ ਸਮੇਤ ਬਾਕੀ ਉਪਰੋਕਤ ਮ੍ਰਿਤਕ ਤੇ ਜ਼ਖਮੀ ਪ੍ਰਵਾਸੀ ਮਜ਼ਦੂਰ ਬੈਠੇ ਸਨ। ਦੇਰ ਰਾਤ ਸਵਾ 11 ਵਜੇ ਦੇ ਕਰੀਬ ਜਦ ਉਹ ਮਾਲੇਰਕੋਟਲਾ-ਲੁਧਿਆਣਾ ਮੁੱਖ ਸੜਕ 'ਤੇ ਗਰਿੱਡ ਨੇੜੇ ਪੁੱਜੇ ਤਾਂ ਪਿੱਛੋਂ ਆ ਰਿਹਾ ਤੇਜ਼ ਰਫਤਾਰ ਕੈਂਟਰ ਨੰ. ਐੱਚ ਆਰ 62 ਏ 2888 ਜਿਸ ਨੂੰ ਸੋਮਵੀਰ ਵਾਸੀ ਬਰਸੌਲਾ ਜ਼ਿਲ੍ਹਾ ਜੀਂਦ (ਹਰਿਆਣਾ) ਚਲਾ ਰਿਹਾ ਸੀ, ਨੇ ਉਨ੍ਹਾਂ ਦੇ ਟਰੈਕਟਰ-ਟਰਾਲੀ ਨੂੰ ਜ਼ਬਰਦਸ਼ਤ ਟੱਕਰ ਮਾਰ ਦਿੱਤੀ। ਜ਼ੋਰਦਾਰ ਟੱਕਰ ਲੱਗਣ ਨਾਲ ਟਰਾਲੀ ਦੀ ਹੁੱਕ ਟੁੱਟ ਗਈ ਤੇ ਟਰਾਲੀ 'ਚ ਬੈਠੇ ਮਜ਼ਦੂਰ ਬੁੜ੍ਹਕ ਕੇ ਸੜਕ 'ਤੇ ਜਾ ਡਿੱਗੇ। ਮੌਕਾ ਦੇਖ ਕੇ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਫੈਕਟਰੀ 'ਚ ਕੰਮ ਕਰਦੇ ਵਿਅਕਤੀ ਦੀ ਮਸ਼ੀਨ 'ਚ ਆਉਣ ਨਾਲ ਮੌਤ
ਤਾਰੀ ਨੇ ਦੱਸਿਆ ਕਿ ਉਸ ਨੇ ਸਤਿਗੁਰ ਸਿੰਘ ਵਾਸੀ ਦੁੱਗਾਂ ਸਮੇਤ ਹੋਰਨਾਂ ਲੋਕਾਂ ਦੀ ਮਦਦ ਨਾਲ ਲਹੂ-ਲੁਹਾਨ ਹੋਏ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਪੁਸ਼ਪਿੰਦਰ ਸਿੰਘ ਖੇੜੀ ਚੰਦਵਾਂ, ਰਾਜ ਨਰਾਇਣ ਰਾਮ, ਉਕੀਲ ਰਾਮ ਅਤੇ ਰਾਮ ਬਹਾਦਰ ਸਦਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦ ਕਿ ਰਾਜਾ ਰਾਮ, ਰਾਮ ਕੁਮਾਰ ਸਦਾ, ਸੁਰੇਸ਼ ਕੁਮਾਰ ਅਤੇ ਜਤਨ ਰਾਮ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪਟਿਆਲਾ ਲਈ ਰੈਫਰ ਕਰ ਦਿੱਤਾ, ਜਿਥੇ ਉਨ੍ਹਾਂ ਦੀ ਹਾਲਤ ਠੀਕ-ਠਾਕ ਦੱਸੀ ਜਾਂਦੀ ਹੈ। ਪੁਲਸ ਨੇ ਅਵਤਾਰ ਤਾਰੀ ਦੇ ਬਿਆਨਾਂ 'ਤੇ ਕੈਂਟਰ ਚਾਲਕ ਸੋਮਵੀਰ ਵਾਸੀ ਬਰਸੌਲਾ ਜ਼ਿਲ੍ਹਾ ਜੀਂਦ (ਹਰਿਆਣਾ) ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 304 ਏ, 279, 337, 338 , 427 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY