ਚੰਡੀਗੜ੍ਹ - ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੂਬੇ ਵਿਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਨਗਰ ਨਿਗਮਾਂ ਅਤੇ 36 ਨਗਰ ਕੌਂਸਲਾਂ ਦੀਆਂ ਚੋਣਾਂ ਇਸ ਸਾਲ ਦਸੰਬਰ ਵਿਚ ਹੋਣਗੀਆਂ।ਸਿੱਧੂ ਨੇ ਇਥੇ ਮੰਗਲਵਾਰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ-ਮਸ਼ਵਰਾ ਕਰਨ ਪਿੱਛੋਂ 4 ਨਗਰ ਨਿਗਮਾਂ ਅਤੇ 36 ਨਗਰ ਕੌਂਸਲਾਂ ਦੀਆਂ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਨ੍ਹਾਂ 40 ਲੋਕਲ ਬਾਡੀਜ਼ ਅਦਾਰਿਆਂ ਦੇ ਕਾਰਜਕਾਲ ਦੀ ਮਿਆਦ ਖਤਮ ਹੋ ਚੁੱਕੀ ਹੈ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿਖੇ ਵਾਰਡਾਂ ਦੀ ਹੱਦਬੰਦੀ ਵੀ ਮੁਕੰਮਲ ਹੋ ਚੁੱਕੀ ਹੈ। ਲੁਧਿਆਣਾ ਵਿਚ ਅਜੇ ਕੁਝ ਸਮਾਂ ਲੱਗੇਗਾ। ਉਨ੍ਹਾਂ ਦਸਿਆ ਕਿ ਇਸ ਵਾਰ ਵਾਰਡਾਂ ਦੀ ਨਵੇਂ ਸਿਰੇ ਤੋਂ ਵਿਊਂਤਬੰਦੀ ਕੀਤੀ ਗਈ ਹੈ। ਇਸ ਮੁਤਾਬਕ ਹਰ ਵਾਰਡ ਵਿਚ 11 ਹਜ਼ਾਰ ਤੋਂ 13 ਹਜ਼ਾਰ ਦਰਮਿਆਨ ਆਬਾਦੀ ਹੋਵੇਗੀ। ਅਸੀਂ ਇਕ ਸਾਲ ਲਈ ਟੈਕਸ ਨਾ ਲਾਉਣ ਦਾ ਫੈਸਲਾ ਕੀਤਾ ਹੈ। ਦ੍ਰਿਸ਼ਟੀ ਯੋਜਨਾ ਮੁਤਾਬਕ ਅੰਮ੍ਰਿਤਸਰ ਵਿਚ 125 ਕਰੋੜ ਅਤੇ ਲੁਧਿਆਣਾ ਵਿਚ 135 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਕਿਸੇ ਵੀ ਸ਼ਹਿਰੀ ਨੂੰ ਆਪਣੇ ਰੋਜ਼ਾਨਾ ਦੇ ਕੰਮ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। 4 ਨਗਰ ਨਿਗਮਾਂ ਅਤੇ 28 ਨਗਰ ਕੌਂਸਲਾਂ ਤੇ ਪੰਚਾਇਤਾਂ ਜਿਨ੍ਹਾਂ ਦੀ 5 ਸਾਲ ਦੀ ਮਿਆਦ ਪੁੱਗ ਚੁੱਕੀ ਹੈ, ਦਾ ਕੰਮ ਚਲਦਾ ਰੱਖਣ ਲਈ ਪ੍ਰਸ਼ਾਸਕ ਵਜੋਂ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਵਿਚ ਵਾਰਡਾਂ ਦੀ ਗਿਣਤੀ 65 ਤੋਂ ਵਧਾ ਕੇ 85 ਕਰ ਦਿੱਤੀ ਗਈ ਹੈ। ਜਲੰਧਰ ਵਿਚ ਇਹ 60 ਤੋਂ ਵਧਾ ਕੇ 80, ਪਟਿਆਲਾ ਵਿਚ 50 ਤੋਂ ਵਧਾ ਕੇ 60 ਅਤੇ ਲੁਧਿਆਣਾ ਵਿਚ 75 ਤੋਂ ਵਧਾ ਕੇ 95 ਕੀਤੀ ਗਈ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ 28 ਨਗਰ ਕੌਂਸਲ ਤੇ ਪੰਚਾਇਤਾਂ ਲਈ ਤਾਇਨਾਤ ਕੀਤੇ ਅਧਿਕਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ। ਇਸ ਸੂਚੀ ਅਨੁਸਾਰ ਬਾਘਾਪੁਰਾਣਾ ਲਈ ਐੱਸ. ਡੀ. ਐੱਮ. ਬਾਘਾਪੁਰਾਣਾ, ਮਲੌਦ ਲਈ ਐੱਸ. ਡੀ. ਐੱਮ. ਪਾਇਲ, ਹੰਢਿਆਇਆ ਲਈ ਐੱਸ. ਡੀ. ਐੱਮ. ਬਰਨਾਲਾ, ਭੀਖੀ ਲਈ ਐੱਸ. ਡੀ. ਐੱਮ. ਮਾਨਸਾ, ਸ਼ਾਹਕੋਟ ਲਈ ਐੱਸ. ਡੀ. ਐੱਮ. ਸ਼ਾਹਕੋਟ, ਸਾਹਨੇਵਾਲ ਲਈ ਐੱਸ. ਡੀ. ਐੱਮ. ਲੁਧਿਆਣਾ ਪੂਰਬੀ, ਮੁੱਲਾਂਪੁਰ ਦਾਖਾ ਲਈ ਐੱਸ. ਡੀ. ਐੱਮ. ਲੁਧਿਆਣਾ ਪੱਛਮੀ, ਗੁਰਾਇਆ ਲਈ ਐੱਸ. ਡੀ. ਐੱਮ. ਫਿਲੌਰ, ਰਾਜਾਸਾਂਸੀ ਲਈ ਐੱਸ. ਡੀ. ਐੱਮ. ਅਜਨਾਲਾ, ਬਲਾਚੌਰ ਲਈ ਐੱਸ. ਡੀ. ਐੱਮ. ਬਲਾਚੌਰ, ਭੋਗਪੁਰ ਲਈ ਐੱਸ. ਡੀ. ਐੱਮ. ਜਲੰਧਰ-2, ਚੀਮਾ ਲਈ ਐੱਸ. ਡੀ. ਐੱਮ. ਸੁਨਾਮ, ਦਿੜ੍ਹਬਾ ਲਈ ਐੱਸ. ਡੀ. ਐੱਮ. ਸੁਨਾਮ, ਖਨੌਰੀ ਲਈ ਐੱਸ. ਡੀ. ਐੱਮ. ਮੂਨਕ, ਬਰੀਵਾਲਾ ਲਈ ਐੱਸ. ਡੀ. ਐੱਮ. ਸ੍ਰੀ ਮੁਕਤਸਰ ਸਾਹਿਬ, ਮੂਨਕ ਲਈ ਐੱਸ. ਡੀ. ਐੱਮ. ਮੂਨਕ, ਮੱਖੂ ਲਈ ਐੱਸ. ਡੀ. ਐੱਮ. ਜ਼ੀਰਾ, ਮੱਲਾਂਵਾਲਾ ਖਾਸ ਲਈ ਐੱਸ. ਡੀ. ਐੱਮ. ਜ਼ੀਰਾ, ਅਮਲੋਹ ਲਈ ਐੱਸ. ਡੀ. ਐੱਮ. ਅਮਲੋਹ, ਘੱਗਾ ਲਈ ਐੱਸ. ਡੀ. ਐੱਮ. ਪਾਤੜਾਂ, ਧਰਮਕੋਟ ਲਈ ਐੱਸ. ਡੀ. ਐੱਮ. ਧਰਮਕੋਟ, ਮਾਹਿਲਪੁਰ ਲਈ ਐੱਸ. ਡੀ. ਐੱਮ. ਗੜ੍ਹਸ਼ੰਕਰ, ਮਾਛੀਵਾੜਾ ਲਈ ਐੱਸ. ਡੀ. ਐੱਮ. ਸਮਰਾਲਾ, ਖੇਮਕਰਨ ਲਈ ਐੱਸ. ਡੀ. ਐੱਮ. ਤਰਨਤਾਰਨ, ਤਲਵੰਡੀ ਸਾਬੋ ਲਈ ਐੱਸ. ਡੀ. ਐੱਮ. ਤਲਵੰਡੀ ਸਾਬੋ, ਬੇਗੋਵਾਲ ਲਈ ਐੱਸ. ਡੀ. ਐੱਮ. ਭੁਲੱਥ, ਢਿੱਲਵਾਂ ਲਈ ਐੱਸ. ਡੀ. ਐੱਮ. ਕਪੂਰਥਲਾ ਤੇ ਭੁਲੱਥ ਲਈ ਐੱਸ. ਡੀ. ਐੱਮ. ਭੁਲੱਥ ਨੂੰ ਤਾਇਨਾਤ ਕੀਤਾ ਗਿਆ ਹੈ।