ਲੁਧਿਆਣਾ (ਵਿੱਕੀ) : ਸਰਕਾਰੀ ਸੀਨੀ. ਸੈਕੰ. ਸਕੂਲ ਬੱਦੋਵਾਲ ਦੇ ਲੇਡੀਜ਼ ਸਟਾਫ ਰੂਮ ਦੀ ਛੱਤ ਡਿੱਗਣ ਦਾ ਭਿਆਨਕ ਹਾਦਸਾ ਹੋਰ ਭਿਆਨਕ ਹੋ ਸਕਦਾ ਸੀ ਕਿਉਂਕਿ ਜਿਸ ਸਟਾਫ਼ ਰੂਮ ਦੀ ਛੱਤ ਡਿੱਗੀ, ਉਸ ਦੇ ਨਾਲ ਵਾਲੇ ਕਮਰੇ ’ਚ 9ਵੀਂ ਕਲਾਸ ਦੇ 40 ਵਿਦਿਆਰਥੀ 7ਵਾਂ ਪੀਰੀਅਡ ਲੈ ਰਹੇ ਸਨ। ਕਰੀਬ 12.50 ਵਜੇ ਜਿਉਂ ਹੀ ਸਟਾਫ ਰੂਮ ’ਚ ਜ਼ੋਰਦਾਰ ਧਮਾਕਾ ਹੋਇਆ ਮਹਿਲਾ ਅਧਿਆਪਕਾਵਾਂ ਦੀਆਂ ਚੀਕਾਂ ਸੁਣ ਕੇ ਬੱਚੇ ਅਤੇ ਅਧਿਆਪਕ ਬਾਹਰ ਨਿੱਕਲ ਕੇ ਸਟਾਫ ਰੂਮ ਵੱਲ ਭੱਜੇ, ਜਿੱਥੇ 4 ਮਹਿਲਾ ਅਧਿਆਪਕਾ ਦੱਬੀਆਂ ਗਈਆਂ। ਇਸ ਦੌਰਾਨ ਸਕੂਲ ਦੇ ਬਾਕੀ ਅਧਿਆਪਕਾਂ ਨੇ ਸਾਵਧਾਨੀ ਵਰਤਦਿਆਂ ਇਮਾਰਤ ਦੇ ਕਲਾਸ ਰੂਮਾਂ ’ਚ ਮੌਜੂਦ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਬਾਹਰ ਭੇਜਿਆ ਤਾਂ ਜੋ ਬੱਚੇ ਸੁਰੱਖਿਅਤ ਰਹਿ ਸਕਣ। ਇਸ ਦੌਰਾਨ ਕਲਾਸਾਂ ’ਚ ਮੌਜੂਦ ਵਿਦਿਆਰਥੀ ਆਪਣੇ ਬੈਗ ਅਤੇ ਕਿਤਾਬਾਂ ਉੱਥੇ ਹੀ ਛੱਡ ਕੇ ਕਲਾਸਾਂ ’ਚੋਂ ਬਾਹਰ ਨਿਕਲ ਗਏ। ਦੂਜੇ ਪਾਸੇ ਸਕੂਲ ਸਟਾਫ਼ ਨੇ ਮਲਬੇ ’ਚ ਦੱਬੇ ਅਧਿਆਪਕਾਂ ਦੀ ਜਾਨ ਬਚਾਉਣ ਲਈ ਯਤਨ ਸ਼ੁਰੂ ਕੀਤੇ ਤਾਂ ਕਿਸੇ ਨੇ ਸਕੂਲ ਨੇੜੇ ਸਥਿਤ ਆਈ. ਟੀ. ਬੀ. ਪੀ. ਦਫ਼ਤਰ ਨਾਲ ਸੰਪਰਕ ਕਰ ਕੇ ਹਾਦਸੇ ਦੀ ਸੂਚਨਾ ਦਿੱਤੀ ਤਾਂ ਆਈ. ਟੀ. ਬੀ. ਪੀ. ਦੇ ਜਵਾਨ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਭ ਤੋਂ ਪਹਿਲਾਂ 2 ਮਹਿਲਾ ਅਧਿਆਪਕਾ ਇੰਦੂ ਅਤੇ ਸੁਖਜੀਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਨੇੜੇ ਸਥਿਤ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਪਰ ਰਵਿੰਦਰ ਅਤੇ ਨਰਿੰਦਰ ਕੌਰ ਨੂੰ ਬਾਹਰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ, ਜਿਸ ਵਿਚ ਕਰੀਬ ਡੇਢ ਘੰਟੇ ਦਾ ਸਮਾਂ ਲੱਗ ਗਿਆ।
ਇਸ ਤੋਂ ਬਾਅਦ ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ’ਚੋਂ ਇਕ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਿੱਗੇ ਲੈਂਟਰ ਦੀ ਸਲੈਬ ਇੰਨੀ ਭਾਰੀ ਸੀ ਕਿ ਇਸ ਨੂੰ ਕਈ ਥਾਵਾਂ ਤੋਂ ਕੱਟਣਾ ਪਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਸਮੇਤ ਡੀ. ਸੀ. ਸੁਰਭੀ ਮਲਿਕ, ਡੀ. ਈ. ਓ. ਡਿੰਪਲ ਮਦਾਨ, ਡਿਪਟੀ ਡੀ. ਈ. ਓ. ਜਸਵਿੰਦਰ ਕੌਰ, ਅਜੀਤਪਾਲ ਸਿੰਘ ਸਮੇਤ ਕਈ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ 12.40 ਵਜੇ ਉਕਤ ਅਧਿਆਪਕਾਵਾਂ ਆਪਣਾ 6ਵਾਂ ਪੀਰੀਅਡ ਲਗਾਉਣ ਤੋਂ ਬਾਅਦ ਸਟਾਫ ਰੂਮ ’ਚ ਬੈਠੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਪੈਂਡਿੰਗ ਹੋਇਆ ਗਡਕਰੀ ਦਾ ਦੌਰਾ : ਐਲੀਵੇਟਿਡ ਰੋਡ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਕਰਨਾ ਹੋਵੇਗਾ ਇੰਤਜ਼ਾਰ
ਤਿੰਨ ਅਧਿਆਪਕਾਵਾਂ ਨੇ ਜੂਨ ’ਚ ਹੀ ਕਰਵਾਈ ਸੀ ਬਦਲੀ
ਜੂਨ ਮਹੀਨੇ ’ਚ ਹੀ ਸਰਕਾਰੀ ਸਕੂਲ ਬੱਦੋਵਾਲ ’ਚ ਆਪਣੀ ਬਦਲੀ ਕਰਵਾ ਕੇ ਆਈਆਂ ਅਧਿਆਪਕਾ ਰਵਿੰਦਰ ਕੌਰ, ਨਰਿੰਦਜੀਤ ਕੌਰ, ਇੰਦੂ ਮਦਾਨ ਨੂੰ ਕੀ ਪਤਾ ਸੀ ਕਿ ਸਕੂਲ ’ਚ ਇਨਾਂ ਵੱਡਾ ਹਾਦਸਾ ਹੋ ਜਾਵੇਗਾ, ਜਿਸ ਨੂੰ ਉਨ੍ਹਾਂ ਦਾ ਪਰਿਵਾਰ ਅਤੇ ਸਿੱਖਿਆ ਵਿਭਾਗ ਕਦੇ ਭੁਲਾ ਨਹੀਂ ਸਕੇਗਾ। ਇਨ੍ਹਾਂ ’ਚ ਐੱਸ. ਐੱਸ. ਟੀ. ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ੇਰੇ ਇਲਾਜ ਹਨ।
ਸਾਬਕਾ ਡਿਪਟੀ ਡੀ. ਈ. ਓ. ਪ੍ਰਿੰ. ਡਾ..ਚਰਨਜੀਤ ਸਮੇਤ 4 ਪ੍ਰਿੰਸੀਪਲ ਕਰਨਗੇ ਜਾਂਚ
ਡੀ. ਈ. ਓ. ਡਿੰਪਲ ਮਦਾਨ ਨੇ ਹਾਦਸੇ ਦੀ ਜਾਂਚ ਲਈ ਸਾਬਕਾ ਡੀ. ਈ. ਓ. ਅਤੇ ਸਰਕਾਰੀ ਸਕੂਲ ਬੀਜਾ ਦੇ ਪ੍ਰਿੰ. ਡਾ. ਚਰਨਜੀਤ ਸਿੰਘ, ਸਰਕਾਰੀ ਸਕੂਲ ਬੱਸੀਆਂ ਦੇ ਪ੍ਰਿੰ. ਗੁਰਦੀਪ ਸਿੰਘ, ਸਰਕਾਰੀ ਸਕੂਲ ਹਸਨਪੁਰ ਦੀ ਪ੍ਰਿੰ. ਮਨਦੀਪ ਕੌਰ, ਪ੍ਰਿੰ. ਕਰਮਜੀਤ ਕੌਰ ’ਤੇ ਆਧਾਰਿਤ 4 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਆਪਣੀ ਰਿਪੋਰਟ 24 ਜੁਲਾਈ ਨੂੰ ਵਿਭਾਗ ਨੂੰ ਦੇਣਗੇ।
ਸਕੂਲ ਨੂੰ ਲਗਭਗ 3 ਸਾਲਾਂ ’ਚ ਮਿਲ ਚੁੱਕੀ ਹੈ ਸਵਾ ਕਰੋੜ ਦੀ ਗ੍ਰਾਂਟ
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਬੱਦੋਵਾਲ ਦੇ ਇਸ ਸਰਕਾਰੀ ਸਕੂਲ ਨੂੰ ਪਿਛਲੇ 3 ਸਾਲਾਂ ’ਚ ਸਕੂਲ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਸਵਾ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ’ਚੋਂ ਲਗਭਗ 1 ਕਰੋੜ ਰੁਪਏ ਸਿਵਲ ਵਰਕ ਲਈ ਸਮੇਂ-ਸਮੇਂ ’ਤੇ ਜਾਰੀ ਹੋਏ ਹਨ, ਜਿਨ੍ਹਾਂ ’ਚ ਸਕੂਲ ਦੀਆਂ ਕਲਾਸਾਂ ਅਤੇ ਵਾਸ਼ਰੂਮ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਗੁਰੂ ਨਗਰੀ ’ਚ ਵਪਾਰਕ ਅਦਾਰਿਆਂ ਲਈ ਬਿਜਲੀ ਕੁਨੈਕਸ਼ਨ ਲੈਣਾ ਬਣਿਆ ਮੁਸੀਬਤ
ਚਿਹਰਿਆਂ ’ਤੇ ਹਾਦਸੇ ਦਾ ਖੌਫ ਪਰ ਫਿਰ ਵੀ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਸੂਚਨਾ ਲੈਂਦਾ ਰਿਹਾ ਸਟਾਫ
ਸਕੂਲ ’ਚ ਵਾਪਰੀ ਇਸ ਘਟਨਾ ਤੋਂ ਬਾਅਦ ਸਕੂਲ ਦਾ ਸਮੁੱਚਾ ਸਟਾਫ਼ ਇੰਨਾ ਤਣਾਅ ’ਚ ਸੀ ਕਿ ਉਨ੍ਹਾਂ ਦੇ ਚਿਹਰਿਆਂ ’ਤੇ ਆਈ ਨਿਰਾਸ਼ਾ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਫਿਰ ਵੀ ਅਧਿਆਪਕ ਵਜੋਂ ਆਪਣੀ ਡਿਊਟੀ ਨਿਭਾਉਂਦੇ ਹੋਏ ਸਟਾਫ਼ ਨੂੰ ਆਪਣੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਚਿੰਤਾ ਸਤਾਉਂਦੀ ਰਹੀ। ਜਿੱਥੇ ਬਚਾਅ ਟੀਮਾਂ ਮਹਿਲਾ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੀਆਂ ਸਨ, ਉੱਥੇ ਹੀ ਸਕੂਲ ਦੇ ਹੋਰ ਅਧਿਆਪਕਾਂ ਨੇ ਵੀ ਬੱਚਿਆਂ ਦੇ ਮਾਪਿਆਂ ਨੂੰ ਫੋਨ ਕਰ ਕੇ ਉਨ੍ਹਾਂ ਦੇ ਸਹੀ-ਸਲਾਮਤ ਘਰ ਪਹੁੰਚਣ ਬਾਰੇ ਪੁੱਛਿਆ ਅਤੇ ਮਲਬੇ ਹੇਠ ਦੱਬੀਆਂ ਆਪਣੇ ਸਾਥੀ ਅਧਿਆਪਕਾਂ ਦੇ ਸੁਰੱਖਿਅਤ ਬਾਹਰ ਨਿਕਲਣ ਦੀ ਅਰਦਾਸ ਕੀਤੀ।
ਦੱਸ ਦੇਈਏ ਕਿ ਸਕੂਲ ’ਚ ਐੱਲ. ਕੇ. ਜੀ. ਤੋਂ ਲੈ ਕੇ 12ਵੀਂ ਤੱਕ ਦੇ ਕਰੀਬ 630 ਵਿਦਿਆਰਥੀ ਪੜ੍ਹਦੇ ਹਨ ਪਰ ਜਿਸ ਇਮਾਰਤ ’ਚ ਇਹ ਘਟਨਾ ਵਾਪਰੀ ਉਸ ’ਚ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਇਕ ਸ਼ੀਤਲ ਅੰਗੁਰਾਲ ਜਲੰਧਰ ਦੀ ਅਦਾਲਤ 'ਚ ਹੋਏ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ
NEXT STORY