ਚੰਡੀਗੜ੍ਹ : ਚੰਡੀਗੜ੍ਹ ਸ਼ਹਿਰ ਆਪਣੀ ਖੂਬਸੂਰਤੀ ਅਤੇ ਸਾਫ-ਸਫਾਈ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇੱਥੋਂ ਦਾ ਖੁੱਲ੍ਹਾ ਵਾਤਾਵਰਣ ਅਤੇ ਕੁਦਰਤੀ ਬਹਾਰਾਂ ਹਰ ਕਿਸੇ ਦੇ ਮਨ ਨੂੰ ਕੀਲ ਲੈਂਦੀਆਂ ਹਨ। ਇਸ ਸ਼ਹਿਰ 'ਚ ਕੁਝ ਅਜਿਹੀਆਂ ਖੂਬਸੂਰਤ ਥਾਵਾਂ ਹਨ, ਜਿਨ੍ਹਾਂ ਦੇ ਨਜ਼ਾਰੇ ਦੇਖ ਕੇ ਜਿੰਨਾ ਅੱਖਾਂ ਨੂੰ ਚੈਨ ਮਿਲਦਾ ਹੈ, ਉਂਨਾ ਹੀ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ।
1. ਸੁਖਨਾ ਝੀਲ
ਸ਼ਿਵਾਲਿਕ ਪਹਾੜੀਆਂ ਦੇ ਹੇਠਲੇ ਹਿੱਸੇ 'ਚ ਸਥਿਤ ਝੀਲਾਂ 'ਚੋਂ ਸਭ ਤੋਂ ਖੂਬਸੂਰਤ ਸੁਖਨਾ ਝੀਲ ਹੈ। ਇਹ ਝੀਲ 3 ਕਿਲੋਮੀਟਰ ਲੰਬੀ ਹੈ। ਝੀਲ ਦੇ ਸ਼ਾਂਤ ਮਾਹੌਲ 'ਚ ਪੰਛੀਆਂ ਦਾ ਚਹਿਕਣਾ ਹਰ ਕਿਸੇ ਨੂੰ ਪਿਆਰਾ ਲੱਗਦਾ ਹੈ। ਝੀਲ ਦੇ ਪਾਣੀ 'ਚ ਲੋਕਾਂ ਵਲੋਂ ਬੋਟਿੰਗ, ਵਾਟਰ ਸਕੀਇੰਗ ਕੀਤੀ ਜਾਂਦੀ ਹੈ। ਝੀਲ 'ਤੇ ਸਵੇਰੇ ਅਤੇ ਸ਼ਾਮ ਦੇ ਸਮੇਂ ਲੋਕਾਂ ਦੀ ਵੱਡੀ ਭੀੜ ਲੱਗੀ ਰਹਿੰਦੀ ਹੈ। ਦਿਨ ਭਰ ਦੇ ਕੰਮਾਂ-ਕਾਰਾਂ ਨੂੰ ਥੱਕ ਕੇ ਲੋਕ ਇਸ ਝੀਲ 'ਤੇ ਆ ਕੇ ਖੁਸ਼ੀ ਮਹਿਸੂਸ ਕਰਦੇ ਹਨ।
2. ਰਾਕ ਗਾਰਡਨ
ਚੰਡੀਗੜ੍ਹ 'ਚ ਨੇਕ ਚੰਦ ਵਲੋਂ ਬਣਾਇਆ ਰਾਕ ਗਾਰਡਨ ਪੁਰਾਣੀਆਂ ਮੂਰਤੀਆਂ ਅਤੇ ਕਲਾ ਕ੍ਰਿਤੀਆਂ ਤੋਂ ਬਣਿਆ ਹੋਇਆ ਹੈ। ਇੱਥੇ ਸਾਰੀਆਂ ਚੀਜ਼ਾਂ ਉਦਯੋਗਿਕ ਅਤੇ ਘਰੇਲੂ ਕਚਰੇ ਤੋਂ ਬਣਾਈਆਂ ਗਈਆਂ ਹਨ। ਨੇਕਚੰਦ ਨੇ ਇਸ ਨੂੰ 1957 'ਚ ਬਣਾਇਆ ਸੀ, ਹੁਣ ਸਰਕਾਰ ਨੇ ਇਸ ਨੂੰ ਆਪਣੇ ਹੱਥਾਂ 'ਚ ਲੈ ਲਿਆ ਹੈ। ਇੱਥੇ ਆਪਸ 'ਚ ਇਕ-ਦੂਜੇ ਨਾਲ ਜੁੜੇ ਗਲਿਆਰੇ ਅਤੇ ਕਲਾ ਕ੍ਰਿਤੀਆਂ ਸੈਲਾਨੀਆਂ ਦੀਆਂ ਨਜ਼ਰਾਂ ਬੰਨ੍ਹ ਲੈਂਦੀਆਂ ਹਨ।
3. ਰੋਜ਼ ਗਾਰਡਨ
ਸ਼ਹਿਰ 'ਚ ਜ਼ਾਕਿਰ ਹੁਸੈਨ ਰੋਜ਼ ਗਾਰਡਨ ਗੁਲਾਬ ਨੂੰ ਪਸੰਦ ਕਰਨ ਵਾਲਿਆਂ ਲਈ ਇਕ ਖੂਬਸੂਰਤ ਜਗ੍ਹਾ ਹੈ। ਇਸ ਗਾਰਡਨ 'ਚ 1600 ਤੋਂ ਜ਼ਿਆਦਾਂ ਕਿਸਮਾਂ ਦੇ ਗੁਲਾਬ ਹਨ, ਜਿਨ੍ਹਾਂ ਦੀ ਖੁਸ਼ਬੂ ਅਤੇ ਖੂਬਸੂਰਤੀ ਕਿਸੇ ਵੀ ਸੈਲਾਨੀ ਦੇ ਦਿਲੋ-ਦਿਮਾਗ 'ਤੇ ਛਾ ਜਾਂਦੀ ਹੈ। ਇੱਥੇ ਹਰ ਸਾਲ ਰੋਜ਼ ਫੈਸਟੀਵਲ ਮਨਾਇਆ ਜਾਂਦਾ ਹੈ, ਜਿਸ 'ਚ ਫੁੱਲਾਂ ਦੀ ਖੂਬ ਸਜ਼ਾਵਟ ਕੀਤੀ ਜਾਂਦੀ ਹੈ।
4. ਛੱਤਬੀੜ ਚਿੜੀਆਘਰ
200 ਏਕੜ 'ਚ ਫੈਲੇ 'ਛੱਤਬੀੜ' ਚਿੜੀਆਘਰ ਦੀ ਗਿਣਤੀ ਉੱਤਰੀ ਭਾਰ ਦੇ ਸਭ ਤੋਂ ਵੱਡੇ ਚਿੜੀਆਘਰਾਂ 'ਚ ਹੁੰਦੀ ਹੈ। ਕੁਦਰਤੀ ਜੰਗਲਾਂ ਦੇ ਮਾਹੌਲ 'ਚ ਸਥਿਤ ਇਸ ਚਿੜੀਆਘਰ 'ਚ ਪੰਛੀਆਂ ਅਤੇ ਜਾਨਵਰਾਂ ਦੀਆਂ 85 ਤੋਂ ਜ਼ਿਆਦਾ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
5. ਗਾਰਡਨ ਆਫ ਫਰੈਗਰੈਂਸ
ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਲਈ 'ਗਾਰਡਨ ਆਫ ਫਰੈਗਰੈਂਸ' ਇਕ ਖੂਬਸੂਰਤ ਥਾਂ ਹੈ। ਇਹ ਚੰਡੀਗੜ੍ਹ ਦੇ ਤਿੰਨ ਮੁੱਖ ਗਾਰਡਨਾਂ 'ਚੋਂ ਇੱਕ ਹੈ। ਇੱਥੇ ਸਵੇਰੇ-ਸ਼ਾਮ ਸਥਾਨਕ ਲੋਕ ਵੱਡੀ ਗਿਣਤੀ 'ਚ ਪਿਕਨਿਕ ਮਨਾਉਣ ਲਈ ਆਉਂਦੇ ਹਨ। ਗਾਰਡਨ 'ਚ ਕਈ ਕਿਸਮਾਂ ਦੇ ਪੌਦੇ ਅਤੇ ਦਰੱਖਤਾਂ ਦੀ ਖੁਸ਼ਬੂ ਨਾਲ ਹਰ ਕੋਈ ਕੀਲਿਆ ਜਾਂਦਾ ਹੈ।
ਆਈ. ਸੀ. ਪੀ. 'ਤੇ 3 ਦਿਨ ਬੰਦ ਰਹੇਗਾ ਭਾਰਤ-ਪਾਕਿ ਕਾਰੋਬਾਰ
NEXT STORY