ਸਮਾਣਾ (ਦਰਦ) - ਬਲਾਕ ਸਮਾਣਾ ਦੇ ਪਿੰਡ ਮਰਦਾਂਹੇੜੀ ਵਿਖੇ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਹੋਣ ਕਾਰਨ ਫੈਲੀ ਹੈਜ਼ੇ ਦੀ ਬੀਮਾਰੀ ਕਾਰਨ 5 ਦਰਜਨ ਤੋਂ ਵੱਧ ਲੋਕ ਬੀਮਾਰ ਹੋ ਗਏ ਹਨ। ਇਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।ਸੂਚਨਾ ਮਿਲਣ ਤੇ ਐੱਸ. ਐੱਮ. ਓ. ਸ਼ੁਤਰਾਣਾ ਸੁਖਬੀਰ ਸਿੰਘ ਚੌਹਾਨ ਨੇ ਡਾਕਟਰਾਂ ਦੀ ਟੀਮ ਨਾਲ ਪਿੰਡ ਪਹੁੰਚ ਕੇ ਮਰੀਜ਼ਾਂ ਦੀ ਜਾਂਚ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਟੈਂਕਰਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।ਪਿੰਡ ਦੇ ਹਾਕਮ ਸਿੰਘ, ਬਲਵੀਰ ਸਿੰਘ, ਕਰਨੈਲ ਕੌਰ, ਕਮਲੇਸ਼ ਰਾਣੀ ਅਤੇ ਅਮਰਜੀਤ ਕੌਰ ਆਦਿ ਨੇ ਦੱਸਿਆ ਕਿ ਪੀਣ ਵਾਲਾ ਪਾਣੀ ਸਾਫ਼ ਨਾ ਹੋਣ ਕਾਰਨ ਪਿੰਡ ਵਿਚ ਹੈਜ਼ਾ ਧਾਨਕਾਂ ਵਿਹੜੇ ਅਤੇ ਕਾਲੋਨੀਆਂ ਵਿਚ ਫੈਲਿਆ ਹੈ। ਸਿਹਤ ਵਿਭਾਗ ਨੇ ਮਰੀਜ਼ਾਂ ਲਈ ਵਿਸ਼ੇਸ਼ ਕੈਂਪ ਲਾ ਦਿੱਤਾ ਹੈ। ਕੈਂਪ ਵਿਚ ਲੋੜੀਂਦੀਆਂ ਸਿਹਤ ਸੇਵਾਵਾਂ ਦੀ ਘਾਟ ਹੋਣ ਕਾਰਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਜਾਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਸਮਾਣਾ ਦੇ ਨਿੱਜੀ ਹਸਪਤਾਲਾਂ ਅਤੇ ਪਟਿਆਲਾ ਦੇ ਹਸਪਤਾਲਾਂ ਵਿਚ ਦਾਖ਼ਲ ਹਨ। ਪਿੰਡ ਵਿਚ ਉਲਟੀਆਂ-ਦਸਤਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।
ਦੂਸ਼ਿਤ ਪਾਣੀ ਕਾਰਨ ਫੈਲੀ ਬੀਮਾਰੀ
ਸ਼ੁਤਰਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਬੀਰ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਵਿਚ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਕਾਰਨ ਹੀ ਹੈਜ਼ਾ ਫੈਲਿਆ ਹੈ। ਪਿੰਡ ਵਿਚ ਕੈਂਪ ਲਾ ਦਿੱਤਾ ਗਿਆ ਹੈ। ਪੀਣ ਵਾਲੇ ਪਾਣੀ ਦੇ ਨਮੂਨੇ ਭਰੇ ਜਾ ਰਹੇ ਹਨ। ਉਨ੍ਹਾਂ 65 ਮਰੀਜ਼ ਹੋਣ ਦੀ ਪੁਸ਼ਟੀ ਕੀਤੀ ਹੈ।
ਵਾਟਰ ਸਪਲਾਈ ਵਿਭਾਗ ਦੇ ਜੇ. ਈ. ਕੁਲਜੀਤ ਸਿੰਘ ਨੇ ਦੱਸਿਆ ਕਿ ਪਾਣੀ ਵਾਲੀ ਟੈਂਕੀ ਦੇ ਬੋਰ ਦਾ ਪਾਣੀ ਬਿਲਕੁੱਲ ਠੀਕ ਹੈ। ਪਿੰਡ ਦੇ ਲੋਕ ਨਾਜਾਇਜ਼ ਕੁਨੈਕਸ਼ਨ ਕਰ ਕੇ ਪਾਈਪ ਗੰਦੇ ਪਾਣੀ ਵਾਲੀ ਨਾਲੀ ਜਾਂ ਟੋਏ ਵਿਚ ਸੁੱਟ ਦਿੰਦੇ ਹਨ। ਪਾਣੀ ਟੁੱਲੂ ਪੰਪ ਨਾਲ ਖਿੱਚਣ ਕਰ ਕੇ ਨਾਲੀਆਂ ਦਾ ਗੰਦਾ ਪਾਣੀ ਘਰਾਂ ਵਾਲੀਆਂ ਟੈਂਕੀਆਂ ਵਿਚ ਚਲਾ ਜਿਸ ਨੂੰ ਪੀਣ ਕਾਰਨ ਪਿੰਡ 'ਚ ਹੈਜ਼ੇ ਦੀ ਬੀਮਾਰੀ ਫੈਲੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਕੁਨੈਕਸ਼ਨ ਕੱਟੇ ਜਾ ਰਹੇ ਹਨ।
800 ਤੋਂ ਵੱਧ ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ
NEXT STORY