ਪਟਿਆਲਾ (ਬਲਜਿੰਦਰ) : ਪੁਲਸ ਦੀ ਵਰਦੀ ਪਾ ਕੇ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 5 ਮੈਂਬਰਾਂ ਨੂੰ ਪਟਿਆਲਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਗ੍ਰਿਫ਼ਤਾਰ ਮੈਂਬਰਾਂ ’ਚ ਵਿਜੇ ਕੁਮਾਰ ਪੁੱਤਰ ਸਿੱਤੂ, ਸੰਜੀਵ ਪੁੱਤਰ ਸੁਨੀਲ ਵਾਸੀ ਵਾਰਡ ਨੰਬਰ-15 ਨੇੜੇ ਵਾਲਮੀਕਿ ਮੁਹੱਲਾ ਮੋਰਪਤੀ ਨਰਵਾਣਾ (ਹਰਿਆਣਾ), ਸੰਨੀ ਉਰਫ਼ ਸੰਨੀ ਸ਼ਰਮਾ ਪੁੱਤਰ ਧਰਮਦੱਤ ਵਾਰਡ ਨੰਬਰ-5 ਪੁਰਾਣੀ ਕੋਟਰ ਰੋਡ ਨਰਵਾਣਾ (ਹਰਿਆਣਾ), ਸਤਿੰਦਰ ਪੁੱਤਰ ਬਲਵੀਰ ਸਿੰਘ ਵਾਰਡ ਨੰਬਰ-13 ਲਾਤੀਨੀ ਰੋਡ ਊਚਾਨਾ ਕਲਾਂ ਨਰਵਾਣਾ (ਹਰਿਆਣਾ) ਅਤੇ ਸੰਨੀ ਉਰਫ਼ ਸਨੀ ਕਨੜੀ ਪੁੱਤਰ ਰਾਮਦਿਆ ਵਾਸੀ ਨੇੜੇ ਵਾਲਮੀਕਿ ਮੰਦਿਰ ਪਿੰਡ ਕਨਹੇੜੀ ਸਿਟੀ ਟੋਹਾਣਾ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਸ਼ਾਮਲ ਹਨ। ਇਨ੍ਹਾਂ ਤੋਂ 3 ਲੱਖ ਰੁਪਏ ਨਕਦੀ, ਵਾਰਦਾਤ ਦੌਰਾਨ ਵਰਤੀ ਫੋਰਡ ਈਕੋ ਸਪੋਰਟ ਗੱਡੀ, ਮਾਰੂਤੀ ਆਰਟਿਗਾ ਗੱਡੀ, ਇਕ .22 ਰਿਵਾਲਵਰ, ਇਕ ਡਬਲ ਬੈਰਲ ਗੰਨ ਸਮੇਤ 4 ਜ਼ਿੰਦਾ ਕਾਰਤੂਸ 12 ਬੋਰ, 4 ਪੁਲਸ ਦੀਆਂ ਵਰਦੀਆਂ, 02 ਹਰਿਆਣਾ ਪੁਲਸ ਦੇ ਲੋਗੋ ਵਾਲੇ ਮਾਸਕ ਬਰਾਮਦ ਕੀਤੇ ਗਏ। ਐੱਸ. ਐੱਸ. ਪੀ. ਸੰਦੀਪ ਗਰਗ ਨੇ ਦੱਸਿਆ ਕਿ ਪਿਛਲੇ ਮਹੀਨੇ 9 ਮਈ ਨੂੰ ਪਾਤੜਾਂ ਵਿਖੇ ਇਕ ਵਪਾਰੀ ਤੋਂ 3 ਲੱਖ ਰੁਪਏ ਦੀ ਲੁੱਟ-ਖੋਹ ਵੀ ਟਰੇਸ ਹੋ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਦੀਪ ਸਿੱਧੂ' ਦੀ ਅਚਾਨਕ ਵਿਗੜੀ ਸਿਹਤ, ਅਣਪਛਾਤੇ ਨੇ ਦਿੱਤਾ ਸ਼ੱਕੀ ਪਦਾਰਥ
ਇਸ ਸਬੰਧੀ ਕੇਸ ਦਰਜ ਕਰ ਕੇ ਜਦੋਂ ਇਸ ਦੀ ਤਫਤੀਸ਼ ਐੱਸ. ਪੀ. ਇਨਵੈਸਟੀਗੇਸ਼ਨ ਹਰਕਮਲ ਕੌਰ ਬਰਾੜ, ਐੱਸ. ਪੀ. ਸਕਿਓਰਿਟੀ ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਪਾਤੜਾਂ ਭਰਪੂਰ ਸਿੰਘ ਦੀ ਅਗਵਾਈ ਹੇਠ ਇੰਚਾਰਜ ਸੀ. ਟੀ. ਵਿੰਗ ਪਟਿਆਲਾ ਇੰਸ. ਸ਼ਮਿੰਦਰ ਸਿੰਘ ਅਤੇ ਥਾਣਾ ਪਾਤੜਾਂ ਦੇ ਐੱਸ. ਐੱਚ. ਓ. ਇੰਸ. ਰਣਬੀਰ ਸਿੰਘ ਨੇ ਸ਼ੁਰੂ ਕੀਤੀ ਤਾਂ ਇਸ ਟੀਮ ਨੇ ਉਕਤ ਵਿਅਕਤੀਆਂ ਨੂੰ ਯੂ. ਪੀ. ਅਤੇ ਹਰਿਆਣਾ ਦੀਆਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗਿਰੋਹ ਨੇ ਹੁਣ ਤੱਕ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਯੂ. ਪੀ. ਵਿਖੇ ਕਾਫੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਗਿਰੋਹ ਦੇ ਮੈਂਬਰ ਪੁਲਸ ਦੀ ਵਰਦੀ ਪਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਗਿਰੋਹ ਦੇ ਮਾਸਟਰ ਮਾਈਂਡ ਵਿਜੇ ਕੁਮਾਰ ਪੁੱਤਰ ਸਿੱਤੂ ਤੇ ਕਤਲ, ਕਿਡਨੈਪਿੰਗ, ਚੋਰੀ, ਡਕੈਤੀ, ਲੁੱਟ-ਖੋਹ, ਜਾਅਲਸਾਜ਼ੀ ਦੇ 53 ਮੁਕੱਦਮੇ ਦਰਜ ਹਨ। ਬਾਕੀ ਮੈਂਬਰਾਂ ’ਤੇ ਵੀ ਲੁੱਟ-ਖੋਹ ਦੇ ਕਈ ਮੁਕੱਦਮੇ ਵੱਖ-ਵੱਖ ਥਾਵਾਂ ’ਤੇ ਦਰਜ ਹਨ। ਇਸ ਤੋਂ ਇਲਾਵਾ ਇਸ ਗਿਰੋਹ ਦੇ ਮੈਂਬਰਾਂ ਨੇ 30 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਵਿਖੇ ਕੀਤੀਆਂ ਹਨ, ਜਿਨ੍ਹਾਂ ’ਚ ਵੀ ਇਹ ਲੋੜੀਂਦੇ ਹਨ। ਗਿਰੋਹ ਦੇ ਮੈਂਬਰ ਵੱਖ-ਵੱਖ ਸਮੇਂ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ ’ਚ ਵੀ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ’ਚ ਕੁੱਲ 9 ਮੈਂਬਰ ਸ਼ਾਮਲ ਹਨ, ਜਿਨ੍ਹਾਂ ’ਚੋਂ 4 ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ, ਹੁਣ ਕੈਪਟਨ ਸਮਰਥਕਾਂ ਨੇ ਸੋਨੀਆ ਗਾਂਧੀ ਨੂੰ ਭੇਜੀਆਂ 'ਫੋਨ ਰਿਕਾਰਡਿੰਗਜ਼'
ਕਿਵੇਂ ਦਿੰਦੇ ਸਨ ਵਾਰਦਾਤ ਨੂੰ ਅੰਜਾਮ
ਇਸ ਗਿਰੋਹ ਦਾ ਨੈੱਟਵਰਕ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਯੂ. ਪੀ. ਆਦਿ ਕਈ ਰਾਜਾਂ ’ਚ ਫੈਲਿਆ ਹੋਇਆ ਹੈ। ਇਹ ਗਿਰੋਹ ਦੇ ਮੈਂਬਰ ਕਿਸੇ ਨਾ ਕਿਸੇ ਤਰੀਕੇ ਨਾਲ ਟਾਰਗੇਟ ਹੋਣ ਵਾਲੇ ਵਿਅਕਤੀ ਨਾਲ ਸੰਪਰਕ ਬਣਾ ਲੈਂਦੇ ਸਨ। ਉਨ੍ਹਾਂ ਨੂੰ ਦੱਸਦੇ ਸਨ ਕਿ ਉਨ੍ਹਾਂ ਪਾਸ ਬਹੁਤ ਵਧੀਆ ਕੁਆਲਿਟੀ ਦੇ ਜਾਅਲੀ ਕਰੰਸੀ ਨੋਟ ਹਨ। ਜੇਕਰ ਉਹ ਅਸਲੀ ਰਕਮ ਦੇ ਜਿੰਨੇ ਨੋਟ ਦੇਣਗੇ, ਉਸ ਤੋਂ ਡਬਲ ਉਹ ਉਨ੍ਹਾਂ ਨੂੰ ਵਧੀਆ ਜਾਅਲੀ ਕਰੰਸੀ ਦੇਣਗੇ ਪਰ ਸੈਂਪਲ ਦੇ ਤੌਰ ’ਤੇ ਅਸਲੀ ਨੋਟ ਦਿਖਾ ਦਿੰਦੇ ਸਨ ਜਾਂ ਦੇ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਇਹ ਮਾਰਕਿਟ ’ਚ ਚਲਾ ਕੇ ਵੇਖ ਲਵੋ।
ਇਹ ਵੀ ਪੜ੍ਹੋ : CBSE 12ਵੀਂ ਜਮਾਤ ਦੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖ਼ਬਰ
ਸੈਂਪਲ ਵਾਲੇ ਨੋਟ ਅਸਲੀ ਹੋਣ ਕਾਰਨ ਅਰਾਮ ਨਾਲ ਮਾਰਕਿਟ ’ਚ ਚਲ ਜਾਂਦੇ ਸਨ। ਇਸ ਤਰ੍ਹਾਂ ਵਿਅਕਤੀ ਲਾਲਚ ’ਚ ਆ ਕੇ ਜਦੋਂ ਵਿਜੇ ਗਿਰੋਹ ਵੱਲੋਂ ਦੱਸੀ ਹੋਈ ਜਗ੍ਹਾ ’ਤੇ ਆਪਣੇ ਅਸਲੀ ਕਰੰਸੀ ਨੋਟ (ਰਕਮ) ਲੈ ਕੇ ਆਉਂਦੇ ਸਨ। ਪਹਿਲਾਂ ਤੋਂ ਹੀ ਬਣਾਏ ਪਲਾਨ ਮੁਤਾਬਕ ਆਪਣੇ ਗਿਰੋਹ ਦੇ 2-3 ਮੈਂਬਰਾਂ ਨੂੰ ਪੁਲਸ ਦੀ ਵਰਦੀ ਪਵਾ ਕੇ ਮੌਕਾ ਵਾਲੀ ਜਗ੍ਹਾ ’ਤੇ ਰੇਡ ਕਰ ਦਿੰਦੇ ਸਨ। ਜਿਹੜਾ ਵਿਅਕਤੀ ਅਸਲੀ ਰਕਮ ਲੈ ਕੇ ਆਇਆ ਹੁੰਦਾ ਸੀ, ਉਸ ਨੂੰ ਡਰਾ-ਧਮਕਾ ਕੇ ਉਸ ਤੋਂ ਪੈਸੇ ਖੋਹ ਲੈਂਦੇ ਸਨ। ਇਸ ਤਰ੍ਹਾਂ ਇਹ ਅਸਲੀ ਪੁਲਸ ਦੀ ਰੇਡ ਵਾਲਾ ਸੀਨ ਬਣਾ ਦਿੰਦੇ ਸਨ। ਇਸ ਮੌਕੇ ਐੱਸ. ਪੀ. ਡੀ. ਹਰਕਮਲ ਬਰਾੜ, ਐੱਸ. ਪੀ. ਦਲਜੀਤ ਸਿੰਘ ਚੀਮਾ, ਡੀ. ਐੱਸ. ਪੀ. ਭਰਪੂਰ ਸਿੰਘ, ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਸਪੈਕਟਰ ਰਣਬੀਰ ਸਿੰਘ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯਾਤਰੀਆਂ ਲਈ ਲਗਜ਼ਰੀ ਸਫਰ : ਦਿੱਲੀ-ਪੰਜਾਬ ਲਈ ਰੋਜ਼ਾਨਾ ਚੱਲਣ ਵਾਲੀਆਂ 10 AC ਬੱਸਾਂ ਦਾ ਸ਼ਡਿਊਲ ਜਾਰੀ
NEXT STORY