ਬਠਿੰਡਾ (ਸੁਖਵਿੰਦਰ) - ਜ਼ਿਲੇ ਵਿਚ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਇਕ ਮਜ਼ਦੂਰ ਸਮੇਤ 5 ਨੌਜਵਾਨਾਂ ਨੇ ਵੱਖ-ਵੱਖ ਥਾਵਾਂ 'ਤੇ ਖੁਦਕੁਸ਼ੀ ਕਰ ਲਈ। 3 ਨੌਜਵਾਨਾਂ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਖਤਮ ਕੀਤੀ ਜਦਕਿ 2 ਹੋਰਨਾਂ ਨੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕੀਤੀ। ਮਰਨ ਵਾਲਿਆਂ ਵਿਚ 23 ਸਾਲ ਤੋਂ 35 ਸਾਲ ਤੱਕ ਦੇ ਨੌਜਵਾਨ ਸ਼ਾਮਲ ਹਨ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲੇ ਵਿਚ ਲਗਾਤਾਰ ਖੁਦਕੁਸ਼ੀਆਂ ਹੋ ਰਹੀਆਂ ਹਨ। ਮਹਾਨਗਰ ਵਿਚ ਵੀ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਪੁਲਸ ਸਾਰੀਆਂ ਘਟਨਾਵਾਂ ਦੀ ਪੜਤਾਲ ਕਰ ਰਹੀ ਹੈ।
ਜਾਣਕਾਰੇ ਅਨੁਸਾਰ ਬਠਿੰਡਾ-ਡਬਵਾਲੀ ਰੇਲਵੇ ਲਾਈਨ 'ਤੇ ਪਿੰਡ ਪਥਰਾਲਾ ਦੇ ਨੇੜੇ ਇਕ ਨੌਜਵਾਨ ਜਸਵੀਰ ਸਿੰਘ (28) ਪੁੱਤਰ ਜੀਤ ਸਿੰਘ ਵਾਸੀ ਗੱਗੜ, ਥਾਣਾ ਲੰਬੀ, ਸ੍ਰੀ ਮੁਕਤਸਰ ਸਾਹਿਬ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਅਤੇ ਜੀ. ਆਰ. ਪੀ. ਦੇ ਹੌਲਦਾਰ ਸੌਦਾਗਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਨੌਜਵਾਨ ਆਪਣੇ ਪਿੰਡ ਵਿਚ ਦੁਕਾਨ ਚਲਾਉਂਦਾ ਸੀ ਪਰ ਗੁਜ਼ਾਰਾ ਮੁਸ਼ਕਿਲ ਨਾਲ ਹੋ ਰਿਹਾ ਸੀ। ਇਸ ਕਾਰਨ ਉਹ ਪ੍ਰੇਸ਼ਾਨ ਸੀ। ਜੀ. ਆਰ. ਪੀ. ਇਸ ਮਾਮਲੇ ਵਿਚ ਅਗਲੀ ਕਾਰਵਾਈ ਕਰ ਰਹੀ ਹੈ।
ਸਥਾਨਕ ਗੋਪਾਲ ਨਗਰ ਵਿਚ ਵੀ ਇਕ ਵਿਅਕਤੀ ਨੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਗੋਪਾਲ ਨਗਰ ਵਾਸੀ ਜਸਵੀਰ ਸਿੰਘ (28) ਦਾ ਵਿਆਹ 10 ਸਾਲ ਪਹਿਲਾਂ ਗੁਰਦਾਸਪੁਰ ਵਾਸੀ ਇਕ ਔਰਤ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸ ਦੇ ਘਰ ਕੋਈ ਬੱਚਾ ਨਹੀਂ ਹੋਇਆ। ਇਸ ਕਾਰਨ ਜਸਵੀਰ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਪਿਛਲੀ ਰਾਤ ਜਦ ਉਸ ਦੀ ਪਤਨੀ, ਮਾਂ ਅਤੇ ਭਰਾ ਹੇਠਾਂ ਵਾਲੇ ਕਮਰੇ ਵਿਚ ਸੌਂ ਰਹੇ ਸਨ ਤਾਂ ਉਸ ਨੇ ਉਪਰਲੀ ਮੰਜ਼ਿਲ 'ਤੇ ਜਾ ਕੇ ਪੱਖੇ ਨਾਲ ਫਾਹਾ ਲੈ ਲਿਆ। ਸੂਚਨਾ ਮਿਲਣ 'ਤੇ ਕੈਨਾਲ ਕਾਲੋਨੀ ਪੁਲਸ ਅਤੇ ਸ੍ਰੀ ਹਨੂਮਾਨ ਸੇਵਾ ਸਮਿਤੀ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਭੈਣ ਵੱਲੋਂ ਘਰ ਵਾਲਿਆਂ ਦੀ ਮਰਜ਼ੀ ਦੇ ਵਿਰੁੱਧ ਇਕ ਨੌਜਵਾਨ ਨਾਲ ਲਵ ਮੈਰਿਜ ਕਰਨ ਦੀ ਪ੍ਰੇਸ਼ਾਨੀ ਵਿਚ ਉਸ ਦੇ ਭਰਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਕਤ ਨੌਜਵਾਨ ਨੇ ਘਟਨਾ ਨੂੰ ਆਪਣੇ ਮੋਬਾਇਲ ਵਿਚ ਰਿਕਾਰਡ ਕੀਤਾ। ਜਾਣਕਾਰੀ ਅਨੁਸਾਰ ਬਠਿੰਡਾ ਵਾਸੀ ਨੌਜਵਾਨ ਸਵਰਨਜੀਤ ਸਿੰਘ (23) ਦੀ ਭੈਣ ਨੇ ਘਰ ਵਾਲਿਆਂ ਦੇ ਵਿਰੋਧ ਕਰਨ ਦੇ ਬਾਵਜੂਦ ਕੁਝ ਦਿਨ ਪਹਿਲਾਂ ਲਵ ਮੈਰਿਜ ਕਰਵਾ ਲਈ ਸੀ। ਇਸ ਗੱਲ ਨੂੰ ਲੈ ਕੇ ਸਵਰਨਜੀਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਪਿਛਲੀ ਰਾਤ ਉਸ ਨੇ ਘਰ ਦੀ ਉਪਰਲੀ ਮੰਜ਼ਿਲ 'ਤੇ ਜਾ ਕੇ ਪੱਖੇ ਨਾਲ ਫਾਹਾ ਲਾ ਲਿਆ। ਘਟਨਾ ਨੂੰ ਉਸ ਨੇ ਮੋਬਾਇਲ ਵਿਚ ਵੀ ਰਿਕਾਰਡ ਕੀਤਾ, ਜਿਸ ਨੂੰ ਬਾਅਦ ਵਿਚ ਪਰਿਵਾਰ ਵਾਲਿਆਂ ਨੇ ਵੇਖਿਆ। ਸਹਾਰਾ ਜਨ ਸੇਵਾ ਨੇ ਪੁਲਸ ਦੀ ਮਦਦ ਨਾਲ ਉਸ ਦੀ ਲਾਸ਼ ਸਿਵਲ ਹਸਪਤਾਲ ਪਹੁੰਚਾਈ।
ਪਿਛਲੀ ਦੇਰ ਰਾਤ ਬਠਿੰਡਾ-ਅੰਬਾਲਾ ਰੋਡ 'ਤੇ ਆਈ. ਟੀ. ਆਈ. ਚੌਕ ਦੇ ਨੇੜੇ ਇਕ ਨੌਜਵਾਨ ਨੇ ਰੇਲ ਗੱਡੀ ਹੇਠਾਂ ਆ ਕੇ ਜਾਨ ਦੇ ਦਿੱਤੀ। ਪਤਾ ਲੱਗਾ ਹੈ ਕਿ ਉਕਤ ਨੌਜਵਾਨ ਗਗਨਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗੁਰੂ ਕੀ ਨਗਰੀ ਨਿੱਜੀ ਕੰਪਨੀ ਵਿਚ ਨੌਕਰੀ ਕਰਦਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਜੀ. ਆਰ. ਪੀ. ਨੂੰ ਸੂਚਿਤ ਕੀਤਾ। ਜੀ. ਆਰ. ਪੀ. ਦੇ ਹੌਲਦਾਰ ਗੁਰਮੇਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਕੀਤੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਘਟਨਾ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ।
ਮਲੂਕਾ ਵਾਸੀ ਇਕ ਮਜ਼ਦੂਰ ਨੇ ਘਰੇਲੂ ਪ੍ਰੇਸ਼ਾਨੀ ਦੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਾਧੂ ਸਿੰਘ (35) ਘਰੇਲੂ ਕਾਰਨਾਂ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਪਿਛਲੀ ਰਾਤ ਉਸ ਨੇ ਪਿੰਡ ਦੇ ਬਾਹਰ ਜਾ ਕੇ ਇਕ ਦਰਖਤ ਨਾਲ ਫਾਹਾ ਲਾ ਲਿਆ। ਪਿੰਡ ਵਾਸੀਆਂ ਅਤੇ ਉਸ ਦੇ ਪਰਿਵਾਰ ਨੂੰ ਘਟਨਾ ਦਾ ਸਵੇਰੇ ਪਤਾ ਲੱਗਾ। ਸੂਚਨਾ ਮਿਲਦੇ ਹੀ ਥਾਣਾ ਦਿਆਲਪੁਰਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਜਾਣੋਂ ਅੱਜ ਦਾ ਰਾਸ਼ੀਫਲ
NEXT STORY