ਫਿਰੋਜ਼ਪੁਰ- ਫਿਰੋਜ਼ਪੁਰ ਦੇ ਥਾਣਾ ਮੱਖੂ ਦੀ ਪੁਲਸ ਨੇ ਇਕ ਹੀ ਪਰਿਵਾਰ ਦੀਆਂ ਪੜ੍ਹੀਆਂ-ਲਿਖੀਆਂ 14 ਲੜਕੀਆਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਥਿਤ ਰੂਪ ਵਿਚ 14 ਲੱਖ 86 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਦਰਬਾਰ ਅਲੀ ਨੇ ਦੱਸਿਆ ਕਿ ਇਨ੍ਹਾਂ ਪੰਜ ਨੇ ਦੋ ਸੱਕੇ ਭਰਾਵਾਂ ਦੀਆਂ 14 ਲੜਕੀਆਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 21 ਲੱਖ ਰੁਪਏ ਲਏ ਸਨ, ਜਿਸ ਵਿਚੋਂ ਕਰੀਬ ਸਾਢੇ 6 ਲੱਖ ਰੁਪਏ ਵਾਪਸ ਕਰ ਦਿੱਤੇ ਗਏ ਸਨ ਅਤੇ ਨਾਮਜ਼ਦ 5 ਵਿਅਕਤੀਆਂ ਨੇ ਨਾ ਤਾਂ ਅੱਜ ਤੱਕ ਲੜਕੀਆਂ ਨੂੰ ਨੌਕਰੀ ਦਿਵਾਈ ਹੈ ਤੇ ਨਾ ਹੀ ਬਾਕੀ ਪੈਸੇ ਵਾਪਸ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮਿਰਜ਼ਾ ਮਸੀਹ ਪੁੱਤਰ ਸੁੱਚਾ ਵਾਸੀ ਈਸਾ ਨਗਰੀ ਮੱਖੂ ਨੇ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਕਥਿਤ ਰੂਪ ਵਿਚ ਰਜਿੰਦਰ ਕੁਮਾਰ ਪੁੱਤਰ ਸਾਧੂ, ਅਨੂ ਪਤਨੀ ਮੇਘ ਰਾਜ, ਸੁਰਿੰਦਰ ਪੁੱਤਰ ਮੇਘ ਰਾਜ, ਰੀਨਾ ਪਤਨੀ ਸੁਰਿੰਦਰ ਅਤੇ ਜਗਦੀਸ਼ ਮਸੀਹ ਵਾਸੀ ਮੱਲਾਂਵਾਲਾ ਨੇ ਉਨ੍ਹਾਂ ਤੋਂ ਪੈਸੇ ਲੈ ਕੇ ਲੜਕੀਆਂ ਨੂੰ ਜਲਦ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ। ਸਬ-ਇੰਸਪੈਕਟਰ ਦਰਬਾਰ ਅਲੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਨਾਮਜ਼ਦ ਵਿਅਕਤੀਆਂ ਨੂੰ ਫੜਨ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਮਿਰਜ਼ਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਗਮ ਵਿਚ ਮਿਰਜ਼ਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਹੈ ਅਤੇ ਇਸੇ ਚਿੰਤਾ ਵਿਚ ਕੁਝ ਸਮਾਂ ਪਹਿਲਾਂ ਮਿਰਜ਼ਾ ਦਾ ਭਰਾ ਪਿੱਪਲ ਸਿੰਘ ਵੀ ਮਰ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਰਜ਼ਾ ਦੀਆਂ 9 ਬੇਟੀਆਂ ਅਤੇ ਉਸਦੇ ਭਰਾ ਪਿੱਪਲ ਸਿੰਘ ਦੀਆਂ 5 ਬੇਟੀਆਂ ਹਨ। ਮਿਰਜ਼ਾ ਨੂੰ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ 'ਤੇ ਕਰੀਬ 12-13 ਲੱਖ ਰੁਪਏ ਮਿਲੇ ਸਨ, ਜੋ ਉਸ ਨੇ ਇਨ੍ਹਾਂ ਪੰਜ ਨਾਮਜ਼ਦ ਵਿਅਕਤੀਆਂ ਨੂੰ ਦਿੱਤੇ ਸਨ ਤੇ ਆਪਣਾ ਘਰ ਗਹਿਣੇ ਪਾ ਕੇ ਤੇ ਲੋਕਾਂ ਤੋਂ ਉਧਾਰ ਪੈਸੇ ਫੜ ਕੇ ਵੀ ਦਿੱਤੇ ਸਨ। ਨੌਕਰੀ ਦਿਵਾਉਣੀ ਤਾਂ ਦੂਰ ਇਨ੍ਹਾਂ ਲੋਕਾਂ ਨੇ ਮਿਰਜ਼ਾ ਅਤੇ ਪਿੱਪਲ ਦੀ ਇਕ ਨਹੀਂ ਸੁਣੀ ਅਤੇ ਇਸ ਸਦਮੇ ਵਿਚ ਦੋਵੇਂ ਭਰਾ ਦਮ ਤੋੜ ਗਏ।
ਕੇਂਦਰੀ ਮੰਤਰੀ ਮੰਡਲ ਨੇ ਦਿੱਤਾ ਪ੍ਰਵਾਸੀ ਭਾਰਤੀਆਂ ਨੂੰ ਪ੍ਰਾਕਸੀ ਵੋਟ ਪਾਉਣ ਦਾ ਅਧਿਕਾਰ
NEXT STORY