ਜ਼ੀਰਕਪੁਰ (ਧੀਮਾਨ) : ਬਲਟਾਣਾ ਖੇਤਰ ’ਚ ਬਰਸਾਤ ਦੌਰਾਨ ਅਵਾਰਾ ਕੁੱਤੇ ਵੱਲੋਂ ਇਕ ਔਰਤ ਨੂੰ ਵੱਢ ਲੈਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੀੜਤ ਦੀ ਪਛਾਣ ਸੰਗੀਤਾ ਜੈਨ ਵਾਸੀ ਗਿੱਲ ਕਾਲੋਨੀ ਬਲਟਾਣਾ ਵਜੋਂ ਹੋਈ ਹੈ, ਜੋ ਬਲਟਾਣਾ ਦੀ ਕੌਂਸਲਰ ਸੁਨੀਤਾ ਜੈਨ ਦੇ ਪਰਿਵਾਰ ਦੀ ਮੈਂਬਰ ਦੱਸੀ ਜਾ ਰਹੀ ਹੈ। ਇਸ ਘਟਨਾ ਬਾਰੇ ਜਾਣਕਾਰੀ ਸਮਾਜਸੇਵੀ ਵਿਕਰਮ ਧਵਨ ਵੱਲੋਂ ਦਿੱਤੀ ਗਈ ਹੈ। ਧਵਨ ਅਨੁਸਾਰ ਘਟਨਾ ਰਾਤ ਕਰੀਬ ਸਾਢੇ 12 ਵਜੇ ਜਦੋਂ ਸੰਗੀਤਾ ਜੈਨ ਗਿੱਲ ਕਾਲੋਨੀ ’ਚ ਹੋ ਰਹੇ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਘਰ ਤੋਂ ਨਿਕਲੀ ਤਾਂ ਨੇੜੇ ਹੀ ਘਾਤ ਲਗਾ ਕੇ ਬੈਠੇ ਅਵਾਰਾ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਦੀ ਖੱਬੀ ਲੱਤ ’ਤੇ ਵੱਢ ਲਿਆ, ਜਿਸ ਨਾਲ ਉਹ ਦਰਦ ਨਾਲ ਚੀਕ ਪਈ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਵੱਲੋਂ ਉਸ ਨੂੰ ਤੁਰੰਤ ਬਲਟਾਣਾ ’ਚ ਇਲਾਜ ਲਈ ਲਿਜਾਇਆ ਗਿਆ ਪਰ ਉੱਥੇ ਮੁੱਢਲੀ ਸਹਾਇਤਾ ਦੀ ਸੁਵਿਧਾ ਉਪਲੱਬਧ ਨਾ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਸੈਕਟਰ-45 ਲਿਜਾਇਆ ਗਿਆ। ਉੱਥੇ ਡਾਕਟਰਾਂ ਵੱਲੋਂ ਉਸ ਨੂੰ ਰੇਬੀਜ਼ ਤੋਂ ਬਚਾਅ ਲਈ ਲੋੜੀਂਦਾ ਟੀਕਾ ਲਗਾਇਆ ਅਤੇ ਇਲਾਜ ਕੀਤਾ। ਇਸ ਘਟਨਾ ਤੋਂ ਬਾਅਦ ਗਿੱਲ ਕਾਲੋਨੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਸਥਾਨਕ ਨਿਵਾਸੀਆਂ ’ਚ ਡਰ ਤੇ ਗੁੱਸਾ ਦੋਵੇਂ ਵੇਖੇ ਗਏ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੌਰਾਨ ਅਵਾਰਾ ਕੁੱਤਿਆਂ ਦੀ ਸਰਗਰਮੀ ਵੱਧ ਜਾਂਦੀ ਹੈ ਅਤੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਪੰਜਾਬ: ਸਕੂਲੋਂ ਪਰਤ ਰਹੇ ਵਿਦਿਆਰਥੀ ਦਾ ਵੱਢਿਆ ਗਿਆ ਗਲ਼ਾ! ਚਾਈਨਾ ਡੋਰ ਨੇ ਮਾਪਿਆਂ ਤੋਂ ਖੋਹ ਲਿਆ ਇਕਲੌਤਾ ਪੁੱਤ
NEXT STORY