ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਉਸ ਤਦਬੀਲੀ ਦਾ ਹਿੱਸਾ ਬਣਨ ਦਾ ਜ਼ੋਰਦਾਰ ਸੱਦਾ ਦਿੱਤਾ ਹੈ, ਜਿਸ ਨੂੰ ਉਹ ਵੇਖਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 2022 ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਪਾਰਟੀ 50 ਫੀਸਦੀ ਟਿਕਟਾਂ ਨੌਜਵਾਨਾਂ ਨੂੰ ਦੇਵੇਗੀ। ਇਥੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਕੋਆਰਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਪੀੜ੍ਹੀ ਨੂੰ ਅਕਾਲੀ ਦਲ ਦੇ ਸਾਰੇ ਯੂਨਿਟਾਂ ਵਿਚ ਲੋੜੀਂਦੀ ਨੁਮਾਇੰਦਗੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੈਂ ਨੌਜਵਾਨ ਆਗੂਆਂ ਅਤੇ ਵਰਕਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦੇ ਹਿੱਤਾਂ ਦੀ ਅਕਾਲੀ ਦਲ ਅੰਦਰ ਹਿਫਾਜ਼ਤ ਕੀਤੀ ਜਾਵੇਗੀ। ਮੈਂ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਰਾਹੀਂ ਪਾਰਟੀ ਦੇ ਅੰਦਰ ਆਪਣੀ ਥਾਂ ਬਣਾਉਣ ਦੀ ਅਪੀਲ ਕਰਦਾ ਹਾਂ। ਮੈਂ ਵੀ ਅਜਿਹਾ ਕੀਤਾ ਹੈ ਅਤੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਪਹਿਲਾਂ ਅਕਾਲੀ ਦਲ ਦੇ ਯੂਥ ਵਿੰਗ ਵਿਚ ਕੰਮ ਕੀਤਾ ਹੈ।
ਪੰਜਾਬ ਯੂਨੀਵਰਸਿਟੀ ਬਾਰੇ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਐਸ. ਓ. ਆਈ. ਜ਼ਰੀਏ ਉਠਾਈਆਂ ਸਾਰੀਆਂ ਮੰਗਾਂ ਨੂੰ ਅਕਾਲੀ ਦਲ ਨੇ ਪੂਰਾ ਕੀਤਾ ਸੀ ਤੇ ਮੈਂ ਜੋ ਵੀ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਸੀ, ਇਹ ਚਾਹੇ ਸੋਲਰ ਪੈਨਲ ਲਗਵਾਉਣਾ ਹੋਵੇ, ਕੁੜੀਆਂ ਲਈ ਜਿਮਨੇਜੀਅਮ ਹੋਵੇ, ਵੱਖ-ਵੱਖ ਵਿਭਾਗਾਂ ਵਿਚ ਪੱਖੇ ਲਗਵਾਉਣਾ ਹੋਵੇ ਜਾਂ ਫਿਰ ਕੁੜੀਆਂ ਦੇ ਹੋਸਟਲਾਂ ਵਿਚ ਵਾਸ਼ਿੰਗ ਮਸ਼ੀਨਾਂ ਲਗਵਾਉਣਾ ਹੋਵੇ। ਭਵਿੱਖ ਵਿਚ ਵੀ ਅਕਾਲੀ ਦਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਵਿਸ਼ੇਸ਼ ਤਵੱਜਂੋ ਦਿੰਦਾ ਰਹੇਗਾ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦਾ ਰਹੇਗਾ।
ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਦ੍ਰਿਸ਼ਟੀ ਅਤੇ ਤਜਰਬੇ ਸਾਂਝੇ ਕਰਨ ਲਈ ਆਖਦਿਆਂ ਕਿਹਾ ਕਿ ਅਕਾਲੀ ਦਲ ਇਕ ਵਿਆਪਕ ਯੂਥ ਪ੍ਰੋਗਰਾਮ ਤਿਆਰ ਕਰੇਗਾ, ਜਿਸ ਨੂੰ ਭਵਿੱਖ ਵਿਚ ਅਕਾਲੀ-ਭਾਜਪਾ ਦੀ ਸਰਕਾਰ ਬਣਨ ਉਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਇਹ ਵੀ ਆਖਿਆ ਕਿ ਉਹ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਉਨ੍ਹਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੀ ਸੂਚੀ ਬਣਾ ਕੇ ਦੇਣ ਤਾਂ ਜੋ ਅਕਾਲੀ ਦਲ ਇਨ੍ਹਾਂ ਮੁੱਦਿਆਂ ਨੂੰ ਰਸਮੀ ਤੌਰ 'ਤੇ ਉਠਾ ਸਕੇ।
ਇਸ ਮੌਕੇ ਸੀਨੀਅਰ ਵਿਦਿਆਰਥੀ ਆਗੂ ਭੀਮ ਵੜੈਚ, ਸਿਮਰਨਜੀਤ ਸਿੰਘ ਢਿੱਲੋਂ, ਵਿੱਕੀ ਮਿਡੂਖੇੜਾ, ਜਸਮੀਨ ਕੰਗ, ਰਸ਼ਪਾਲ ਹਾਕਮਵਾਲਾ ਅਤੇ ਰੌਬਿਨ ਬਰਾੜ ਮੌਜੂਦ ਸਨ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਵਾਸਤੇ ਐੱਸ. ਓ. ਆਈ. ਪੈਨਲ ਦਾ ਐਲਾਨ ਕਰ ਦਿੱਤਾ ਗਿਆ ਜਿਸ ਵਿਚ ਮਹਿਨਾਜ਼ਪ੍ਰੀਤ ਸਿੰਘ ਚਾਹਲ ਚੇਅਰਮੈਨ, ਪ੍ਰਭਜੀਤ ਸਿੰਘ ਕਰਮੂਵਾਲੀਆ ਪ੍ਰਧਾਨ, ਹਰਮਨ ਲੁਬਾਣਾ ਪਾਰਟੀ ਪ੍ਰਧਾਨ, ਹਰਜੀਤ ਸਿੰਘ ਬਰਾੜ ਪਾਰਟੀ ਇੰਚਾਰਜ ਤੋਂ ਇਲਾਵਾ ਰੁਪਿੰਦਰ ਸ਼ਰਮਾ, ਪ੍ਰੀਤਕੰਵਲ ਸੰਧੂ, ਸੁਮਨ ਲੱਖੜ ਅਤੇ ਵਿਸ਼ਾਲ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
ਮੰਦਰ 'ਚ ਚੋਰੀ ਕਰਨ ਵਾਲੇ ਨੂੰ ਜੇਲ ਭੇਜਿਆ
NEXT STORY