ਬਾਬਾ ਨਾਨਕ (ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੇ ਸਬੰਧ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਤੇ ਦੁਬਈ ਦੇ ਉਘੇ ਕਾਰੋਬਾਰੀ ਡਾ. ਐੱਸ. ਪੀ. ਸਿੰਘ ਓਬਰਾਏ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਦੁਆਰ ਨੂੰ ਹੋਰ ਆਕਰਸ਼ਿਤ ਬਨਾਉਣ ਲਈ 30 ਫੁੱਟ ਦੇ ਘੇਰੇ ਵਿਚ ਇਕ ਚੌਂਕ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਚੌਂਕ ਵਿਚ 31 ਫੁੱਟ ਉਚਾ ਇਕ ਉਂਕਾਰ (੧ਓ) ਦਾ ਸ਼ਿਲਾ ਲੇਖ ਅਤੇ ਉਸ ਉਪਰ ਲੱਗਣ ਵਾਲੀ ਰਬਾਬ ਬਣਾਈ ਜਾ ਰਹੀ ਹੈ ਅਤੇ ਇਹ ਇਥੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਟਰੱਸਟ ਵਲੋਂ ਸੂਖਮ ਕਲਾ ਤੇ ਧਾਰਮਿਕ ਪੱਖ ਤੋਂ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਬੁੱਤ ਘਾੜਿਆਂ ਤੇ ਆਰਟਿਸਟਾਂ ਦੀ ਮਦਦ ਨਾਲ ਤਿਆਰ ਕਰਵਾਏ ਇਸ ਸ਼ਿਲਾਲੇਖ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਅਤੇ ਕਰਤਾਰਪੁਰ ਸਾਹਿਬ ਨੂੰ ਜਾਣ ਅਤੇ ਆਉਣ ਵਾਲੀ ਸੰਗਤ ਨੂੰ ਇਕ ਜਿਹਾ ਹੀ ਦਿਖਾਈ ਦੇਵੇਗਾ।
ਉਨ੍ਹਾਂ ਦੱਸਿਆ ਕਿ ਇਸ ਉਪਰ ਲੱਗਣ ਵਾਲਾ 9 ਫੁੱਟ ਉਚਾ ੧ਓ ਚਿੰਨ੍ਹ ਉੱਤਮ ਕਿਸਮ ਦੀ ਸਟੀਲ ਦਾ ਲੇਟਰ ਕੱਟ ਰਾਹੀਂ ਬਣਾਇਆ ਗਿਆ ਹੈ, ਜੋ ਮੋਟਰ ਦੀ ਮਦਦ ਨਾਲ ਹੌਲੀ ਗਤੀ ਨਾਲ ਚਾਰ ਚੁਫੇਰੇ ਘੁੰਮੇਗਾ। ਇਸ ਤੋਂ ਇਲਾਵਾ ਸ਼ਿਲਾ ਲੇਖ ਤੇ ਲੱਗਣ ਵਾਲੇ ਰਬਾਬ ਬਾਰੇ ਡਾ. ਓਬਰਾਏ ਨੇ ਦੱਸਿਆ ਇਹ ਰਬਾਬ ਸਵਾ ਪੰਜ ਫੁੱਟ ਦੀ ਹੋਵੇਗੀ ਅਤੇ ਇਸ ਨੂੰ ਵੱਖ-ਵੱਖ ਤਰ੍ਹਾਂ ਦੀਆਂ 5 ਧਾਤਾਂ ਦੀ ਢਲਾਈ ਕਰਕੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਿਲਾਲੇਖ ਉਪਰ ਲਿੱਖਿਅ ਜਾਣ ਵਾਲਾ ਮੂਲ ਮੰਤਰ ਅਤੇ ਸ਼ਬਦ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਵੀ 5 ਧਾਤਾਂ ਦੇ ਮਿਸ਼ਰਣ ਨਾਲ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸ਼ਿਲਾਲੇਖ ਉਤੇ ਉਚ ਮਿਆਰ ਦਾ ਸਫੈਦ ਪੱਥਰ ਲਾਇਆ ਜਾਵੇਗਾ ਅਤੇ ਇਸ ਦੇ ਆਸੇ ਪਾਸੇ ਲੱਗਣ ਵਾਲੀਆਂ ਲਾਈਟਾਂ ਇਸ ਨੂੰ ਹੋਰ ਖਿੱਚ ਭਰਪੂਰ ਬਨਾਉਣਗੀਆਂ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਖ ਰੇਖ, ਆਰਟਿਸਟ ਸਵਰਨਜੀਤ ਸਿੰਘ ਸਵੀ, ਆਰਕੀਟੈਕਟ ਸੁਰਿੰਦਰ ਸਿੰਘ, ਅਮਰਜੀਤ ਸਿੰਘ ਗਰੇਵਾਲ ਦੀ ਨਿਗਰਾਨੀਹੇਠ ਇਸ ਨੂੰ ਤਿਆਰ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਗੁਆਂਢੀ ਮੁਲਕ ਨਾਲ ਕੁੜੱਤਣ ਦੇ ਬਾਵਜੂਦ ਲਾਂਘਾ ਬਣਨ ’ਤੇ ਸਿੱਖ ਸੰਗਤ ਬਾਗੋਬਾਗ
NEXT STORY