ਮੋਹਾਲੀ (ਜੱਸੀ) : ਬਲੌਂਗੀ ਥਾਣਾ ਖੇਤਰ ਅਧੀਨ ਪੈਂਦੇ ਬੜਮਾਜਰਾ ਇਲਾਕੇ ’ਚ ਮੰਗਲਵਾਰ ਨੂੰ ਦਰਦਨਾਕ ਹਾਦਸੇ ਦੌਰਾਨ ਬਰਸਾਤ ਦੇ ਪਾਣੀ ਨਾਲ ਭਰੇ ਟੋਏ ’ਚ ਡੁੱਬਣ ਕਾਰਨ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਰਾਟ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ’ਚ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਲਗਾਤਾਰ ਹੋਈ ਬਰਸਾਤ ਤੋਂ ਬਾਅਦ ਸਰਕਾਰੀ ਸਕੂਲ ਤੇ ਨੇੜਲੇ ਪਾਰਕ ਦੀ ਨਿਰਮਾਣ ਸਾਈਟ ਕੋਲ ਇਕ ਡੂੰਘੇ ਟੋਏ ’ਚ ਕਾਫ਼ੀ ਪਾਣੀ ਭਰ ਗਿਆ ਸੀ। ਹਾਦਸੇ ਵੇਲੇ 5 ਤੋਂ 6 ਛੋਟੇ ਬੱਚੇ ਉੱਥੇ ਖੇਡਣ ਤੇ ਪਾਣੀ ’ਚ ਨਹਾਉਣ ਗਏ ਸਨ।
ਇਸ ਦੌਰਾਨ 6 ਸਾਲਾ ਵਿਰਾਟ ਅਚਾਨਕ ਡੂੰਘੇ ਪਾਣੀ ’ਚ ਚਲਾ ਗਿਆ ਤੇ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਰਾਟ ਨੂੰ ਡੁੱਬਦਾ ਦੇਖ ਕੇ ਨਾਲ ਖੇਡ ਰਹੇ ਹੋਰ ਬੱਚੇ ਘਬਰਾ ਕੇ ਉੱਥੋਂ ਭੱਜ ਗਏ। ਜਦੋਂ ਤੱਕ ਆਲੇ-ਦੁਆਲੇ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ ਤੇ ਉਹ ਮੌਕੇ ’ਤੇ ਪਹੁੰਚੇ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਿਤਾ ਹਰੀਕੇਸ਼ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਕੰਮ ’ਤੇ ਗਏ ਹੋਏ ਸਨ। ਪਰਿਵਾਰ ’ਚ ਦੋ ਪੁੱਤਰਾਂ ਤੇ ਦੋ ਧੀਆਂ ਸਮੇਤ ਚਾਰ ਬੱਚੇ ਹਨ, ਜਿਨ੍ਹਾਂ ’ਚੋਂ ਵਿਰਾਟ ਦੀ ਇਸ ਦੁਖਦਾਈ ਹਾਦਸੇ ’ਚ ਜਾਨ ਚਲੀ ਗਈ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬਲੌਂਗੀ ਥਾਣਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹਾਦਸੇ ਦੇ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਨਿਰਮਾਣ ਸਾਈਟ ’ਤੇ ਪਾਣੀ ਨਾਲ ਭਰੇ ਟੋਏ ਨੂੰ ਨਾ ਤਾਂ ਸੁਰੱਖਿਆ ਲਈ ਘੇਰਿਆ ਗਿਆ ਸੀ ਤੇ ਨਾ ਹੀ ਕੋਈ ਚੇਤਾਵਨੀ ਬੋਰਡ ਲਾਇਆ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਕਰੰਟ ਲੱਗਣ ਨਾਲ 8 ਪਸ਼ੂਆਂ ਦੀ ਮੌਤ! ਪਸ਼ੂ ਪਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ
NEXT STORY