ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ) : ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਸੁਖਬੀਰ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਟੇਕਚੰਦ ਉਰਫ਼ ਟੇਕਾ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਗਸ਼ਤ ਦੌਰਾਨ ਮੁਲਜ਼ਮ ਨਿਸ਼ਾਨ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਕੇ ਉਸ ਤੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਥਾਣਾ ਫਿਰੋਜ਼ਪੁਰ ਕੈਂਟ ਦੀ ਪੁਲਸ ਨੇ ਏ. ਐੱਸ. ਆਈ. ਰਮਨ ਕੁਮਾਰ ਦੀ ਅਗਵਾਈ ਹੇਠ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਰਾਜਨ ਅਤੇ ਰਾਜਾ ਉਰਫ਼ ਕਾਲੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ 5.55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਆਰਿਫਕੇ ਦੇ ਨਿਰਮਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਗਸ਼ਤ ਕਰਦਿਆਂ ਦਾਣਾ ਮੰਡੀ ਆਰਿਫਕੇ ’ਚ ਇਕ ਸ਼ੱਕੀ ਵਿਅਕਤੀ ਨੂੰ ਨਸ਼ਾ ਕਰਦੇ ਦੇਖਿਆ। ਜਦੋਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੁਲਸ ਨੂੰ ਆਪਣਾ ਨਾਂ ਸ਼ਾਮ ਲਾਲ ਉਰਫ਼ ਸ਼ਰਮਾ ਦੱਸਿਆ, ਜਿਸ ਦੇ ਕੋਲੋਂ ਤਲਾਸ਼ੀ ਲੈਣ ’ਤੇ ਇਕ ਗ੍ਰਾਮ ਹੈਰੋਇਨ, ਇਕ ਲਾਈਟਰ, ਇਕ 20 ਰੁਪਏ ਦਾ ਨੋਟ ਅਤੇ ਇਕ ਪੰਨੀ ਸਿਲਵਰ ਬਰਾਮਦ ਹੋਈ। ਐੱਸ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਘੱਲ ਖੁਰਦ ਦੀ ਪੁਲਸ ਨੇ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਸ਼ੱਕੀ ਵਿਅਕਤੀ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 6.20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਥਾਣਾ ਤਲਵੰਡੀ ਭਾਈ ਦੀ ਪੁਲਸ ਨੇ ਹਰਜਿੰਦਰ ਸਿੰਘ ਨਾਮਕ ਵਿਅਕਤੀ ਨੂੰ ਹੈਰੋਇਨ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਪੰਨੀ ਸਿਲਵਰ, ਇਕ ਲਾਈਟਰ, 10 ਰੁਪਏ ਦਾ ਫੋਲਡ ਨੋਟ ਅਤੇ ਇਕ ਪਲਾਸਟਿਕ ਦਾ ਢੱਕਣ ਬਰਾਮਦ ਕੀਤਾ ਹੋਇਆ। ਐੱਸ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਥਾਣਾ ਕੁਲਗੜ੍ਹੀ ਦੀ ਪੁਲਸ ਐੱਸ. ਐੱਚ. ਓ. ਦਵਿੰਦਰ ਸਿੰਘ ਗਰਚਾ ਦੀ ਅਗਵਾਈ ’ਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਗਗਨਦੀਪ ਪਾਲ ਉਰਫ਼ ਗਗਨ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਸ ਸਮੇਂ ਜ਼ੀਰਾ ਰੋਡ ਤੋਂ ਫਿਰੋਜ਼ਪੁਰ ਛਾਉਣੀ ਵੱਲ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲੈ ਕੇ ਆ ਰਿਹਾ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਪਾਰਟੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਡੀ. ਐੱਸ. ਪੀ. ਸਬ-ਡਵੀਜ਼ਨ ਕਰਨ ਸ਼ਰਮਾ ਦੀ ਮੌਜੂਦਗੀ ’ਚ ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 6980 ਨਸ਼ੀਲੇ ਕੈਪਸੂਲ ਅਤੇ 1600 ਨਸ਼ੇ ਵਾਲੀਆਂ ਗੋਲੀਆਂ (ਕੁੱਲ 8580 ਨਸ਼ੀਲੇ ਕੈਪਸੂਲ ਅਤੇ ਗੋਲੀਆਂ) ਬਰਾਮਦ ਹੋਈਆਂ। ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ, ਕੈਪਸੂਲ ਅਤੇ ਲਾਈਟਰਾਂ ਨਾਲ ਫੜ੍ਹੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਫਿਰੋਜ਼ਪੁਰ ਛਾਉਣੀ, ਥਾਣਾ ਆਰਿਫਕੇ, ਥਾਣਾ ਕੁਲਗੜ੍ਹੀ, ਥਾਣਾ ਘੱਲ ਖੁਰਦ, ਥਾਣਾ ਤਲਵੰਡੀ ਭਾਈ ’ਚ ਮਾਮਲੇ ਦਰਜ ਕੀਤੇ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬ 'ਚ 31 ਜਨਵਰੀ ਨੂੰ ਪੈਣਗੇ ਗੜੇ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਹੋ ਗਈ ਵੱਡੀ ਭਵਿੱਖਬਾਣੀ
NEXT STORY