ਫਗਵਾੜਾ, (ਜਲੋਟਾ)- ਪੁਲਸ ਨੇ ਕੈਨੇਡਾ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਧੋਖਾਦੇਹੀ ਦੇ ਮਾਮਲੇ 'ਚ ਭਰਾ-ਭੈਣ ਦੇ ਖਿਲਾਫ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਮਿਲੇ ਵੇਰਵੇ ਅਨੁਸਾਰ ਲੱਖਾਂ ਰੁਪਏ ਦੀ ਕਥਿਤ ਠੱਗੀ ਦਾ ਸ਼ਿਕਾਰ ਬਣੇ ਪੀੜਤ ਬਹਾਦਰ ਸਿੰਘ ਪੁੱਤਰ ਸਰਵਣ ਸਿੰਘ ਨਿਵਾਸੀ ਪਿੰਡ ਡੁਮੇਲੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਖੁਲਾਸਾ ਕੀਤਾ ਹੈ ਕਿ ਦੋਸ਼ੀ ਮੰਜੀਤ ਕੌਰ ਦਾ ਉਸਦੇ ਪਿੰਡ ਵਿਚ ਵਿਆਹ ਹੋਇਆ ਹੈ ਅਤੇ ਉਸ ਦਾ ਭਰਾ ਦੋਸ਼ੀ ਹਰਜਿੰਦਰ ਸਿੰਘ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ।
ਦੋਸ਼ੀ ਮੰਜੀਤ ਕੌਰ ਨੇ ਉਸ ਨੂੰ ਸ਼ਬਦਾਂ ਦੇ ਜਾਲ ਵਿਚ ਫਸਾ ਕੇ ਵਿਦੇਸ਼ ਵਿਚ ਮੌਜੂਦ ਸੁਖ-ਸਹੂਲਤਾਂ ਦੇ ਸਬਜ਼ਬਾਗ ਦਿਖਾ ਕੇ ਆਪਣੇ ਝਾਂਸੇ ਵਿਚ ਲੈ ਲਿਆ ਕਿ ਉਹ ਅਤੇ ਉਸ ਦਾ ਭਰਾ ਉਸਦੇ ਬੇਟੇ ਨੂੰ ਕੈਨੇਡਾ ਵਿਚ ਸੈਟਲ ਕਰਵਾ ਸਕਦੇ ਹਨ ਪਰ ਉਨ੍ਹਾਂ ਨੇ ਨਾ ਕੈਨੇਡਾ ਭੇਜਿਆ ਨਾ ਪੈਸੇ ਵਾਪਸ ਕੀਤੇ।
ਫਰਜ਼ੀ ਨਿਕਲਿਆ ਵੀਜ਼ਾ
ਪੁਲਸ ਅਨੁਸਾਰ ਬਹਾਦਰ ਸਿੰਘ ਨੇ ਦੱਸਿਆ ਕਿ ਮੰਜੀਤ ਕੌਰ ਨੇ ਇਸ ਤੋਂ ਬਾਅਦ ਉਸ ਦੀ ਆਪਣੇ ਭਰਾ ਹਰਜਿੰਦਰ ਸਿੰਘ ਨਾਲ ਗੱਲਬਾਤ ਕਰਵਾਈ ਤੇ ਕੈਨੇਡਾ ਭੇਜਣ ਲਈ ਕੁਲ ਸੌਦਾ 7 ਲੱਖ ਰੁਪਏ ਵਿਚ ਤੈਅ ਹੋ ਗਿਆ। ਇਸ ਤੋਂ ਬਾਅਦ ਉਸ ਨੇ 7 ਲੱਖ ਰੁਪਏ ਦੀ ਰਕਮ ਉਨ੍ਹਾਂ ਨੂੰ ਦੇ ਦਿੱਤੀ। ਦੋਸ਼ੀ ਹਰਜਿੰਦਰ ਸਿੰਘ ਨੇ ਉਸ ਨੂੰ ਕੈਨੇਡਾ ਦਾ ਵੀਜ਼ਾ ਦਿਖਾਇਆ ਪਰ ਜਦ ਉਕਤ ਵੀਜ਼ੇ ਦੀ ਕਾਪੀ ਨੂੰ ਜਦੋਂ ਚੈੱਕ ਕਰਵਾਇਆ ਗਿਆ ਤਾਂ ਵੀਜ਼ਾ ਨਕਲੀ ਤੇ ਫਰਜ਼ੀ ਨਿਕਲਿਆ।
ਧਮਕੀਆਂ ਦੇ ਰਹੇ ਹਨ ਦੋਸ਼ੀ
ਇਸ ਤੋਂ ਬਾਅਦ ਉਸ ਨੇ ਦੋਸ਼ੀ ਹਰਜਿੰਦਰ ਸਿੰਘ ਤੋਂ ਆਪਣੀ ਰਕਮ ਵਾਪਸ ਮੰਗੀ ਤਾਂ ਦੋਸ਼ੀ ਨੇ ਉਸ ਨੂੰ 4 ਲੱਖ ਰੁਪਏ ਦਾ ਇਕ ਚੈੱਕ ਦੇ ਕੇ ਭਰੋਸਾ ਦਿੱਤਾ ਕਿ ਉਹ ਬਾਕੀ ਦੀ ਤਿੰਨ ਲੱਖ ਰੁਪਏ ਦੀ ਰਕਮ ਚੈੱਕ ਪਾਸ ਹੋਣ ਤੋਂ ਬਾਅਦ ਦੇ ਦੇਵੇਗਾ ਪਰ ਹੁਣ ਜਦ ਉਕਤ ਚਾਰ ਲੱਖ ਦਾ ਚੈੱਕ ਬੈਂਕ ਵਿਚ ਲਗਾਇਆ ਤਾਂ ਰਕਮ ਨਾ ਹੋਣ ਕਾਰਨ ਉਹ ਬਾਊਂਸ ਹੋ ਗਿਆ।
ਹੁਣ ਜਦੋਂ ਉਹ ਦੋਸ਼ੀਆਂ ਤੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਰਹੇ ਹਨ। ਫਗਵਾੜਾ ਪੁਲਸ ਨੇ ਦੋਸ਼ੀ ਮੰਜੀਤ ਕੌਰ ਪਤਨੀ ਵਿਧੀ ਚੰਦ ਨਿਵਾਸੀ ਪਿੰਡ ਡੁਮੇਲੀ ਤੇ ਉਸ ਦੇ ਭਰਾ ਦੋਸ਼ੀ ਹਰਜਿੰਦਰ ਕੁਮਾਰ ਪੁੱਤਰ ਰਮੇਸ਼ ਲਾਲ ਵਾਸੀ ਪਿੰਡ ਬਿਲਗਾ ਦੇ ਵਿਰੁੱਧ ਧੋਖਾਦੇਹੀ ਦਾ ਪੁਲਸ ਕੇਸ ਦਰਜ ਕਰ ਲਿਆ ਹੈ। ਦੋਵੇਂ ਦੋਸ਼ੀ ਭੈਣ-ਭਰਾ ਫਰਾਰ ਹਨ। ਪੁਲਸ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
ਨੌਕਰੀ ਦਿਵਾਉਣ ਦੇ ਝਾਂਸੇ 'ਚ ਮਾਰੀ 13 ਲੱਖ ਦੀ ਠੱਗੀ
NEXT STORY