ਅੰਮ੍ਰਿਤਸਰ : ਜਿਸ ਭਤੀਜੇ ਨੂੰ ਆਪਣਾ ਪੁੱਤ ਸਮਝ ਕੇ ਪਾਲਿਆ, ਉਹੀ ਭਤੀਜਾ ਉਸ ਸਮੇਂ ਬੌਖਲਾ ਲਿਆ, ਜਦੋਂ 70 ਸਾਲ ਦੀ ਭੂਆ ਨੇ ਇਕ ਬੱਚੇ ਨੂੰ ਜਨਮ ਦੇ ਦਿੱਤਾ। ਭਤੀਜੇ ਨੂੰ ਲੱਗਿਆ ਕਿ ਹੁਣ ਤਾਂ ਭੂਆ ਦੀ ਸਾਰੀ ਜਾਇਦਾਦ ਦਾ ਵਾਰਸ ਨਵਜੰਮਿਆ ਬੱਚਾ ਹੀ ਹੋਵੇਗਾ, ਇਸੇ ਲਈ ਉਸ ਨੇ ਆਪਣੀ ਭੂਆ ਨੂੰ ਧਮਕੀਆਂ ਦਿੰਦੇ ਹੋਏ ਫਿਰੌਤੀ ਮੰਗੀ ਪਰ ਪੁਲਸ ਨੇ ਉਸ ਨੂੰ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਰਣਜੀਤ ਐਵਿਨਿਊ ਦੀ ਰਹਿਣ ਵਾਲੀ ਦਲਵਿੰਦਰ ਕੌਰ ਪਤਨੀ ਮਹਿੰਦਰ ਸਿੰਘ ਦੀ ਕੋਈ ਔਲਾਦ ਨਹੀਂ ਸੀ ਅਤੇ ਅਸ਼ੋਕ ਕੁਮਾਰ ਵਾਸੀ ਪਿੰਡ ਰਸੂਲਪੁਰ ਨਾਂ ਦੇ ਵਿਅਕਤੀ ਨੇ ਦਲਵਿੰਦਰ ਕੌਰ ਨੂੰ ਆਪਣੀ ਭੈਣ ਬਣਾਇਆ ਹੋਇਆ ਸੀ। ਉਕਤ ਜੋੜਾ ਅਸ਼ੋਕ ਕੁਮਾਰ ਦੇ ਪੁੱਤਰ ਅਖਿਲ ਨੂੰ ਹੀ ਆਪਣਾ ਪੁੱਤ ਮੰਨਦਾ ਸੀ ਅਤੇ ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਉਸ ਦੇ ਨਾਂ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ 10 ਮਈ, 2016 ਨੂੰ ਦਲਵਿੰਦਰ ਕੌਰ ਨੇ ਟੈਸਟ ਟਿਊਬ ਰਾਹੀਂ ਇਕ ਬੱਚੇ ਨੂੰ ਜਨਮ ਦਿੱਤਾ, ਜੋ ਕਿ ਅਖਿਲ ਕੋਲੋਂ ਬਰਦਾਸ਼ਤ ਨਹੀਂ ਹੋਇਆ। ਅਖਿਲ ਨੂੰ ਲੱਗਿਆ ਕਿ ਹੁਣ ਤਾਂ ਉਸ ਦੀ ਭੂਆ ਦੀ ਸਾਰੀ ਜਾਇਦਾਦ ਦਾ ਵਾਰਸ ਇਹ ਬੱਚਾ ਹੀ ਹੋਵੇਗਾ।
ਇਸ ਤੋਂ ਬਾਅਦ ਦੋਸ਼ੀ ਅਖਿਲ ਨੇ 29 ਜੁਲਾਈ ਨੂੰ ਉਕਤ ਜੋੜੇ ਨੂੰ ਮੋਬਾਇਲ 'ਤੇ ਨਵਜੰਮੇ ਬੱਚੇ ਨੂੰ ਅਗਵਾ ਕਰਨ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਕੋਲੋਂ 60 ਲੱਖ ਦੀ ਫਿਰੌਤੀ ਮੰਗੀ। ਜੋੜੇ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਫੋਨ ਟਰੇਸ ਕੀਤਾ ਤਾਂ ਹੌਲੀ-ਹੌਲੀ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ। ਇਸ ਤੋਂ ਬਾਅਦ ਦੋਸ਼ੀ ਅਖਿਲ ਸਮੇਤ ਉਸ ਦੇ ਦੋਸਤ ਦੀਪਕ ਕੁਮਾਰ ਵਾਸੀ ਤਰਨਤਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਇਨ੍ਹਾਂ ਦਾ ਤੀਜਾ ਸਾਥੀ ਅਜੇ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਤੀਜੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਪਾਕਿਸਤਾਨੀ ਲੋਕਾਂ ਨੇ ਵਾਹਗਾ ਸਰਹੱਦ 'ਤੇ ਲਾਏ ਭਾਰਤ ਖਿਲਾਫ ਨਾਅਰੇ
NEXT STORY