ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਵਤਨ ਪਰਤ ਆਈ। ਲਗਾਤਾਰ ਬੂੰਦਾ-ਬਾਂਦੀ ਦੇ ਵਿਚਕਾਰ ਏਅਰਪੋਰਟ 'ਤੇ ਪ੍ਰਸ਼ੰਸਕਾਂ ਨੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਏਅਰਪੋਰਟ ਤੋਂ ਬਾਹਰ ਆ ਕੇ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਨੇ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਭਾਰੀ ਸੁਰੱਖਿਆ ਪ੍ਰਬੰਧਾਂ ਦਰਮਿਆਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪ੍ਰਸ਼ੰਸਕਾਂ ਨੇ ਮੌਸਮ ਦੀ ਪਰਵਾਹ ਕੀਤੇ ਬਿਨਾਂ ਵੱਖ-ਵੱਖ ਨਾਅਰਿਆਂ ਵਾਲੇ ਬੈਨਰ ਅਤੇ ਰਾਸ਼ਟਰੀ ਝੰਡਾ ਲਹਿਰਾ ਕੇ ਖਿਡਾਰੀਆਂ ਦੀ ਝਲਕ ਪਾਉਣ ਲਈ ਇਕੱਠੇ ਹੋਏ। ਇਸ ਦੌਰਾਨ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਏਅਰਪੋਰਟ ਤੋਂ ਬਾਹਰ ਆਈ ਅਤੇ ਬੱਸ 'ਚ ਸਵਾਰ ਹੋਣ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਢੋਲ ਦੀ ਤਾਲ 'ਤੇ ਭੰਗੜਾ ਪਾਇਆ। ਇਸ ਦੌਰਾਨ ਸੂਰਿਆਕੁਮਾਰ ਵੀ ਆਪਣੀ ਖੁਸ਼ੀ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਭੰਗੜਾ ਕਰਦੇ ਨਜ਼ਰ ਆਏ। ਸੂਰਿਆਕਮਾਰ ਨੇ ਆਖਰੀ ਓਵਰ 'ਚ ਡੇਵਿਡ ਮਿਲਰ ਦਾ ਸ਼ਾਨਦਾਰ ਕੈਚ ਲੈ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਯੋਗਦਾਨ ਪਾਇਆ ਸੀ।
ਪਿਛਲੇ ਸ਼ਨੀਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਏਆਈਸੀ24ਡਬਲਊਸੀ 'ਏਅਰ ਇੰਡੀਆ ਚੈਂਪੀਅਨਜ਼ 24 ਵਿਸ਼ਵ ਕੱਪ' ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 4:50 ਵਜੇ ਬਾਰਬਾਡੋਸ ਤੋਂ ਰਵਾਨਾ ਹੋਇਆ ਅਤੇ 16 ਘੰਟਿਆਂ ਦੀ ਨਾਨ-ਸਟਾਪ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਸਵੇਰੇ 6 ਵਜੇ (ਭਾਰਤੀ ਸਮੇਂ) 'ਤੇ ਦਿੱਲੀ ਪਹੁੰਚਿਆ। ਬਾਰਬਾਡੋਸ 'ਚ ਤੂਫਾਨ 'ਬੇਰੀਲ' ਕਾਰਨ ਹਵਾਈ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਭਾਰਤੀ ਕ੍ਰਿਕਟ ਟੀਮ ਖਿਤਾਬ ਜਿੱਤਣ ਤੋਂ ਤੁਰੰਤ ਬਾਅਦ ਘਰ ਨਹੀਂ ਪਰਤ ਸਕੀ। ਇਸ ਦੌਰਾਨ ਪੂਰੀ ਟੀਮ ਆਪਣੇ ਹੋਟਲ 'ਚ ਰੁਕੀ ਹੋਈ ਸੀ।
ਵਿੰਬਲਡਨ : ਬੋਪੰਨਾ-ਐਬਡੇਨ ਦੂਜੇ ਦੌਰ 'ਚ ਪਹੁੰਚੇ
NEXT STORY