ਬਠਿੰਡਾ, (ਬਲਵਿੰਦਰ)- ਜ਼ਿਲਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਸਣੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ, ਜਦਕਿ ਦੋ ਹੋਰ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮਾਂ ਖਿਲਾਫ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਕੀਤੇ ਹਨ।
ਜਾਣਕਾਰੀ ਅਨੁਸਾਰ ਪੁਲਸ ਨੇ ਅਨਾਜ ਮੰਡੀ ਦੇ ਨੇੜੇ ਇਕ ਵਿਅਕਤੀ ਅਮਨਦੀਪ ਸਿੰਘ ਵਾਸੀ ਝੁਨੀਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਸਦਰ ਪੁਲਸ ਨੇ ਪਿੰਡ ਬੀੜ ਤਲਾਬ 'ਚ ਛਾਪਾਮਾਰੀ ਕਰ ਕੇ ਜੋਗਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 10 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਪਿੰਡ ਤੋਂ ਪੁਲਸ ਨੇ ਇਕ ਹੋਰ ਮੁਲਜ਼ਮ ਕਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਕ ਹੋਰ ਮਾਮਲੇ 'ਚ ਪਿੰਡ ਬੀੜ ਤਲਾਬ ਤੋਂ ਹੀ ਪੁਲਸ ਨੇ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਟਿਕਾਣੇ ਤੋਂ 30 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਉਧਰ, ਥਾਣਾ ਮੌੜ ਮੰਡੀ ਪੁਲਸ ਦੇ ਹੌਲਦਾਰ ਬਲਜੀਤ ਸਿੰਘ ਨੇ ਮੌੜ ਕਲਾਂ ਤੋਂ ਇਕ ਮੁਲਜ਼ਮ ਕੇ. ਦੀਪ ਦੇ ਕਬਜ਼ੇ 'ਚੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਆਇਆ। ਮੌੜ ਮੰਡੀ ਥਾਣੇ ਦੇ ਹੌਲਦਾਰ ਬਲਵੰਤ ਸਿੰਘ ਨੇ ਵੀ ਮੌੜ ਮੰਡੀ ਤੋਂ ਇਕ ਵਿਅਕਤੀ ਰਾਜੂ ਸਿੰਘ ਵਾਸੀ ਘੁੰਮਣ ਕਲਾਂ ਦੇ ਕਬਜ਼ੇ 'ਚੋਂ 5 ਬੋਤਲਾਂ ਹਰਿਆਣਾ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਪਰ ਮੁਲਜ਼ਮ ਫਰਾਰ ਹੋ ਗਿਆ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲੇ ਦਰਜ ਕਰ ਲਏ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸੰਗਤ ਮੰਡੀ, (ਮਨਜੀਤ)-ਥਾਣਾ ਸੰਗਤ ਦੀ ਪੁਲਸ ਵੱਲੋਂ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਮਛਾਣਾ ਵਿਖੇ ਹਰਿਆਣਾ ਮਾਰਕਾ ਸ਼ਰਾਬ ਦੀਆਂ 120 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਏ। ਸਹਾਇਕ ਥਾਣੇਦਾਰ ਬੁੱਧ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਇਲਾਕੇ ਦੇ ਪਿੰਡਾਂ 'ਚ ਗਸ਼ਤ ਲਗਾਈ ਜਾ ਰਹੀ ਸੀ। ਗਸ਼ਤ ਦੌਰਾਨ ਜਦ ਉਹ ਉਕਤ ਪਿੰਡ ਨਜ਼ਦੀਕ ਪਹੁੰਚੇ ਤਾਂ ਡੱਬਵਾਲੀ ਵਾਲੇ ਪਾਸਿਓਂ ਪਿੰਡ ਦੇ ਹੀ ਦੋ ਵਿਅਕਤੀ ਸ਼ੱਕੀ ਹਾਲਾਤ 'ਚ ਤੁਰੇ ਆ ਰਹੇ ਸਨ। ਜਦ ਉਨ੍ਹਾਂ ਸਾਹਮਣੇ ਪੁਲਸ ਪਾਰਟੀ ਦੇਖੀ ਤਾਂ ਉਹ ਹੱਥ 'ਚ ਫੜੇ ਗੱਟੇ ਨੂੰ ਸੁੱਟ ਕੇ ਫਰਾਰ ਹੋ ਗਏ, ਜਦ ਪੁਲਸ ਪਾਰਟੀ ਵੱਲੋਂ ਗੱਟੇ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 120 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਬਰਾਮਦ ਹੋਈਆਂ। ਫਰਾਰ ਵਿਅਕਤੀਆਂ ਦੀ ਪਛਾਣ ਰਾਜਪਾਲ ਸਿੰਘ ਪੁੱਤਰ ਮਾਧੋ ਦਾਸ ਤੇ ਲਖਵਿੰਦਰ ਸਿੰਘ ਪੁੱਤਰ ਮੋਹਨ ਲਾਲ ਵਾਸੀਆਨ ਮਛਾਣਾ ਦੇ ਤੌਰ 'ਤੇ ਕੀਤੀ ਗਈ। ਪੁਲਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਬੁਢਲਾਡਾ, (ਬਾਂਸਲ)-ਸਥਾਨਕ ਸਿਟੀ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਹਰਿਆਣੇ ਦੀ ਠੇਕਾ ਸ਼ਰਾਬ ਦੇਸੀ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਈ. ਟੀ. ਆਈ. ਭੀਖੀ ਰੋਡ 'ਤੇ ਪੁਲਸ ਵੱਲੋਂ ਲਾਏ ਗਏ ਚੈਕਿੰਗ ਨਾਕੇ ਦੌਰਾਨ ਹੌਲਦਾਰ ਜਸਵਿੰਦਰ ਸਿੰਘ ਨੇ ਸਾਹਮਣਿਓਂ ਆ ਰਹੀ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਦੀ ਚੈਕਿੰਗ ਦੌਰਾਨ ਸਿਪਾਹੀ ਅਮਨਪ੍ਰੀਤ ਸਿੰਘ ਨੂੰ ਕਾਰ 'ਚੋਂ 144 ਬੋਤਲਾਂ ਮੋਟਾ ਸੰਤਰਾ ਹਰਿਆਣਾ ਦੇਸੀ ਸ਼ਰਾਬ ਬਰਾਮਦ ਹੋਈ, ਜਿਸ 'ਤੇ ਕਾਰ ਚਾਲਕ ਭੂਸ਼ਨ ਕੁਮਾਰ ਪੁੱਤਰ ਰਤਨ ਲਾਲ ਵਾਸੀ ਭੀਖੀ ਨੂੰ ਕਾਰ ਤੇ ਨਾਜਾਇਜ਼ ਸ਼ਰਾਬ ਸਮੇਤ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਸਰੇ ਪਾਸੇ ਸ਼ਰਾਬ ਠੇਕੇਦਾਰ ਦੇ ਬੁਲਾਰੇ ਆਸ਼ੀਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਕੁਝ ਸ਼ਰਾਬ ਮਾਫੀਆ ਲੰਬੇ ਸਮੇਂ ਤੋਂ ਹਰਿਆਣੇ 'ਚੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਭਾਅ ਇਸ ਖੇਤਰ 'ਚ ਵੇਚ ਰਹੇ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਇਕ ਦਰਜਨ ਦੇ ਕਰੀਬ ਸ਼ਰਾਬ ਮਾਫੀਆ ਇਸ ਖੇਤਰ 'ਚ ਨਾਜਾਇਜ਼ ਸ਼ਰਾਬ ਵੇਚ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਸ਼ਰਾਬ ਮਾਫੀਆ ਨੂੰ ਨਕੇਲ ਪਾਈ ਜਾਵੇ।
ਬਰੇਟਾ, (ਸਿੰਗਲਾ)-ਪੁਲਸ ਵੱਲੋਂ 3 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 23 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਸਥਾਨਕ ਪੁਲਸ ਵੱਲੋਂ ਗਸ਼ਤ ਦੌਰਾਨ ਪ੍ਰਗਟ ਸਿੰਘ ਅਤੇ ਜੱਗਾ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 11 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਅਤੇ ਨਰੇਸ਼ ਕੁਮਾਰ ਮੌੜ ਨੂੰ ਕਾਬੂ ਕਰ ਕੇ ਉਸ ਕੋਲੋਂ 12 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਬਰਾਮਦ ਕਰ ਕੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼
NEXT STORY