ਚੰਡੀਗੜ੍ਹ (ਸੁਸ਼ੀਲ) : ਸੈਕਟਰ-27 ਦੇ ਸ਼ੋਅਰੂਮ ਦੀ ਪਹਿਲੀ ਮੰਜ਼ਲ ’ਤੇ ਇਕੱਲੀ ਰਹਿ ਰਹੀ ਬਜ਼ੁਰਗ ਔਰਤ ਨੂੰ ਚਾਰ ਹਥਿਆਰਬੰਦ ਲੁਟੇਰਿਆਂ ਨੇ ਬੰਧਕ ਬਣਾ ਕੇ 80 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਲੁੱਟ ਲਈ। ਲੁਟੇਰਿਆਂ ਨੇ ਬਜ਼ੁਰਗ ਦੇ ਹੱਥ-ਪੈਰ ਬੰਨ੍ਹ ਦਿੱਤੇ। ਲੁੱਟ-ਖੋਹ ਕਰਨ ਤੋਂ ਬਾਅਦ ਸਾਹਮਣੇ ਹੀ ਲੁਟੇਰੇ ਚਰਸ ਪੀਂਦੇ ਰਹੇ ਤੇ ਫਰਾਰ ਹੋ ਗਏ। ਔਰਤ ਨੇ ਲੁੱਟ ਦੀ ਜਾਣਕਾਰੀ ਅਮਰੀਕਾ ਰਹਿ ਰਹੀ ਧੀ ਨੂੰ ਦਿੱਤੀ।
ਸੈਕਟਰ-26 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਫੋਰੈਂਸਿਕ ਮੋਬਾਈਲ ਟੀਮ ਨੇ ਮੌਕੇ ਤੋਂ ਲੁਟੇਰਿਆਂ ਦੇ ਫਿੰਗਰ ਪ੍ਰਿੰਟ ਲੈ ਲਏ। ਮੁਲਜ਼ਮ ਤੇਜ਼ਧਾਰ ਹਥਿਆਰ ਮੌਕੇ ’ਤੇ ਹੀ ਛੱਡ ਗਏ। ਸੈਕਟਰ-26 ਥਾਣਾ ਪੁਲਸ ਨੇ ਰਕਸ਼ਾ ਸ਼ਰਮਾ (82) ਦੀ ਸ਼ਿਕਾਇਤ ’ਤੇ ਚਾਰੋਂ ਬਦਮਾਸ਼ਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੋ ਵੱਖ-ਵੱਖ ਬਾਈਕਾਂ ’ਤੇ ਆਏ ਲੁਟੇਰੇ, ਬੋਲ ਰਹੇ ਸੀ ਹਰਿਆਣਵੀ
ਰਕਸ਼ਾ ਸ਼ਰਮਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਸੈਕਟਰ-27 ਦੇ ਐੱਸ.ਸੀ.ਐੱਫ. ਨੰਬਰ-1 ਦੀ ਪਹਿਲੀ ਮੰਜ਼ਲ ’ਤੇ ਇਕੱਲੀ ਰਹਿੰਦੀ ਹੈ। ਮੰਗਲਵਾਰ ਤੜਕੇ ਕਰੀਬ 3:10 ਵਜੇ ’ਤੇ ਚਾਰ ਬਦਮਾਸ਼ ਮੂੰਹ ’ਤੇ ਕੱਪੜਾ ਬੰਨ੍ਹ ਕੇ ਘਰ ’ਚ ਦਾਖ਼ਲ ਹੋਏ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਉਸ ਦੇ ਹੱਥ ਕੱਪੜੇ ਨਾਲ ਬੰਨ੍ਹ ਦਿੱਤੇ। ਬਦਮਾਸ਼ ਅਲਮਾਰੀ ’ਚੋਂ 80 ਲੱਖ ਦੇ ਗਹਿਣੇ, 37 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਲੈ ਗਏ। ਹਾਲਾਂਕਿ ਤੀਜਾ ਮੋਬਾਈਲ ਉਨ੍ਹਾਂ ਦੀ ਨਜ਼ਰ ਤੋਂ ਬਚ ਗਿਆ। ਬਾਅਦ ’ਚ ਬਦਮਾਸ਼ ਕਰੀਬ 25 ਮਿੰਟ ਤੱਕ ਘਰ ’ਚ ਹੀ ਚਰਸ ਪੀਂਦੇ ਰਹੇ। ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਦੋ ਵੱਖ-ਵੱਖ ਬਾਈਕਾਂ ’ਤੇ ਆਏ ਸਨ। ਲੁਟੇਰੇ ਹਰਿਆਣਵੀ ਬੋਲ ਰਹੇ ਸਨ। ਉਸ ਨੇ ਦੱਸਿਆ ਕਿ ਇਕ ਮੁਲਜ਼ਮ ਉਸ ਦੇ ਸਿਰ ’ਤੇ ਹਥਿਆਰ ਲੈ ਕੇ ਖੜ੍ਹਾ ਹੋ ਗਿਆ। ਹਾਲਾਂਕਿ ਉਸ ਨੂੰ ਚਿਹਰੇ ਨਹੀਂ ਦੇਖੇ।
ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਤੇ ਚੂੜਾ ਪਾ ਕੇ ਮੰਡਪ 'ਚ ਬੈਠੀ ਰਹੀ ਲਾੜੀ ਪਰ ਨਾ ਆਈ ਬਰਾਤ, ਹੈਰਾਨ ਕਰ ਦੇਵੇਗੀ ਵਜ੍ਹਾ
ਟ੍ਰਾਂਸਫਾਰਮਰ ਰਾਹੀਂ ਹੋਏ ਅੰਦਰ ਦਾਖ਼ਲ, ਅੰਦਰਲੇ ਵਿਅਕਤੀ ’ਤੇ ਮਿਲੀਭੁਗਤ ਦਾ ਸ਼ੱਕ
ਜਾਂਚ ’ਚ ਸਾਹਮਣੇ ਆਇਆ ਕਿ ਬਦਮਾਸ਼ਾਂ ਨੇ ਘਰ ’ਚ ਦਾਖ਼ਲ ਹੋਣ ਲਈ ਟ੍ਰਾਂਸਫਾਰਮਰ ਦੀ ਗਰਿੱਲ ਦੀ ਵਰਤੋਂ ਕੀਤੀ। ਉਨ੍ਹਾਂ ਨੇ ਘਰ ਅੰਦਰ ਕੰਧ ’ਤੇ ਚੜ੍ਹਨ ਲਈ ਟਾਇਰਾਂ ਦਾ ਸਹਾਰਾ ਲਿਆ। ਪੁਲਸ ਨੂੰ ਸ਼ੱਕ ਹੈ ਕਿ ਕਿਸੇ ਅੰਦਰਲੇ ਵਿਅਕਤੀ ਦੀ ਮਿਲੀਭੁਗਤ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਕਿਉਂਕਿ ਬਦਮਾਸ਼ਾਂ ਨੂੰ ਪੀੜਤਾ ਦੀ ਰੂਟੀਨ ਤੇ ਘਰ ਦੀ ਜਾਣਕਾਰੀ ਸੀ।
ਫੋਨ ਆਉਣ ਤੋਂ ਬਾਅਦ ਸਵੇਰੇ 5 ਵਜੇ ਖੋਲ੍ਹਿਆ ਦਰਵਾਜ਼ਾ
ਔਰਤ ਦੀ ਦੇਖਭਾਲ ਕਰਨ ਵਾਲੇ ਦੀਪਕ ਨੇ ਦੱਸਿਆ ਕਿ ਉਸ ਨੂੰ ਸਵੇਰੇ 5 ਵਜੇ ਆਂਟੀ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਉਸ ਨੇ ਬਾਹਰੋਂ ਗੇਟ ਖੋਲ੍ਹਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਲ ਹੀ ਕਈ ਪਹਿਲੂਆਂ ’ਤੇ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਹਰ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਏਜੰਟ ਪਤੀ-ਪਤਨੀ ਹੁਣ ਜਾਣਗੇ ‘ਅੰਦਰ’
NEXT STORY