ਬੁਢਲਾਡਾ (ਬਾਂਸਲ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ’ਚ ਇਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ, ਜਿਸ ’ਚ ਪੰਜਾਬ ’ਚੋਂ ਪਹਿਲੇ ਸਥਾਨ ’ਤੇ ਬੁਢਲਾਡਾ ਦੇ ਕੈਪਟਨ ਕੇ. ਕੇ. ਗੌੜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ 2 ਵਿਦਿਆਰਥਣਾਂ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਭਰ ’ਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਐਲਾਨੇ ਗਏ ਨਤੀਜਿਆ ’ਚ ਪਹਿਲੇ ਸਥਾਨ ’ਤੇ ਲਵਪ੍ਰੀਤ ਕੌਰ ਅਤੇ ਦੂਸਰੇ ਸਥਾਨ ’ਤੇ ਗੁਰਅੰਕਿਤ ਕੌਰ ਨੇ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਦਾ ਭਖ਼ਿਆ ਅਖਾੜਾ, CM ਮਾਨ ਨੇ ਵੱਖ-ਵੱਖ ਪਿੰਡਾਂ ’ਚ ਕੀਤੇ ਰੋਡ ਸ਼ੋਅ (ਤਸਵੀਰਾਂ)
ਅੱਜ ਸ਼ਹਿਰ ’ਚ ਜਿੱਥੇ ਉਪਰੋਕਤ ਨਤੀਜੇ ਨੂੰ ਲੈ ਕੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਮੱਧਵਰਗੀ ਅਤੇ ਗਰੀਬ ਪਰਿਵਾਰ ਨਾਲ ਸਬੰਧਤ ਪਰਿਵਾਰਾਂ ਦੇ ਘਰਾਂ ’ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਨੇ ਪੰਜਾਬ ਭਰ ’ਚੋਂ ਅੱਵਲ ਆਉਣ ਵਾਲੀਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਮੁਕੇਸ਼ ਸਿੰਗਲਾ, ਬਿਮਲ ਜੈਨ, ਰਣਜੀਤ ਸਿੰਘ, ਰਾਜਪਾਲ ਸਿੰਘ ਨੇ ਕਿਹਾ ਕਿ ਗ਼ਰੀਬ ਪਰਿਵਾਰ ਦੇ ਬੱਚੇ ਦਾ ਇਸ ਮੁਕਾਮ ਤੱਕ ਪਹੁੰਚਣਾ ਦੂਸਰੇ ਵਿਦਿਆਰਥੀਆਂ ਲਈ ਇਕ ਮਾਰਗ ਦਰਸ਼ਨ ਹੋਵੇਗਾ। ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਵੀ ਉਨ੍ਹਾਂ ਦੇ ਸਪੁੱਤਰ ਰਾਜਪਾਲ ਨੇ ਉਪਰੋਕਤ ਵਿਦਿਆਰਥਣਾਂ ਨੂੰ ਗੁਲਦਸਤੇ ਦੇ ਕੇ ਵਧਾਈ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ਤੋਂ ਪਰਤ ਰਹੇ 3 ਵਿਅਕਤੀਆਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰਾਂ ’ਚ ਵਿਛੇ ਸੱਥਰ
ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਲਵਪ੍ਰੀਤ ਬਣਨਾ ਚਾਹੁੰਦੀ ਹੈ ਆਈ. ਏ. ਐੱਸ. ਅਫ਼ਸਰ
ਲਵਪ੍ਰੀਤ ਕੌਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਉਨ੍ਹਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਮਾਪਿਆਂ ਦੇ ਸਹਿਯੋਗ ਕਾਰਨ ਉਹ ਇਸ ਮੁਕਾਮ ’ਤੇ ਪਹੁੰਚੀ ਹੈ। ਉਹ ਇਕ ਆਈ. ਏ. ਐੱਸ. ਅਫ਼ਸਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਪਿਤਾ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦਿਨ-ਰਾਤ ਮਿਹਨਤ ਕਰਕੇ ਆਪਣੇ ਮਿੱਥੇ ਟੀਚੇ ਨੂੰ ਪੂਰੀ ਸਫ਼ਲਤਾ ਨਾਲ ਅੱਗੇ ਵਧਾ ਰਹੀ ਹੈ। ਮੈਂ ਅਤੇ ਮਾਤਾ ਨੀਲਮ ਕੌਰ ਹਮੇਸ਼ਾ ਉਸ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੰਦੇ ਆ ਰਹੇ ਹਨ।
ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਗੁਰਅੰਕਿਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਗੁਰਅੰਕਿਤ ਕੌਰ ਨੇ ਕਿਹਾ ਕਿ ਉਹ ਡਾਕਟਰ ਬਣ ਕੇ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੀ ਹੈ। ਪਿਤਾ ਸੁਖਵਿੰਦਰ ਸਿੰਘ ਤੇ ਮਾਤਾ ਬਲਵੀਰ ਕੌਰ ਨੇ ਉਨ੍ਹਾਂ ਦੀ ਸਕੂਲ ਇੰਚਾਰਜ ਮੈਡਮ ਰੇਖਾ ਅਤੇ ਪ੍ਰਿੰਸੀਪਲ ਮੁਕੇਸ਼ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਸਟਾਫ ਦਾ ਵਿਸ਼ੇਸ਼ ਸਹਿਯੋਗ ਮਿਲਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਦੋਵੇਂ ਲੜਕੀਆਂ ਹੋਰ ਵਿਦਿਆਰਥਣਾਂ ਲਈ ਅੱਗੇ ਵਧਣ ਲਈ ਪ੍ਰੇਰਣਾਸ੍ਰੋਤ ਬਣਨਗੀਆਂ। ਵਾਰਡ ਨੰ. 17 ਦੇ ਕੌਂਸਲਰ ਗੁਰਪ੍ਰੀਤ ਕੌਰ ਚਹਿਲ ਅਤੇ ਤਰਜੀਤ ਚਹਿਲ ਨੇ ਵੀ ਇਨ੍ਹਾਂ ਬੱਚੀਆਂ ਨੂੰ ਵਧਾਈਆਂ ਦਿੱਤੀਆਂ।
ਦੋਸਤ ਨੇ ਦੋਸਤ ਨੂੰ ਦਿੱਤੀ ਰੂਹ ਕੰਬਾਊ ਮੌਤ, ਮੂੰਹ ’ਤੇ ਰਾਡ ਨਾਲ ਵਾਰ ਕਰਕੇ ਕੀਤਾ ਕਤਲ
NEXT STORY