ਸ੍ਰੀ ਮੁਕਤਸਰ ਸਾਹਿਬ, (ਤਨੇਜਾ, ਖ਼ੁਰਾਣਾ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਦੀ ਆਫਤ ਕਾਰਣ 5 ਅਪ੍ਰੈਲ ਨੂੰ ਰਾਤ ਦੇ 9 ਵਜੇ ਬਿਨਾਂ ਇਲੈਕਟ੍ਰੋਨਿਕ ਯੰਤਰਾਂ ਤੋਂ ਰੌਸ਼ਨੀ ਕਰਨ ਦੀ ਅਪੀਲ ਦਾ ਅਸਰ ਸ਼ਹਿਰ ਅੰਦਰ ਵਿਖਾਈ ਦਿੱਤਾ। ਸ਼ੁੱਕਰਵਾਰ ਦੇਰ ਰਾਤ ਦਿੱਤੇ ਇਸ ਸੱਦੇ ਦਾ ਅਸਰ ਭਾਵੇਂ ਲੋਕਾਂ ਅੰਦਰ ਪਹਿਲਾਂ ਹੀ ਸੀ, ਪਰ ਜਿਵੇਂ ਹੀ ਐਤਵਾਰ ਦੀ ਸ਼ਾਮ ਢਲਣ ਲੱਗੀ ਤਾਂ ਲੋਕਾਂ ਅੰਦਰ ਮੋਮਬੱਤੀਆਂ, ਦੀਵੇ ਅਤੇ ਮੋਬਾਇਲ ਚਾਰਜਿੰਗ ਕਰਨ ਦਾ ਸਿਲਸਿਲਾ ਇੱਕਦਮ ਤੇਜ਼ ਹੋ ਗਿਆ। ਬਾਜ਼ਾਰ ਬੰਦ ਹੋਣ ਦੇ ਕਾਰਨ ਲੋਕ ਇਕ ਦੂਜੇ ਦੇ ਘਰੋਂ ਮੋਮਬੱਤੀਆਂ, ਸਰ੍ਹੋ ਦਾ ਤੇਲ ਵੀ ਮੰਗਦੇ ਨਜ਼ਰ ਆਏ। ਜਿਵੇਂ ਹੀ ਰਾਤ ਦੇ ਠੀਕ 9 ਵਜੇ, ਲੋਕ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ’ਤੇ ਚਡ਼੍ਹੇ, ਜਿਸ ਤੋਂ ਬਾਅਦ ਚਾਰੇ ਪਾਸੇ ਇੱਕਦਮ ਮੱਧਮ ਰੌਸ਼ਨੀ ਪ੍ਰਗਟ ਹੁੰਦੀ ਰਹੀ। ਠੀਕ 9 ਵਜੇ ਬਣੇ ਇਸ ਨਜ਼ਾਰੇ ਨਾਲ ਪੂਰੇ 9 ਮਿੰਟ ਤੱਕ ਲੋਕ ਜੁਡ਼ਦੇ ਰਹੇ ਤੇ ਕਰੀਬ 9.10 ਵਜੇ ਤੱਕ ਸ਼ਹਿਰ ਦੀ ਅਲੱਗ ਹੀ ਤਸਵੀਰ ਬਣੀ ਰਹੀ। ਅਚਾਨਕ ਤੇਜ਼ ਹਵਾਵਾਂ ਦੇ ਚਲਦਿਆਂ ਦੀਵੇ ਅਤੇ ਮੋਮਾਬਤੀਆਂ ਦੀ ਜਗ੍ਹਾ ’ਤੇ ਲੋਕ ਬੈਟਰੀਆਂ ਜਗਾਉਂਦੇ ਨਜ਼ਰ ਆਏ ਸਵਾ 9 ਵਜੇ ਦੇ ਕਰੀਬ ਲੋਕ ਵਾਪਸ ਆਪਣੇ ਘਰਾਂ ਅੰਦਰ ਦਾਖ਼ਲ ਹੋਣਾ ਸ਼ੁਰੂ ਹੋ ਗਏ, ਪਰ ਖ਼ਬਰ ਲਿਖੇ ਜਾਣ ਤੱਕ ਤਾਡ਼ੀਆਂ ਦੀ ਗੂੰਜ ਸੁਣਾਈ ਦਿੰਦੀ ਰਹੀ।
ਗ੍ਰਾਮ ਪੰਚਾਇਤਾਂ ਨੂੰ ਮਹੀਨੇ 'ਚ 50000 ਰੁਪਏ ਖਰਚ ਕਰਨ ਦੇ ਦਿੱਤੇ ਅਧਿਕਾਰ : ਤ੍ਰਿਪਤ ਬਾਜਵਾ
NEXT STORY