ਅੰਮ੍ਰਿਤਸਰ, (ਨੀਰਜ)- ਸਟੇਟ ਟਰਾਂਸਪੋਰਟ ਵਿਭਾਗ ਦੇ ਕੁਝ ਉੱਚ ਅਧਿਕਾਰੀਆਂ ਵੱਲੋਂ ਕਈ ਵਾਰ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਜ ਦੇ ਸਾਰੇ ਆਰ. ਟੀ. ਏ. (ਰਿਜਨਲ ਟਰਾਂਸਪੋਰਟ ਅਥਾਰਟੀ) ਦੇ ਦਫਤਰਾਂ 'ਚ ਆਰ. ਸੀ. ਬਣਾਉਣ ਦਾ ਪੁਰਾਣਾ ਵਾਹਨ ਵਰਜ਼ਨ ਖਤਮ ਕਰ ਦਿੱਤਾ ਗਿਆ ਹੈ ਅਤੇ ਨਵਾਂ 4.0 ਵਰਜ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਅੰਮ੍ਰਿਤਸਰ ਜ਼ਿਲੇ ਦੇ ਆਰ. ਟੀ. ਏ. ਦਫਤਰ ਦੀ ਗੱਲ ਕਰੀਏ ਤਾਂ ਇਹ ਸੱਚਾਈ ਤੋਂ ਕੋਹਾਂ ਦੂਰ ਹੈ ਅਤੇ ਇਕ ਹਫ਼ਤੇ ਤੋਂ ਬਾਅਦ ਵੀ ਵਾਹਨ 4.0 ਵਰਜ਼ਨ ਅੰਮ੍ਰਿਤਸਰ ਵਿਚ ਸ਼ੁਰੂ ਨਹੀਂ ਹੋ ਸਕਿਆ, ਉਲਟਾ ਇਸ ਤੋਂ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਮੁੱਖ ਰੂਪ 'ਚ ਟਰਾਂਸਪੋਰਟਰ ਤੇ ਡੀਲਰ ਸ਼ਾਮਲ ਹਨ ਕਿਉਂਕਿ ਉਨ੍ਹਾਂ ਦੀ ਨਵੇਂ ਵਰਜ਼ਨ ਵਿਚ ਆਰ. ਸੀ. ਨਹੀਂ ਬਣ ਰਹੀ। ਇੰਨਾ ਹੀ ਨਹੀਂ, ਨਵੇਂ ਵਰਜ਼ਨ ਦੀ ਸ਼ੁਰੂਆਤ ਨਾ ਹੋਣ ਕਾਰਨ 200 ਤੋਂ ਵੱਧ ਵਾਹਨਾਂ ਦੀ ਪਾਸਿੰਗ ਦੇ ਕੰਮ 'ਤੇ ਵੀ ਬ੍ਰੇਕ ਲੱਗ ਗਈ ਹੈ ਕਿਉਂਕਿ ਪਾਸਿੰਗ ਫੀਸ ਦੀ ਮੈਨੂਅਲੀ ਸਲਿਪ ਬੰਦ ਕਰ ਦਿੱਤੀ ਗਈ ਹੈ ਅਤੇ ਨਵਾਂ ਸਿਸਟਮ ਸ਼ੁਰੂ ਨਾ ਹੋਣ ਕਾਰਨ ਆਨਲਾਈਨ ਸਲਿਪ ਨਹੀਂ ਨਿਕਲ ਰਹੀ।
ਇਸ ਮਾਮਲੇ 'ਚ ਟਰਾਂਸਪੋਰਟਰਾਂ ਨੂੰ ਵੱਧ ਪ੍ਰੇਸ਼ਾਨੀ ਇਸ ਲਈ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਵਾਹਨਾਂ ਦੀ ਹਰ ਸਾਲ ਪਾਸਿੰਗ ਕਰਵਾਉਣੀ ਹੁੰਦੀ ਹੈ ਅਤੇ ਇਸ ਦੇ ਲਈ ਇਕ ਤੈਅ ਸਮਾਂ ਮਿਆਦ ਹੁੰਦੀ ਹੈ, ਇਸ ਵਿਚ ਸਮਾਂ ਮਿਆਦ 'ਚ ਜੇਕਰ ਵਾਹਨ ਦੀ ਪਾਸਿੰਗ ਨਹੀਂ ਹੁੰਦੀ ਤਾਂ ਟਰਾਂਸਪੋਰਟਰ ਦਾ ਨੁਕਸਾਨ ਹੁੰਦਾ ਹੈ। ਅੱਜ ਕੁਝ ਟਰਾਂਸਪੋਰਟਰਾਂ ਵੱਲੋਂ ਇਸ ਸਬੰਧੀ ਆਰ. ਟੀ. ਏ. ਕੰਵਲਜੀਤ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਟਰਾਂਸਪੋਰਟਰਾਂ ਦੀ ਸਮੱਸਿਆ ਨੂੰ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ।
ਅੰਮ੍ਰਿਤਸਰ ਦੇ ਵਾਹਨਾਂ ਦਾ ਰਿਕਾਰਡ ਪੋਰਟ ਨਹੀਂ ਕਰ ਸਕੀ ਐੱਨ. ਆਈ. ਸੀ.
ਆਰ. ਸੀ. ਬਣਾਉਣ ਦੇ ਨਵੇਂ ਵਰਜ਼ਨ 4.0 'ਚ ਸਭ ਤੋਂ ਵੱਡੀ ਰੁਕਾਵਟ ਇਹ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਜ਼ਿਲੇ ਦੇ ਵਾਹਨਾਂ ਦਾ ਸਾਰਾ ਰਿਕਾਰਡ ਐੱਨ. ਆਈ. ਸੀ. ਅਜੇ ਤੱਕ ਪੋਰਟ ਨਹੀਂ ਕਰ ਸਕੀ (ਇਸ ਨੂੰ ਇਕ ਮਾਇਨੇ ਵਿਚ ਪੁਰਾਣੇ ਰਿਕਾਰਡ ਨੂੰ ਆਨਲਾਈਨ ਕੀਤਾ ਜਾਣਾ ਕਿਹਾ ਜਾ ਸਕਦਾ ਹੈ)। ਜਦੋਂ ਤੱਕ ਸਾਰਾ ਰਿਕਾਰਡ ਪੋਰਟ ਨਹੀਂ ਹੋਵੇਗਾ ਉਦੋਂ ਤੱਕ ਵਾਹਨ 4.0 ਵਰਜ਼ਨ ਸ਼ੁਰੂ ਨਹੀਂ ਹੋ ਸਕਦਾ, ਹਾਲਾਂਕਿ ਐੱਨ. ਆਈ. ਸੀ. ਦੀ ਟੀਮ ਅੰਮ੍ਰਿਤਸਰ ਜ਼ਿਲੇ ਦੇ ਵਾਹਨਾਂ ਦਾ ਰਿਕਾਰਡ ਪੋਰਟ ਕਰਨ ਲਈ ਕੰਮ ਕਰ ਰਹੀ ਹੈ ਪਰ ਮਾਹਿਰਾਂ ਦੀ ਸੁਣੀਏ ਤਾਂ ਅਜੇ 2 ਹਫ਼ਤੇ ਤੱਕ ਨਵਾਂ ਵਰਜ਼ਨ ਸ਼ੁਰੂ ਨਹੀਂ ਹੋ ਸਕੇਗਾ ਕਿਉਂਕਿ ਰਿਕਾਰਡ ਪੋਰਟ ਕਰਨ ਵਿਚ ਅਜੇ ਸਮਾਂ ਲੱਗ ਸਕਦਾ ਹੈ।
ਇੰਟਰਨੈੱਟ ਸੇਵਾ ਪਵਨ ਤੋਂ ਬਿਨਾਂ ਨਹੀਂ ਚੱਲੇਗਾ 4.0
ਆਰ. ਸੀ. ਬਣਾਉਣ ਲਈ ਨਵੇਂ ਵਰਜ਼ਨ ਵਿਚ ਇਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰੀ ਇੰਟਰਨੈੱਟ ਸੇਵਾ ਪਵਨ ਦੀ ਅਟੈਚਮੈਂਟ ਤੋਂ ਬਿਨਾਂ ਵਾਹਨ 4.0 ਨਹੀਂ ਚੱਲ ਸਕੇਗਾ ਕਿਉਂਕਿ ਇਸ ਨਵੇਂ ਵਰਜ਼ਨ ਨੂੰ ਚਲਾਉਣ ਲਈ ਫਾਸਟ ਇੰਟਰਨੈੱਟ ਸੇਵਾ ਦੀ ਲੋੜ ਹੁੰਦੀ ਹੈ, ਜੋ ਪਵਨ ਹੀ ਦੇ ਸਕਦੀ ਹੈ। ਮੁੱਖ ਰੂਪ 'ਚ ਪਵਨ ਦੀਆਂ ਸੇਵਾਵਾਂ ਪੁਲਸ ਦੀਆਂ ਵੱਖ-ਵੱਖ ਸ਼ਾਖਾਵਾਂ ਅਤੇ ਹੋਰ ਸੁਰੱਖਿਆ ਏਜੰਸੀਆਂ ਲੈ ਰਹੀਆਂ ਹਨ। ਇਹ ਸੇਵਾ ਅਜੇ ਕੁਝ ਇਲਾਕਿਆਂ ਵਿਚ ਮੁਹੱਈਆ ਨਹੀਂ ਹੈ, ਇਸ ਲਈ ਨਵੇਂ ਵਰਜ਼ਨ ਵਿਚ ਸਮੱਸਿਆਵਾਂ ਵੱਧ ਨਜ਼ਰ ਆ ਰਹੀਆਂ ਹਨ।
ਅੱਜ ਵੀ ਚਰਚਾ 'ਚ ਰਹਿੰਦਾ ਹੈ ਅੰਮ੍ਰਿਤਸਰ ਦਾ ਲਗਜ਼ਰੀ ਕਾਰ ਘੋਟਾਲਾ
ਵਾਹਨਾਂ ਦੀ ਆਰ. ਸੀ. ਬਣਾਉਣ ਦਾ ਸਿਸਟਮ ਵਾਹਨ 4.0 ਵਿਚ ਇਸ ਲਈ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਕਿ ਚੋਰੀ ਦੇ ਵਾਹਨਾਂ ਦੀ ਵਿਕਰੀ ਰੁਕ ਸਕੇ। ਮੈਨੂਅਲੀ ਆਰ. ਸੀ. ਬਣਾਉਣ ਵਿਚ ਕਈ ਵੱਡੇ ਘਪਲੇ ਸਾਹਮਣੇ ਆਉਂਦੇ ਰਹੇ ਹਨ, ਜਿਨ੍ਹਾਂ 'ਚ ਅੰਮ੍ਰਿਤਸਰ ਜ਼ਿਲੇ ਦਾ ਲਗਜ਼ਰੀ ਚੋਰੀ ਦੀਆਂ ਗੱਡੀਆਂ ਦਾ ਘੋਟਾਲਾ ਪੰਜਾਬ ਦੇ ਸਭ ਤੋਂ ਵੱਡੇ ਘੋਟਾਲਿਆਂ 'ਚੋਂ ਇਕ ਮੰਨਿਆ ਜਾਂਦਾ ਹੈ ਅਤੇ ਅੱਜ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਵਿਚ ਲਗਜ਼ਰੀ ਚੋਰੀ ਦੀਆਂ ਗੱਡੀਆਂ ਨੂੰ ਖਰੀਦਣ ਵਾਲੇ ਕੁਝ ਨੇਤਾ ਵੀ ਸਨ, ਜੋ ਰਹੱਸਮਈ ਤਰੀਕੇ ਨਾਲ ਇਸ ਕੇਸ ਤੋਂ ਬਾਹਰ ਕੱਢ ਦਿੱਤੇ ਗਏ। ਇਸ ਕੇਸ 'ਚ ਡੀ. ਟੀ. ਓ. ਦਫਤਰ ਦੇ ਇਕ ਕਲਰਕ ਨੇ ਚੋਰ ਨਾਲ ਮਿਲ ਕੇ ਬਾਹਰੀ ਰਾਜਾਂ ਦੀਆਂ ਚੋਰੀ ਦੀਆਂ ਗੱਡੀਆਂ ਨੂੰ ਅੰਮ੍ਰਿਤਸਰ ਜ਼ਿਲੇ ਦਾ ਨੰਬਰ ਲਾ ਦਿੱਤਾ ਅਤੇ ਡੀ. ਟੀ. ਓ. ਤੋਂ ਲੈ ਕੇ ਆਰ. ਸੀ. 'ਤੇ ਲੱਗਣ ਵਾਲੇ ਸਾਰੇ ਹਸਤਾਖਰ ਆਪਣੇ-ਆਪ ਕੀਤੇ ਪਰ ਵਾਹਨ 4.0 ਵਿਚ ਅਜਿਹਾ ਸੰਭਵ ਨਹੀਂ ਹੋ ਸਕੇਗਾ।
ਕਾਮਰੇਡਾਂ ਵੱਲੋਂ ਪੁਲਸ ਖਿਲਾਫ ਰੋਸ ਧਰਨਾ
NEXT STORY