ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ): ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਖਿੱਚੋਤਾਣ ਨੂੰ ਲੈ ਕੇ ਅੱਜ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਟੇਜ ਤੋਂ ਸੰਬੋਧਨ ਕਰਦਿਆਂ ਭਾਵੁਕ ਹੋ ਗਏ। ਸ੍ਰੀ ਮੁਕਤਸਰ ਸਾਹਿਬ ਵਿਖੇ 'ਹਰ ਬੂਥ ਕਾਂਗਰਸ ਮਜਬੂਤ' ਮੁਹਿੰਮ ਤਹਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ-ਨਾਲ ਕੁਝ ਆਪਣੇ ਵੀ ਉਨ੍ਹਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਵੜਿੰਗ ਨੇ ਪਾਰਟੀ ਦੇ ਕਿਸੇ ਵੀ ਲੀਡਰ ਦਾ ਨਾਂ ਲਏ ਬਗੈਰ ਕਈਆਂ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ।
ਸ੍ਰੀ ਮੁਕਤਸਰ ਸਾਹਿਬ ਵਿਖੇ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਕੁਝ ਆਪਣੇ ਵੀ ਐਸੇ ਬੇਗਾਨੇ ਹੋ ਗਏ ਕਿ ਉਹ ਮੈਨੂੰ ਖ਼ਤਮ ਕਰਨਾ ਚਾਹੁੰਦੇ ਹਨ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਜਦੋਂ ਕਾਂਗਰਸ ਪਾਰਟੀ 80 ਵਿਚੋਂ 18 ਸੀਟਾਂ 'ਤੇ ਆ ਗਈ, ਸਾਰੇ ਮੁੱਖ ਮੰਤਰੀ ਹਾਰ ਗਏ ਤੇ ਸਾਡੇ ਮੰਤਰੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਚਲੇ ਗਏ, ਜਦੋਂ ਲੋਕ ਪਾਰਟੀ ਛੱਡ ਕੇ 9-9 ਮਹੀਨਿਆਂ ਲਈ ਵਿਦੇਸ਼ ਚਲੇ ਗਏ, ਉਸ ਦੌਰ ਵਿਚ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਸੌਂਪੀ ਗਈ ਸੀ। ਜਦੋਂ ਉਨ੍ਹਾਂ ਨੇ ਪਹਿਲਾ ਧਰਨਾ ਲਗਾਇਆ ਤਾਂ ਉਸ ਵਿਚ ਸਿਰਫ਼ 90 ਲੋਕ ਹੀ ਪਹੁੰਚੇ ਸਨ, ਪਰ ਅੱਜ ਕਾਂਗਰਸ ਦੇ ਪ੍ਰੋਗਰਾਮਾਂ ਵਿਚ ਇਕੱਠ ਹੋਣ ਲੱਗ ਪਿਆ ਹੈ। ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ 80 ਵਿਧਾਇਕ ਸੀ ਤਾਂ ਉਹ ਪੰਜਾਬ ਵਿਚੋਂ 8 ਲੋਕ ਸਭਾ ਸੀਟਾਂ ਪਾਰਟੀ ਨੂੰ ਜਿਤਾ ਸਕੇ ਸਨ ਤੇ ਹੁਣ ਕਾਂਗਰਸ ਦੇ 18 ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਨੇ 7 ਲੋਕ ਸਭਾ ਸੀਟਾਂ ਜਿਤਵਾਈਆਂ। ਉਨ੍ਹਾਂ ਕਿਹਾ ਕਿ 2022 ਵਿਚ ਮਾਲਵੇ ਦੀਆਂ 69 ਵਿਧਾਨ ਸਭਾ ਸੀਟਾਂ ਵਿਚੋਂ ਕਾਂਗਰਸ ਸਿਰਫ਼ 2 ਸੀਟਾਂ, ਗਿੱਦੜਬਾਹਾ ਤੇ ਅਬੋਹਰ ਹੀ ਜਿੱਤ ਸਕੀ ਸੀ। ਉਨ੍ਹਾਂ ਦੀ ਪ੍ਰਧਾਨਗੀ ਵਿਚ 7 ਲੋਕ ਸਭਾ ਸੀਟਾਂ ਵਿਚੋਂ 4 ਸੀਟਾਂ ਕਾਂਗਰਸ ਨੇ ਜਿੱਤੀਆਂ।
ਵੜਿੰਗ ਨੇ ਇਹ ਵੀ ਕਿਹਾ ਕਿ ਵਿਰੋਧੀਆਂ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਨਾਅਰੇਬਾਜ਼ੀ ਕਰਵਾ ਕੇ ਪ੍ਰੋਗਰਾਮ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪੁੱਛਿਆ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਵਿਚ ਇਹ ਨਾਅਰੇਬਾਜ਼ੀ ਕਿਉਂ ਨਹੀਂ ਹੋਈ, ਕਿਉਂਕਿ ਇਹ ਕਾਂਗਰਸੀਆਂ ਦਾ ਗੜ੍ਹ ਹੈ। ਵੜਿੰਗ ਨੇ ਕਿਹਾ ਕਿ ਜੇ ਉਹ ਚਾਹੁਣ ਤਾਂ ਪੂਰੀ ਸਭਾ ਵਿਚ ਆਪਣੇ ਨਾਅਰੇ ਲਗਵਾ ਸਕਦੇ ਹਨ, ਪਰ ਜਿਹੜਾ ਲੀਡਰ ਆਪਣੇ ਹੀ ਨਾਅਰੇ ਲਗਵਾਉਂਦਾ ਰਹੇ, ਉਹ ਕਿੱਥੋਂ ਦਾ ਲੀਡਰ ਹੋਇਆ?
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਲਗਾਤਾਰ ਕਾਂਗਰਸ ਦੀ ਟਿਕਟ ਮਿਲਦੀ ਰਹੀ, ਫ਼ਿਰ ਵੀ ਉਹ ਨਹੀਂ ਰੱਜੇ। ਉਹ ਹੁਣ ਵੀ ਕਹਿੰਦੇ ਹਨ ਜੇ ਸਾਡੇ ਕੋਲ ਟਿਕਟ ਆਵੇਗੀ ਤਾਂ ਹੀ ਕਾਂਗਰਸ ਵਿਚ ਰਹਾਂਗੇ, ਨਹੀਂ ਤਾਂ ਕਾਂਗਰਸ ਨੂੰ ਮਾਰ ਦਿਆਂਗੇ। ਵੜਿੰਗ ਨੇ ਕਿਹਾ ਕਿ ਕਾਂਗਰਸ ਨੂੰ ਕਿਸੇ ਗੱਲ ਦੀ ਕਮੀ ਨਹੀਂ ਹੈ, ਲੋਕਾਂ ਨੂੰ ਸਿਰਫ਼ ਉਨ੍ਹਾਂ ਚਿਹਰਿਆਂ ਤੋਂ ਨਫ਼ਰਤ ਸੀ। ਲੋਕ ਚਿਹਰਾ ਬਦਲਣਾ ਚਾਹੁੰਦੇ ਹਨ ਤੇ ਕਾਂਗਰਸ ਨੂੰ ਦੁਬਾਰਾ ਸੱਤਾ ਵਿਚ ਵਾਪਸ ਲਿਆਉਣਾ ਚਾਹੁੰਦੇ ਹਨ।
ਵੜਿੰਗ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਭਾਵੇਂ ਸਵੇਰੇ ਹੀ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾ ਦੇਣ, ਫ਼ਿਰ ਵੀ ਉਹ ਕਾਂਗਰਸ ਪਾਰਟੀ ਦਾ ਸਾਥ ਨਹੀਂ ਛੱਡਣਗੇ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਧਮਕੀ ਦਿੱਤੀ ਗਈ ਕਿ ਮਾਨਸਾ ਤੇ ਬਠਿੰਡਾ ਵਿਚ ਉਨ੍ਹਾਂ ਉੱਪਰ ਆਂਡੇ ਤੇ ਸਿਆਹੀ ਸੁੱਟੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਚੀਜ਼ਾਂ ਤੋਂ ਡਰਨ ਵਾਲੇ ਨਹੀਂ ਹਨ।
ਵੱਡੀ ਖ਼ਬਰ: ਖ਼ਤਮ ਹੋਈ ਵਕੀਲਾਂ ਦੀ ਹੜਤਾਲ! LADC ਨੀਤੀ ਬਾਰੇ ਬਣੀ ਸਹਿਮਤੀ
NEXT STORY