ਬਰਨਾਲਾ(ਵਿਵੇਕ ਸਿੰਧਵਾਨੀ,ਪੁਨੀਤ,ਰਵੀ)- ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਸੂਏ ਮਾਰ ਕੇ ਕਤਲ ਕਰ ਦਿੱਤਾ। ਕਤਲ ਕਰ ਕੇ ਉਸਨੇ ਕਮਰੇ ਦੇ ਬਾਹਰੋਂ ਜਿੰਦਾ ਲਾ ਦਿੱਤਾ ਅਤੇ ਫਰਾਰ ਹੋ ਗਿਆ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਸਦੇ ਬੱਚੇ ਸਕੂਲੋਂ ਘਰ ਵਾਪਸ ਆਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ, ਥਾਣਾ ਸਿਟੀ 1 ਦੇ ਪੁਲਸ ਅਧਿਕਾਰੀ ਲਖਵਿੰਦਰ ਸਿੰਘ ਭਾਰੀ ਪੁਲਸ ਫੋਰਸ ਲੈ ਕੇ ਮੌਕੇ ’ਤੇ ਪੁੱਜ ਗਏ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿਚ ਪਹੁੰਚਾਇਆ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ
ਸਕੂਲੋਂ ਆ ਕੇ ਕਮਰੇ ਦਾ ਜਿੰਦਾ ਖੋਲ੍ਹਿਆ ਤਾਂ ਬੈੱਡ ’ਤੇ ਖੂਨ ਨਾਲ ਲਥਪਥ ਪਈ ਸੀ ਮੰਮੀ
ਗੱਲਬਾਤ ਕਰਦਿਆਂ ਦਮਨਪ੍ਰੀਤ ਸਿੰਘ ਅਤੇ ਦਸਵੀਂ ਕਲਾਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਦੱਸਿਆ ਕਿ ਅਸੀਂ ਸਕੂਲ ਗਏ ਹੋਏ ਸੀ। ਜਦੋਂ ਅਸੀਂ ਸਕੂਲੋਂ ਵਾਪਸ ਆਏ ਤਾਂ ਕਮਰੇ ਨੂੰ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ। ਅਸੀਂ ਜਦੋਂ ਜਿੰਦਾ ਖੋਲ੍ਹਿਆ ਤਾਂ ਸਾਡੀ ਮੰਮੀ ਦਲਜੀਤ ਕੌਰ ਬੈੱਡ ’ਤੇ ਖੂਨ ਨਾਲ ਲਥਪਥ ਪਈ ਸੀ। ਉਸਦੇ ਗਲ ’ਤੇ ਸੂਏ ਨਾਲ ਵਾਰ ਕੀਤੇ ਗਏ ਸਨ। ਸਾਡਾ ਪਿਤਾ ਨਸ਼ਾ ਕਰਦਾ ਸੀ। ਜਿਸ ਕਾਰਨ ਘਰ ’ਚ ਕਲੇਸ਼ ਰਹਿੰਦਾ ਸੀ। ਸਾਡਾ ਪਿਤਾ ਮੰਮੀ ਦਾ ਕਤਲ ਕਰ ਕੇ ਬਾਹਰੋਂ ਜਿੰਦਾ ਲਾ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : 8 ਦਿਨਾਂ ਤੋਂ ਫਿਰੋਜ਼ਪੁਰ ’ਚ ਰੋਜ਼ਾਨਾ ਲੁੱਟ ਦੀਆਂ ਹੋ ਰਹੀਆਂ ਹਨ ਘਟਨਾਵਾਂ
ਗੁਆਂਢੀਆਂ ਨੂੰ ਨਹੀਂ ਲੱਗੀ ਕਤਲ ਦੀ ਉਘ-ਸੁੱਘ
ਕਤਲ ਦੀ ਵੱਡੀ ਗੱਲ ਇਹ ਰਹੀ ਕਿ ਪਤੀ ਵਿਕਰਮਜੀਤ ਸਿੰਘ ਵੱਲੋਂ ਦਿਨ-ਦਿਹਾੜੇ ਪਤਨੀ ਦਾ ਕਤਲ ਕਰ ਦਿੱਤਾ ਗਿਆ ਪਰ ਗੁਆਂਢੀਆਂ ਨੂੰ ਇਸਦੀ ਕੋਈ ਵੀ ਉਘ-ਸੁੱਘ ਨਹੀਂ ਲੱਗੀ। ਮੌਕੇ ’ਤੇ ਵੱਡੀ ਗਿਣਤੀ ’ਚ ਆਲੇ-ਦੁਆਲੇ ਦੇ ਲੋਕ ਇਕੱਠ ਹੋ ਗਏ ਸਨ। ਸਭ ਦਾ ਇਹੋ ਕਹਿਣਾ ਸੀ ਕਿ ਬਿਲਕੁਲ ਵੀ ਕੋਈ ਚੀਕ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਪੁਲਸ ਮੌਕੇ ’ਤੇ ਪੁੱਜੀ। ਜ਼ਿਕਰਯੋਗ ਹੈ ਕਿ ਦਲਜੀਤ ਕੌਰ ਅਤੇ ਵਿਕਰਮਜੀਤ ਸਿੰਘ ਦਾ ਇਹ ਦੂਜਾ ਵਿਆਹ ਸੀ। ਮ੍ਰਿਤਕਾ ਦਲਜੀਤ ਕੌਰ ਛੋਟੀਆਂ ਮੋਟੀਆਂ ਟੈਲੀ ਫਿਲਮਾਂ ’ਚ ਕਲਾਕਾਰ ਵਜੋਂ ਕੰਮ ਕਰਦੀ ਸੀ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ
ਇਸ ਸਬੰਧੀ ਥਾਣਾ ਸਿਟੀ 1 ਦੇ ਪੁਲਸ ਅਧਿਕਾਰੀ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਮਾਤਾ ਸ਼ਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਵਿਕਰਮਜੀਤ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਿਸਾਨੀ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ
NEXT STORY