ਫਿਰੋਜ਼ਪੁਰ, (ਕੁਮਾਰ, ਮਲਹੋਤਰਾ, ਸ਼ੈਰੀ, ਪਰਮਜੀਤ, ਕੁਲਦੀਪ, ਹਰਚਰਨ, ਬਿੱਟੂ)— ਪੰਜਾਬ ਦੇ ਸਮੂਹ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਿਫਟ ਕਰਨ ਆਦਿ ਮੰਗਾਂ ਸਬੰਧੀ ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਫਿਰੋਜ਼ਪੁਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅੱਜ ਲੁਧਿਆਣਾ ਵਿਚ ਆਯੋਜਿਤ ਕੀਤੀ ਜਾਣ ਵਾਲੀ ਰੈਲੀ ਵਿਚ ਸ਼ਾਮਲ ਹੋਣ ਲਈ ਸਾਂਝਾ ਅਧਿਆਪਕ ਮੋਰਚਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਬੱਸਾਂ ਭਰ ਕੇ ਰਵਾਨਾ ਕੀਤੀਆਂ ਗਈਆਂ। ਜਗਸੀਰ ਸਿੰਘ, ਅਮਿਤ ਕੰਬੋਜ, ਰਾਜਿੰਦਰ ਸਿੰਘ, ਜਨਕ ਸਿੰਘ ਅਤੇ ਅਮਨਦੀਪ ਤਲਵਾੜ ਆਦਿ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਲੰਬੇ ਸੰਘਰਸ਼ ਤੋਂ ਬਾਅਦ ਪੂਰੀ ਤਨਖਾਹ ਲੈ ਰਹੇ ਅਧਿਆਪਕਾਂ ਤੇ ਕਰਮਚਾਰੀਆਂ ਦੀ ਤਨਖਾਹ 'ਚੋਂ 70 ਤੋਂ 80 ਫੀਸਦੀ ਕਟੌਤੀ ਕਰਨ ਦਾ ਪੰਜਾਬ ਸਰਕਾਰ ਨੇ ਜੋ ਫੈਸਲਾ ਲਿਆ ਹੈ, ਉਸ ਦਾ ਸਾਂਝਾ ਅਧਿਆਪਕ ਮੋਰਚਾ ਅਤੇ ਪੰਜਾਬ ਭਰ ਦੇ ਲੋਕ ਸਖਤ ਵਿਰੋਧ ਕਰ ਰਹੇ ਹਨ ਅਤੇ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਤੇ ਸਮੂਹ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਿਫਟ ਕਰਨ ਦੇ ਬਦਲੇ ਮੁੱਢਲੀ ਨਾਮਾਤਰ ਤਨਖਾਹ 'ਤੇ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਸਰਾਸਰ ਗਲਤ ਅਤੇ ਗੈਰ ਸੰਵਿਧਾਨਕ ਹੈ। ਸਿੱਖਿਆ ਵਿਭਾਗ ਦੇ ਕੰਪਿਊਟਰ ਅਧਿਆਪਕਾਂ, ਸਰਵ ਸਿੱਖਿਆ ਅਭਿਆਨ ਦੇ ਅਧਿਆਪਕਾਂ ਤੇ ਦਫਤਰੀ ਕਰਮਚਾਰੀਆਂ, ਆਦਰਸ਼ ਮਾਡਲ ਸਕੂਲ ਦੇ ਅਧਿਆਪਕਾਂ, ਮਿਡ-ਡੇ-ਮੀਲ ਕਰਮਚਾਰੀਆਂ ਅਤੇ ਖਾਸ ਜ਼ਰੂਰਤਾਂ ਵਾਲੇ ਅਧਿਆਪਕਾਂ ਵੱਲੋਂ ਸਰਕਾਰ ਅਤੇ ਐਜੂਕੇਸ਼ਨ ਸੈਕਟਰੀ ਪੰਜਾਬ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ।
ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ 'ਚ 2 'ਤੇ ਪਰਚਾ
NEXT STORY