ਮੋਹਾਲੀ, (ਰਾਣਾ)- ਨਸ਼ੇ 'ਤੇ ਲਗਾਮ ਲਗਾਉਣ ਲਈ ਬਣਾਈ ਗਈ ਐੱਸ. ਟੀ. ਐੱਫ. ਨੇ ਦੋ ਮੁਲਜ਼ਮਾਂ ਨੂੰ 850 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਫੜੇ ਗਏ ਮੁਲਜ਼ਮਾਂ ਖਿਲਾਫ ਫੇਜ਼-4 ਐੱਸ. ਟੀ. ਐੱਫ. ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਮੁਲਜ਼ਮਾਂ ਦੀ ਪਹਿਚਾਣ ਲੁਧਿਆਣਾ ਦੇ ਪਿੰਡ ਕੌਮ ਜੱਟ ਨਿਵਾਸੀ ਗੁਰਿੰਦਰ ਸਿੰਘ ਉਰਫ ਗਿੰਦਾ ਅਤੇ ਪ੍ਰਿੰਸ ਸ਼ਰਮਾ ਦੇ ਰੂਪ ਵਿਚ ਹੋਈ ਹੈ । ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ।
ਜਾਣਕਾਰੀ ਅਨੁਸਾਰ ਪੁਲਸ ਦੇ ਸੀਨੀਅਰ ਅਫਸਰਾਂ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਕਾਰਨ ਸਬ ਇਸਪੈਕਟਰ ਪਵਨ ਕੁਮਾਰ ਦੀ ਅਗਵਾਈ ਵਿਚ ਇਕ ਟੀਮ ਬਣਾਈ ਗਈ । ਟੀਮ ਨੇ ਏਅਰਪੋਰਟ ਚੌਕ ਕੋਲ ਨਾਕਾ ਲਗਾਇਆ, ਜਿਥੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਦਬੋਚਿਆ ਗਿਆ । ਤਲਾਸ਼ੀ ਦੌਰਾਨ ਫੜੇ ਦੋਵਾਂ ਮੁਲਜ਼ਮਾਂ ਕੋਲੋਂ 850 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ।
ਮੁਲਜ਼ਮਾਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਪਿਛਲੇ 6 ਮਹੀਨੇ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ।
ਉਹ ਨਸ਼ਾ ਦਿੱਲੀ ਤੋਂ ਖਰੀਦ ਕੇ ਲਿਆਉਂਦੇ ਹਨ ਅਤੇ ਉਸ ਨੂੰ ਚੰਡੀਗੜ੍ਹ, ਖਰੜ, ਰੋਪੜ, ਮੋਰਿਡਾ, ਸਮਰਾਲਾ ਅਤੇ ਲੁਧਿਆਣਾ ਵਿਚ ਸਪਲਾਈ ਕਰਦੇ ਹਨ। ਇਨ੍ਹਾਂ ਥਾਵਾਂ 'ਤੇ ਇਨ੍ਹਾਂ ਦੇ ਪੱਕੇ ਗਾਹਕ ਹਨ, ਉਹ ਦਿੱਲੀ ਵਿਚ ਨਸ਼ਾ ਖਰੀਦਣ ਲਈ ਕਰੀਬ 10 ਵਾਰ ਜਾ ਚੁੱਕੇ ਹਨ । ਉਥੇ ਹੀ ਰੋਪੜ ਰੇਂਜ ਏ. ਆਈ. ਜੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਿੱਲੀ ਵਿਚ ਜਿਸ ਥਾਂ ਤੋਂ ਹੈਰੋਇਨ ਲਿਆਉਂਦੇ ਸਨ, ਉਸ ਥਾਂ ਦੀ ਵੀ ਤਲਾਸ਼ੀ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਫੜੇ ਗਏ ਮੁਲਜ਼ਮਾਂ ਦੀ ਨਿਸ਼ਨਦੇਹੀ 'ਤੇ ਨਸ਼ੇ ਦੇ ਹੋਰ ਸਪਲਾਇਰਾਂ ਨੂੰ ਵੀ ਦਬੋਚਿਆ ਜਾਵੇਗਾ ।
ਏ. ਆਈ. ਜੀ. ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਬੰਦ ਹੋਣ ਨਾਲ ਮੁਲਜ਼ਮ ਦਿੱਲੀ ਤੋਂ ਚੋਰੀ 1200 ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਲਿਆ ਕੇ ਪੰਜਾਬ ਵਿਚ 3000 ਤੋਂ 3500 ਰੁਪਏ ਤਕ ਦੀ ਕੀਮਤ 'ਤੇ ਵੇਚਦੇ ਸਨ, ਨਾਲ ਹੀ ਏ. ਆਈ. ਜੀ. ਨੇ ਕਿਹਾ ਕਿ ਉਨ੍ਹਾਂ ਦੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਉਨ੍ਹਾਂ ਨੂੰ ਵੀ ਆਪਣੇ ਆਲੇ-ਦੁਆਲੇ ਕਿਤੇ ਕੋਈ ਵਿਅਕਤੀ ਨਸ਼ਾ ਵੇਚਦਾ ਨਜ਼ਰ ਆਉਂਦਾ ਹੈ ਤਾਂ ਉਹ ਐੱਸ. ਟੀ. ਐੱਫ. ਨੂੰ ਸੂਚਿਤ ਕਰਨ।
ਟ੍ਰਾਂਸਪੋਰਟ ਕੰਪਨੀ ਦਾ ਕਰਮਚਾਰੀ 53 ਹਜ਼ਾਰ ਰੁਪਏ ਲੈ ਕੇ ਫਰਾਰ
NEXT STORY