ਫਾਜ਼ਿਲਕਾ (ਸੁਨੀਲ ਨਾਗਪਾਲ) : ਇੱਥੇ ਧਰਮ ਨਗਰੀ ਇਲਾਕੇ 'ਚ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਚੱਲਦੀ ਪ੍ਰੈੱਸ ਕਾਰਨ ਇਕ ਘਰ ਦੇ ਕਮਰੇ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਫਿਲਹਾਲ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਆਪਣੀ ਜਾਨ 'ਤੇ ਖੇਡ ਕੇ ਅੱਗ 'ਤੇ ਕਾਬੂ ਪਾ ਲਿਆ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਧਰਮ ਨਗਰੀ ਦੇ ਨਿਵਾਸੀ ਹਰਮੇਲ ਸਿੰਘ ਉਰਫ਼ ਕਾਲਾ ਸਿੰਘ ਨੇ ਦੱਸਿਆ ਕਿ ਸਵੇਰੇ ਉਸ ਦੀ ਪਤਨੀ ਬੱਚਿਆਂ ਸਮੇਤ ਪੇਕੇ ਗਈ ਹੋਈ ਸੀ। ਉਹ ਆਪਣੇ ਘਰ ਦੇ ਇੱਕ ਕਮਰੇ 'ਚ ਕੱਪੜੇ ਪ੍ਰੈੱਸ ਕਰ ਰਿਹਾ ਸੀ ਕਿ ਅਚਾਨਕ ਬੈੱਡ 'ਤੇ ਚੱਲਦੀ ਪ੍ਰੈੱਸ ਛੱਡ ਕੇ ਥੋੜ੍ਹੀ ਦੂਰ ਸਥਿਤ ਆਪਣੇ ਦੂਜੇ ਘਰ ਚਲਾ ਗਿਆ।
ਕੁੱਝ ਸਮੇਂ ਬਾਅਦ ਗੁਆਂਢੀਆਂ ਨੇ ਕਮਰੇ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਉਸ ਨੂੰ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਦੇਵਕਰਨ ਅਤੇ ਅਰਸ਼ਦੀਪ ਮੌਕੇ 'ਤੇ ਪਹੁੰਚੇ। ਉਸ ਸਮੇਂ ਤੱਕ ਅੱਗ ਪੂਰੇ ਕਮਰੇ 'ਚ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਹਿਲਾਂ ਬਿਜਲੀ ਦੀਆਂ ਤਾਰਾਂ ਕੱਟੀਆਂ ਅਤੇ ਫਿਰ ਕਮਰੇ ਦੇ ਅੰਦਰ ਵੜ ਕੇ ਗੈਸ ਸਿਲੰਡਰ ਨੂੰ ਸੁਰੱਖਿਅਤ ਬਾਹਰ ਕੱਢਿਆ। ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਅੱਗ 'ਚ ਕਮਰੇ ਵਿੱਚ ਰੱਖਿਆ ਸਾਰਾ ਸਾਮਾਨ, ਜਿਸ ਵਿੱਚ ਬੈੱਡ, ਪੇਟੀ, ਕੱਪੜੇ ਅਤੇ ਅਲਮਾਰੀ ਸ਼ਾਮਲ ਸੀ, ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਨਾਲ ਮਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਫਾਇਰ ਕਰਮਚਾਰੀਆਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਸਿਲੰਡਰ ਸਮੇਂ ਸਿਰ ਬਾਹਰ ਨਾ ਕੱਢਿਆ ਜਾਂਦਾ ਤਾਂ ਕੋਈ ਵੱਡਾ ਜਾਨੀ-ਮਾਲੀ ਹਾਦਸਾ ਵਾਪਰ ਸਕਦਾ ਸੀ।
Punjab: ਚਾਚਾ-ਭਤੀਜੇ ਦਾ ਕਾਰਾ ਜਾਣ ਹੋਵੋਗੇ ਹੈਰਾਨ! ਚੱਕਰਾਂ 'ਚ ਪਾ ਦਿੱਤੀ ਪੁਲਸ
NEXT STORY