ਪਟਿਆਲਾ (ਜ. ਬ., ਲਖਵਿੰਦਰ)- ਮੌਜੂਦਾ ਦੌਰ ’ਚ ਭਾਵੇਂ ਨੌਜਵਾਨ ਵਰਗ ’ਚ ਵਿਦੇਸ਼ਾਂ ਵਿਚ ਜਾ ਵਸਣ ਦੀ ਇੱਛਾ ਸਿਖ਼ਰਾਂ ’ਤੇ ਚਲ ਰਹੀ ਹੈ। ਉਸ ਵੇਲੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿਧਾਨ ਸਭਾ ਹਲਕੇ ਦੇ ਪਿੰਡ ਚੌਂਹਠ ਦਾ ਨੌਜਵਾਨ ਹਰਜਿੰਦਰਪਾਲ ਸਿੰਘ ਸੋਨੂੰ ਅਜਿਹੇ ਨੌਜਵਾਨਾਂ ਲਈ ਮਿਸਾਲ ਬਣਿਆ ਹੈ, ਜੋ ਇੱਥੇ ਰਹਿ ਕੇ ਹੀ ਕੰਮ ਕਰਨਾ ਚਾਹੁੰਦੇ ਹਨ।
50 ਗਊਆਂ ਦਾ ਫ਼ਾਰਮ ਹਾਊਸ
ਹਰਜਿੰਦਰਪਾਲ ਸਿੰਘ ਸੋਨੂੰ ਨੇ ਆਪਣੇ ਜੱਦੀ ਅਤੇ ਪੁਸ਼ਤੈਨੀ ਧੰਦੇ ਖੇਤੀਬਾਡ਼ੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਏ ਹਨ, ਜਿਨ੍ਹਾਂ ਦੀ ਬਦੌਲਤ ਉਹ ਚੰਗੀ ਕਮਾਈ ਕਰ ਰਿਹਾ ਹੈ। ਸੋਨੂੰ ਨੇ ਦੱਸਿਆ ਕਿ ਉਸ ਨੇ ਸਾਲ 2005 ’ਚ ਆਪਣਾ ਗਊ ਫ਼ਾਰਮ ਬਣਾਇਆ ਸੀ, ਜਿਸ ’ਚ ਉਸ ਨੇ ਵਿਦੇਸ਼ੀ ਨਸਲ ਦੀਆਂ 50 ਗਊਆਂ ਰੱਖੀਆਂ ਹਨ। ਇਹ ਵਿਦੇਸ਼ੀ ਨਸਲ ਦੀਆਂ ਐੱਚ. ਐੱਫ. ਗਊਆਂ ਹੁੰਦੀਆਂ ਹਨ, ਜੋ ਰੋਜ਼ਾਨਾ 25 ਤੋਂ 32 ਲੀਟਰ ਦੁੱਧ ਦਿੰਦੀਆਂ ਹਨ। ਇਹ ਦੁੱਧ ਉਹ 38 ਰੁਪਏ ਪ੍ਰਤੀ ਲਿਟਰ ਦੀ ਦਰ ’ਤੇ ਵੇਰਕਾ ਨੂੰ ਸਪਲਾਈ ਕਰਦਾ ਹੈ। ਸੋਨੂੰ ਦਾ ਕਹਿਣਾ ਹੈ ਕਿ ਜੇਕਰ ਦੁੱਧ ਦਾ ਇਹ ਰੇਟ 50 ਰੁਪਏ ਪ੍ਰਤੀ ਲਿਟਰ ਹੋ ਜਾਵੇ ਤਾਂ ਨੌਜਵਾਨਾਂ ਲਈ ਇਹ ਧੰਦਾ ਹੋਰ ਲਾਹੇਵੰਦ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸੇਵਾ
ਸਾਲ ’ਚ ਤਿੰਨ ਫ਼ਸਲਾਂ ਦੀ ਬਦੌਲਤ ਲੱਖਾਂ ਦੀ ਬੱਚਤ
ਹਰਜਿੰਦਰਪਾਲ ਸੋਨੂੰ ਨੇ ਦੱਸਿਆ ਕਿ ਜਿੱਥੇ ਆਮ ਕਿਸਾਨ ਸਾਲ ’ਚ ਆਪਣੀ ਜ਼ਮੀਨ ’ਚੋਂ 2 ਫ਼ਸਲਾਂ ਉਗਾਉਂਦੇ ਹਨ, ਉਹ ਤਿੰਨ ਫ਼ਸਲਾਂ ਦੀ ਪੈਦਾਵਾਰ ਕਰਦਾ ਹੈ। ਉਹ ਹਰ ਸਾਲ 10 ਤੋਂ 20 ਅਪ੍ਰੈਲ ਦੇ ਦਰਮਿਆਨ ਕਣਕ ਦੀ ਵਾਢੀ ਮਗਰੋਂ ਮੱਕੀ ਬੀਜਦਾ ਹੈ। ਇਹ ਫ਼ਸਲ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਤਿਆਰ ਹੋ ਜਾਂਦੀ ਹੈ। ਇਸ ਸਾਰੀ ਮੱਕੀ ਦਾ ਉਹ ਆਚਾਰ ਆਪ ਹੀ ਤਿਆਰ ਕਰ ਲੈਂਦਾ ਹੈ। ਇਸ ਆਚਾਰ ਦੀ ਬਦੌਲਤ ਉਸ ਨੂੰ ਆਪਣੇ ਗਊਆਂ ਦੇ ਫ਼ਾਰਮ ਹਾਊਸ ਵਾਸਤੇ ਸਾਰਾ ਸਾਲ ਹਰੇ ਚਾਰੇ ਦੀ ਲੋੜ ਨਹੀਂ ਰਹਿੰਦੀ। ਉਹ ਪਸ਼ੂਆਂ (ਗਊਆਂ) ਨੂੰ ਇਹ ਆਚਾਰ ਆਹਾਰ ਵਜੋਂ ਖੁਆਉਂਦਾ ਹੈ। ਇਸ ਦੀ ਬਦੌਲਤ ਉਸ ਦਾ ਹਰੇ ਚਾਰੇ ਦਾ ਖਰਚਾ ਬਚ ਜਾਂਦਾ ਹੈ। ਇਸੇ ਤਰੀਕੇ ਉਹ ਮੱਕੀ ਤੋਂ ਬਾਅਦ ਘੱਟ ਸਮੇਂ ’ਚ ਪਕਣ ਵਾਲੀਆਂ ਕਿਸਮਾਂ ਜਿਵੇਂ 126 ਆਦਿ ਲਾਉਂਦਾ ਹੈ ਅਤੇ ਸਹੀ ਸਮੇਂ ’ਤੇ ਇਨ੍ਹਾਂ ਦੀ ਪੈਦਾਵਾਰ ਦੀ ਬਦੌਲਤ ਪੈਸੇ ਕਮਾਉਂਦਾ ਹੈ।
ਵੈਟਨਰੀ ਡਾਕਟਰ ਵਜੋਂ ਲਾਹਾ
ਹਰਜਿੰਦਰਪਾਲ ਨੇ ਦੱਸਿਆ ਕਿ ਉਸ ਨੇ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਂਦੀ 45 ਦਿਨਾਂ ਦੀ ਟਰੇਨਿੰਗ ਰੋਪੜ ਕੋਲ ਹਾਸਲ ਕੀਤੀ। ਫਿਰ ਵੇਰਕਾ ਬ੍ਰਾਂਡ ਵਾਲਿਆਂ ਦੇ 3 ਮਹੀਨਿਆਂ ਦੇ ਕੋਰਸ ’ਚ ਦਾਖ਼ਲਾ ਲੈ ਕੇ ਆਪਣਾ ਕੋਰਸ ਮੁਕੰਮਲ ਕੀਤਾ। ਹੁਣ ਉਹ ਆਪਣੇ ਗਊਆਂ ਦੇ ਫ਼ਾਰਮ ਹਾਊਸ ਦੇ ਨਾਲ-ਨਾਲ ਨੇੜਲੇ ਫ਼ਾਰਮ ਹਾਊਸਾਂ ’ਚ ਗਾਵਾਂ/ਮੱਝਾਂ ਵਿਚ ਬਣਾਉਟੀ ਗਰਭਧਾਰਨ (ਏ. ਆਈ.) ਦਾ ਕੰਮ ਵੀ ਕਰਦਾ ਹੈ ਅਤੇ ਆਪ ਇਹ ਕੰਮ ਕਰਨ ਦੀ ਬਦੌਲਤ ਉਸ ਦਾ ਡਾਕਟਰੀ ਖ਼ਰਚਾ ਬਚ ਜਾਂਦਾ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ
ਹਰ ਮਹੀਨੇ 50 ਹਜ਼ਾਰ ਤੋਂ ਵੱਧ ਦੀ ਬੱਚਤ
ਹਰਜਿੰਦਰਪਾਲ ਸਿੰਘ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਦੀ ਪੁਸਤੈਨੀ 21 ਕਿੱਲੇ ਜ਼ਮੀਨ ਹੈ। ਉਸ ਦੇ ਦੋ ਭਰਾ ਉਸ ਦੇ ਨਾਲ ਹੀ ਖੇਤੀਬਾੜੀ ਦਾ ਕੰਮ ਸੰਭਾਲਦੇ ਹਨ। ਇਕ ਭਰਾ ਗਊਆਂ ਦੇ ਫ਼ਾਰਮ ਹਾਊਸ ਵਿਚ ਵੀ ਨਾਲ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮਈ, ਜੂਨ ਤੇ ਜੁਲਾਈ ’ਚ ਤਕਰੀਬਨ ਨਾ ਮੁਨਾਫ਼ਾ ਤੇ ਨਾ ਘਾਟਾ ਆਧਾਰ ’ਤੇ ਕੰਮ ਕਰਨਾ ਪੈਂਦਾ ਹੈ ਪਰ ਜੇਕਰ ਉਹ ਸਾਲ ਦਾ ਹਿਸਾਬ ਲਾਉਂਦਾ ਹੈ ਤਾਂ ਆਸਾਨੀ ਨਾਲ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਲੈਂਦਾ ਹੈ।
ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਥਾਂ ਪੰਜਾਬ ’ਚ ਕੰਮ ਕਰਨ ਦੀ ਅਪੀਲ
ਵਹੀਰਾਂ ਘੱਤ ਕੇ ਵਿਦੇਸ਼ ਜਾ ਰਹੇ ਨੌਜਵਾਨ ਵਰਗ ਨੂੰ ਹਰਜਿੰਦਰਪਾਲ ਸਿੰਘ ਸੋਨੂੰ ਨੇ ਅਪੀਲ ਕੀਤੀ ਕਿ ਉਹ ਵਿਦੇਸ਼ਾਂ ’ਚ ਜਾ ਕੇ ਦਿਹਾਡ਼ੀਆਂ ਕਰਨ ਨਾਲੋਂ ਇੱਥੇ ਹੀ ਰਹਿ ਕੇ ਹੱਥੀਂ ਕੰਮ ਨੂੰ ਤਰਜ਼ੀਹ ਦੇਣ। ਉਹ ਆਪ ਵੀ ਖੁਸ਼ਹਾਲ ਹੋਣ ਅਤੇ ਆਪਣੀ ਧਰਤੀ ਮਾਂ ਪੰਜਾਬ ਨੂੰ ਵੀ ਖੁਸ਼ਹਾਲ ਬਣਾਉਣ।
ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਦੋਂ ਤੱਕ ਪੰਜਾਬ 'ਚ ਹਾਂ, ਉਦੋਂ ਤੱਕ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਾਂਗਾ : ਰਾਜਪਾਲ
NEXT STORY