ਚੰਡੀਗੜ੍ਹ : ਵਿਧਾਨ ਸਭਾ ਚੋਣਾਂ 'ਚ ਸਭ ਤੋਂ ਜ਼ਿਆਦਾ 20 ਸੀਟਾਂ ਨਾਲ ਸਭ ਤੋਂ ਵੱਡੀ ਵਿਰੋਧੀ ਪਾਰਟੀ ਬਣਨ ਵਾਲੀ ਆਮ ਆਦਮੀ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਖੁੱਸ ਸਕਦਾ ਹੈ। ਜੇਕਰ ਪਾਰਟੀ ਦੇ ਇਕ ਹੋਰ ਵਿਧਾਇਕ ਨੇ ਵੀ ਅਸਤੀਫਾ ਦੇ ਦਿੱਤਾ ਤਾਂ 'ਆਪ' ਹੱਥੋਂ ਇਹ ਅਹੁਦਾ ਨਿਕਲ ਜਾਵੇਗਾ, ਹਾਲਾਂਕਿ ਆਖਰੀ ਫੈਸਲਾ ਲੈਣ ਦਾ ਅਧਿਕਾਰ ਸਪੀਕਰ ਕੋਲ ਹੀ ਰਹੇਗਾ।
ਸਭ ਤੋਂ ਪਹਿਲਾਂ ਪਾਰਟੀ 'ਚੋਂ ਐੱਚ. ਐੱਸ. ਫੂਲਕਾ ਨੇ ਅਸਤੀਫਾ ਦਿੱਤਾ, ਫਿਰ ਸੁਖਪਾਲ ਖਹਿਰਾ ਅਤੇ ਹੁਣ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਸਪੀਕਰ ਨੇ ਅਜੇ ਤੱਕ ਫੂਲਕਾ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਹੈ। ਖਹਿਰਾ ਅਤੇ ਬਲਦੇਵ ਨੇ ਆਪਣੇ ਅਸਤੀਫੇ ਸਪੀਕਰ ਨੂੰ ਨਹੀਂ ਭੇਜੇ ਹਨ। ਇਸੇ ਤਰ੍ਹਾਂ ਅਜੇ ਤੱਕ 'ਆਪ' ਦੇ ਵਿਧਾਇਕਾਂ ਦੀ ਗਿਣਤੀ 20 ਹੀ ਹੈ ਪਰ ਜੇਕਰ ਇਨ੍ਹਾਂ ਤਿੰਨਾਂ ਨੂੰ ਅਯੋਗ ਕਰਾਰ ਦਿੱਤਾ ਜਾਂਦਾ ਹੈ ਤਾਂ ਇਹ ਗਿਣਤੀ 17 ਰਹਿ ਜਾਵੇਗੀ। ਅਕਾਲੀ-ਭਾਜਪਾ ਗਠਜੋੜ ਦੇ ਵੀ 17 ਵਿਧਾਇਕ ਹਨ। ਦੂਜੇ ਪਾਸੇ 'ਆਪ' ਦੇ ਬਾਗੀ ਖਹਿਰਾ ਧੜੇ ਕੋਲ ਪੰਜ ਵਿਧਾਇਕ ਹੋਰ ਹਨ। ਜੇਕਰ ਇਨ੍ਹਾਂ 'ਚੋਂ ਇਕ ਵੀ ਅਸਤੀਫਾ ਦਿੰਦਾ ਹੈ ਤਾਂ 'ਆਪ' ਦੇ 16 ਵਿਧਾਇਕ ਰਹਿ ਜਾਣਗੇ। ਅਜਿਹੇ ਹਾਲਾਤ 'ਚ ਵਿਰੋਧੀ ਧਿਰ ਦਾ ਅਹੁਦਾ ਸੰਕਟ 'ਚ ਪੈ ਸਕਦਾ ਹੈ। ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਮਿਸ਼ਰਾ ਲਖਨਪਾਲ ਨੇ ਕਿਹਾ ਕਿ ਖਹਿਰਾ ਅਤੇ ਬਲਦੇਵ ਨੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦਿੱਤਾ ਹੈ। ਸਿਰਫ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਸਪੀਕਰ ਕੋਈ ਕਾਰਵਾਈ ਨਹੀਂ ਕਰ ਸਕਦੇ, ਜਦੋਂ ਤੱਕ ਉਨ੍ਹਾਂ ਕੋਲ ਲਿਖਤੀ ਕੁਝ ਨਹੀਂ ਹੁੰਦਾ। ਜੇਕਰ 'ਆਪ' ਦਾ ਇਕ ਹੋਰ ਵਿਧਾਇਕ ਘੱਟ ਹੁੰਦਾ ਹੈ ਤਾਂ ਵੀ ਦੋਵੇਂ ਪਹਿਲੂ ਹਨ ਪਰ ਸਪੀਕਰ ਹੀ ਸਾਰੇ ਪਹਿਲੂ ਦੇਖਣ ਤੋਂ ਬਾਅਦ ਆਖਰੀ ਫੈਸਲਾ ਲੈਣਗੇ।
ਖਤਰਾ : ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਨੂੰ ਫਾਲੋ ਕਰ ਰਹੀ ਹੈ ਨੌਜਵਾਨ ਪੀੜ੍ਹੀ
NEXT STORY