ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਹਰਿਆਣਾ ਨੂੰ ਸਲਾਹ ਦਿੱਤੀ ਹੈ ਕਿ ਉਹ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ.ਵਾਈ.ਐੱਲ.) ਦਾ ਖ਼ਿਆਲ ਛੱਡ ਕੇ ਯਮੁਨਾ-ਸ਼ਾਰਦਾ ਲਿੰਕ ਬਾਰੇ ਸੋਚਣਾ ਸ਼ੁਰੂ ਕਰੇ, ਕਿਉਂਕਿ ਐੱਸ.ਵਾਈ.ਐੱਲ. ਨਾ ਪਹਿਲਾਂ ਸੰਭਵ ਸੀ ਅਤੇ ਨਾ ਹੀ ਭਵਿੱਖ ਵਿਚ ਮੁਮਕਿਨ ਹੈ।
ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਾਣੀ ਵੰਡ ਅਤੇ ਸ਼ਰੇਆਮ ਹੋਈ ਲੁੱਟ ਬਾਰੇ ਕਾਂਗਰਸ ਵਾਂਗ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਕੋਲੋਂ ਵੀ ਕਿਸੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਭਾਜਪਾ ਨੂੰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨਜ਼ਰ ਆਉਣ ਲੱਗੀਆਂ ਹਨ ਅਤੇ ਐੱਸ.ਵਾਈ.ਐੱਲ ਸਬੰਧੀ 'ਨਾ ਮੁਮਕਿਨ ਨੂੰ ਮੁਮਕਿਨ ਕਰਨ ਵਰਗੇ ਚੋਣ ਜੁਮਲੇ ਉਛਾਲਣ ਦਾ ਮਾਹੌਲ ਮਾਣਯੋਗ ਸੁਪਰੀਮ ਕੋਰਟ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਨੇ ਸਿਰਜ ਹੀ ਦਿੱਤਾ ਹੈ। ਇਸ ਮਾਹੌਲ ਦੇ ਮੱਦੇਨਜ਼ਰ ਆਪਣੇ ਦੋਹਰੇ ਚਿਹਰੇ 'ਤੇ ਪਰਦਾਕਸ਼ੀ ਕਰਨ ਦੀ ਚਾਲ ਨਾਲ ਭਾਜਪਾ ਦੇ ਸੱਤਾਧਾਰੀ ਭਾਈਵਾਲ ਅਕਾਲੀ ਦਲ (ਬਾਦਲ) ਨੂੰ ਪੰਜਾਬ ਦੇ ਪਾਣੀਆਂ ਅਤੇ ਰਾਜਧਾਨੀ ਚੰਡੀਗੜ੍ਹ ਦਾ ਬਿਆਨਬਾਜ਼ੀ ਤੱਕ ਸੀਮਤ ਹੇਜ ਜਾਗ ਪਿਆ ਹੈ। ਜਦਕਿ ਬਾਦਲਾਂ ਨੂੰ ਇਨ੍ਹਾਂ ਮੁੱਦਿਆਂ 'ਤੇ ਪੰਜਾਬ ਦੇ ਹੱਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਕੀਰ ਖਿੱਚਣੀ ਚਾਹੀਦੀ ਹੈ।
'ਆਪ' ਆਗੂਆਂ ਨੇ ਕਿਹਾ ਕਿ ਪੰਜਾਬ 'ਚ ਪੈਦਾ ਹੋਏ ਪਾਣੀਆਂ ਦੇ ਗੰਭੀਰ ਸੰਕਟ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਬ ਪਾਰਟੀ ਬੈਠਕ ਦਾ ਐਲਾਨ ਕਰ ਕੇ ਭੁੱਲ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣਾ ਚਾਹੀਦਾ ਹੈ, ਜਿਸ ਦੌਰਾਨ ਜਿੱਥੇ ਸਾਰੀਆਂ ਪਾਰਟੀਆਂ ਆਪਣਾ-ਆਪਣਾ ਸਟੈਂਡ ਸਦਨ ਦੇ ਰਿਕਾਰਡ 'ਤੇ ਲਿਆਉਣਗੀਆਂ, ਉੱਥੇ ਹੀ ਕੈਪਟਨ ਅਤੇ ਬਾਦਲਾਂ ਨੂੰ ਦੱਸਣਾ ਪਵੇਗਾ ਕਿ 2016 'ਚ ਪਾਣੀਆਂ ਦੀ ਰਾਇਲਟੀ ਬਾਰੇ ਪਾਸ ਕੀਤੇ ਗਏ ਮਤੇ 'ਤੇ 2016 ਤੋਂ 2017 ਤੱਕ ਬਾਦਲਾਂ ਨੇ ਅਤੇ 2017 ਤੋਂ ਹੁਣ ਤੱਕ ਕੈਪਟਨ ਨੇ ਕੀ ਕਦਮ ਉਠਾਏ ਹਨ, ਜੇ ਨਹੀਂ ਤਾਂ ਕਿਉਂ ਨਹੀਂ?
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਹੋਣਗੇ 13 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ
NEXT STORY