ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ 25 ਸਾਲਾ ਨੌਜਵਾਨ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਅਫਗਾਨਿਸਤਾਨ ਵਿਰੁੱਧ ਖੇਡੀ ਗਈ ਆਪਣੀ ਪਹਿਲੀ ਵਨਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਇਤਿਹਾਸਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਭਾਰਤ ਦੇ ਅਜਿਹੇ ਪਹਿਲੇ ਗੇਂਦਬਾਜ਼ ਬਣ ਗਏ ਹਨ ਜਿਨ੍ਹਾਂ ਨੇ ਆਪਣੀ 3 ਮੈਚਾਂ ਦੀ ਡੈਬਿਊ ਵਨਡੇ ਸੀਰੀਜ਼ 'ਚ ਸਭ ਤੋਂ ਵੱਧ 7 ਵਿਕਟਾਂ ਹਾਸਲ ਕੀਤੀਆਂ ਹਨ।
ਗੁਰਨੂਰ ਨੇ ਅਫਗਾਨਿਸਤਾਨ ਵਿਰੁੱਧ ਪਹਿਲੇ ਵਨਡੇ ਮੈਚ 'ਚ 3 ਵਿਕਟਾਂ ਅਤੇ ਦੂਜੇ ਮੈਚ 'ਚ ਵੀ 3 ਵਿਕਟਾਂ ਝਟਕਾਈਆਂ। ਚੇਨਈ ਦੇ ਐਮ. ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਤੀਜੇ ਅਤੇ ਆਖਰੀ ਮੁਕਾਬਲੇ 'ਚ ਅਫਗਾਨਿਸਤਾਨ ਦੇ ਤਜ਼ਰਬੇਕਾਰ ਆਲਰਾਊਂਡਰ ਮੁਹੰਮਦ ਨਬੀ ਦੀ ਵਿਕਟ ਲੈਂਦੇ ਹੀ ਉਨ੍ਹਾਂ ਨੇ ਇਸ ਸੀਰੀਜ਼ 'ਚ ਆਪਣੀਆਂ ਕੁੱਲ 7 ਵਿਕਟਾਂ ਪੂਰੀਆਂ ਕੀਤੀਆਂ ਅਤੇ ਇਹ ਮਹਾਂ-ਰਿਕਾਰਡ ਸਥਾਪਿਤ ਕੀਤਾ।
ਇਸ ਤੋਂ ਪਹਿਲਾਂ 3 ਮੈਚਾਂ ਦੀ ਡੈਬਿਊ ਵਨਡੇ ਸੀਰੀਜ਼ 'ਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਸਾਂਝਾ ਰਿਕਾਰਡ ਯੁਜ਼ਵੇਂਦਰ ਚਾਹਲ ਅਤੇ ਪ੍ਰਸਿੱਧ ਕ੍ਰਿਸ਼ਨਾ ਦੇ ਨਾਂ ਸੀ। ਚਾਹਲ ਨੇ ਸਾਲ 2016 'ਚ ਜ਼ਿੰਬਾਬਵੇ ਵਿਰੁੱਧ ਅਤੇ ਪ੍ਰਸਿੱਧ ਕ੍ਰਿਸ਼ਨਾ ਨੇ 2021 'ਚ ਇੰਗਲੈਂਡ ਵਿਰੁੱਧ ਆਪਣੀ ਡੈਬਿਊ ਸੀਰੀਜ਼ ਵਿੱਚ 6-6 ਵਿਕਟਾਂ ਲਈਆਂ ਸਨ।
ਪੰਜਾਬ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਖੇਡਣ ਵਾਲੇ 6 ਫੁੱਟ 5 ਇੰਚ ਲੰਬੇ ਗੁਰਨੂਰ ਬਰਾੜ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ, ਜੋ ਆਪਣੀ ਤੇਜ਼ ਰਫ਼ਤਾਰ ਅਤੇ ਵਾਧੂ ਉਛਾਲ ਲਈ ਜਾਣੇ ਜਾਂਦੇ ਹਨ। ਰਣਜੀ ਟਰਾਫੀ 'ਚ ਵਧੀਆ ਪ੍ਰਦਰਸ਼ਨ ਸਦਕਾ ਉਨ੍ਹਾਂ ਨੂੰ ਇੰਡੀਆ 'ਏ' 'ਚ ਜਗ੍ਹਾ ਮਿਲੀ ਸੀ ਅਤੇ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਮਿਲੇ ਸੁਨਹਿਰੀ ਮੌਕੇ ਸਦਕਾ ਉਨ੍ਹਾਂ ਨੇ ਖ਼ੁਦ ਨੂੰ ਭਾਰਤੀ ਟੀਮ ਦੇ ਭਵਿੱਖ ਦੇ ਸਟਾਰ ਵਜੋਂ ਮਜ਼ਬੂਤੀ ਨਾਲ ਸਥਾਪਿਤ ਕਰ ਲਿਆ ਹੈ।
ਗੇਂਦਬਾਜ਼ੀ ਯੂਨਿਟ ਵਿੱਚ ਭੂਮਿਕਾਵਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ : ਮਿਤਾਲੀ
NEXT STORY