ਲੁਧਿਆਣਾ (ਰਾਜ): ਮਹਾਨਗਰ ਦੀਆਂ ਸੜਕਾਂ 'ਤੇ ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਨੂੰ ਫੜਣ ਲਈ ਲਾਏ ਗਏ ਆਧੁਨਿਕ ਏ. ਆਈ. ਕੈਮਰਿਆਂ ਨੂੰ ਹੁਣ ਸਾਈਬਰ ਠੱਗਾਂ ਨੇ ਆਪਣੀ ਕਾਲੀ ਕਮਾਈ ਦਾ ਜ਼ਰੀਆ ਬਣਾ ਲਿਆ ਹੈ। ਸ਼ਹਿਰ ਵਿਚ ਜਿਉਂ-ਜਿਉਂ ਈ-ਚਾਲਾਨ ਦਾ ਖ਼ੌਫ਼ ਵੱਧ ਰਿਹਾ ਹੈ, ਉਸ ਦੇ ਨਾਲ ਹੀ ਸਾਈਬਰ ਠੱਗਾਂ ਨੇ ਲੋਕਾਂ ਦੀ ਜੇਬ 'ਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਵੇਂ ਅਤੇ ਬੇਹੱਦ ਖ਼ਤਰਨਾਕ ਟ੍ਰੈਂਡ ਨੂੰ ਵੇਖਦਿਆਂ ਲੁਧਿਆਣਾ ਕਮਿਸ਼ਨਰੇਟ ਪੁਲਸ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਆ ਗਈ ਹੈ। ਪੁਲਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵਿਸ਼ੇਸ਼ ਜਾਗਰੂਕਤਾ ਵੀਡੀਓ ਜਾਰੀ ਕਰ ਕੇ ਜਨਤਾ ਨੂੰ ਸਿੱਧੇ ਤੌਰ 'ਤੇ ਸਾਵਧਾਨ ਕੀਤਾ ਹੈ। ਇਸ ਵੀਡੀਓ ਵਿਚ ਪੁਲਸ ਮੁਲਾਜ਼ਮ ਅਮਰਿੰਦਰ ਸਿੰਘ ਨੇ ਇਸ ਪੂਰੇ ਸਕੈਮ ਦਾ ਪਰਦਾਫ਼ਾਸ਼ ਕਰਦਿਆਂ ਲੋਕਾਂ ਨੂੰ ਚੌਕੰਨੇ ਰਹਿਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ।

ਠੱਗਾਂ ਨੇ ਹੁਣ ਲੋਕਾਂ ਨੂੰ ਜਾਲ ਵਿਚ ਫਸਾਉਣ ਲਈ ਸਿੱਧਾ ਵਟਸਐਪ ਦਾ ਸਹਾਰਾ ਲਿਆ ਹੈ, ਜਿੱਥੇ ਇਕ ਫਰਜ਼ੀ ਏ.ਪੀ.ਕੇ. ਫ਼ਾਈਲ ਦੇ ਜ਼ਰੀਏ ਪੂਰਾ ਖੇਡ ਰਚਿਆ ਜਾ ਰਿਹਾ ਹੈ। ਤੁਹਾਡੇ ਮੋਬਾਈਲ 'ਤੇ ਇਕ ਮੈਸੇਜ ਆਉਂਦਾ ਹੈ, ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਕਿ ਤੁਹਾਡੀ ਗੱਡੀ ਦਾ ਚਾਲਾਨ ਕੱਟਿਆ ਗਿਆ ਹੈ। ਇਸ ਚਾਲਾਨ ਦੀ ਡਿਟੇਲ ਵੇਖਣ ਲਈ ਜਾਂ ਉਸ ਦਾ ਭੁਗਤਾਨ ਕਰਨ ਲਈ ਇਕ ਫ਼ਾਈਲ ਅਟੈਚ ਕੀਤੀ ਹੁੰਦੀ ਹੈ, ਜਿਸ 'ਤੇ ਆਰ. ਟੀ. ਓ. ਟ੍ਰੈਫ਼ਿਕ ਚਾਲਾਨ ਲਿਖਿਆ ਹੁੰਦਾ ਹੈ। ਪੁਲਸ ਨੇ ਸਪਸ਼ਟ ਕੀਤਾ ਹੈ ਕਿ ਇਹ ਕੋਈ ਸਰਕਾਰੀ ਮੈਸੇਜ ਨਹੀਂ, ਸਗੋਂ ਇਕ ਖ਼ਤਰਨਾਕ ਸਮਿਸ਼ਿੰਗ ਸਕੈਮ ਹੈ। ਜਿਉਂ ਹੀ ਕੋਈ ਨਾਗਰਿਕ ਡਰ ਜਾਂ ਜਲਦਬਾਜ਼ੀ ਵਿਚ ਇਸ ਫ਼ਾਈਲ ਨੂੰ ਆਪਣੇ ਫ਼ੋਨ ਵਿਚ ਇੰਸਟਾਲ ਕਰਦਾ ਹੈ ਤਾਂ ਉਸ ਦੇ ਮੋਬਾਈਲ ਦਾ ਪੂਰਾ ਰਿਮੋਟ ਕੰਟਰੋਲ ਸਿੱਧਾ ਹੈਕਰਾਂ ਦੇ ਹੱਥਾਂ ਵਿਚ ਚਲਿਆ ਜਾਂਦਾ ਹੈ। ਇਸ ਮਗਰੋਂ ਅੱਖ ਝਪਕਦਿਆਂ ਹੀ ਤੁਹਾਡੇ ਫ਼ੋਨ ਤੋਂ ਬੈਂਕਿੰਗ ਪਾਸਵਰਡ ਤੇ ਓ. ਟੀ. ਪੀ. ਚੋਰੀ ਹੋ ਜਾਂਦੇ ਹਨ ਤੇ ਕੁਝ ਮਿੰਟਾਂ ਵਿਚ ਹੀ ਤੁਹਾਡਾ ਪੂਰਾ ਬੈਂਕ ਖ਼ਾਤਾ ਸਾਫ਼ ਹੋ ਜਾਂਦਾ ਹੈ।
ਇਸ ਡਿਟੀਟਲ ਡਾਕੇ ਤੋਂ ਬਚਣ ਲਈ ਲੁਧਿਆਣਾ ਪੁਲਸ ਨੇ ਜਨਤਾ ਨੂੰ ਇਕ ਸੁਰੱਖਿਅਤ ਰਸਤਾ ਵੀ ਦਿਖਾਇਆ ਹੈ। ਪੁਲਸ ਦਾ ਕਹਿਣਾ ਹੈ ਕਿ ਵਟਸਐਪ 'ਤੇ ਆਉਣ ਵਾਲੇ ਕਿਸੇ ਵੀ ਲਿੰਕ ਜਾਂ ਫ਼ਾਈਲ ਨੂੰ ਖੋਲ੍ਹਣ ਦੀ ਕੋਈ ਲੋੜ ਨਹੀਂ ਹੈ। ਜੇਕਰ ਤੁਸੀਂ ਆਪਣੇ ਵਾਹਨ ਦਾ ਚਾਲਾਨ ਸਟੇਟਸ ਚੈੱਕ ਕਰਨਾ ਚਾਹੁੰਦੇ ਹੋ ਤਾਂ ਆਪਣੇ ਮੋਬਾਈਲ ਜਾਂ ਕੰਪਿਊਟਰ ਬ੍ਰਾਊਜ਼ਰ 'ਤੇ ਜਾਓ ਅਤੇ ਉੱਥੇ 'ਈ-ਚਾਲਾਨ ਪਰਿਵਹਨ' ਦੀ ਅਧਿਕਾਰਤ ਸਰਕਾਰੀ ਵੈੱਬਸਾਈਟ ਸਰਚ ਕਰੋ। ਇਸ ਮਗਰੋਂ ਸਰਕਾਰ ਦੀ ਅਸਲੀ ਵੈੱਬਸਾਈਟ ਨੂੰ ਖੋਲ੍ਹ ਕੇ ਉੱਥੇ ਦਿੱਤੇ ਗਏ ਵ੍ਹੀਕਲ ਨੰਬਰ ਦੇ ਆਪਸ਼ਨ ਨੂੰ ਚੁਣੋ। ਆਪਣੇ ਵਾਹਨ ਦਾ ਨੰਬਰ ਤੇ ਸਕ੍ਰੀਨ 'ਤੇ ਦਿਖਣ ਵਾਲਾ ਕੈਪਚਾ ਕੋਡ ਦਰਜ ਕਰ ਕੇ ਜਿਉਂ ਹੀ ਗੈੱਟ ਡਿਟੇਲ 'ਤੇ ਕਲਿੱਕ ਕਰੋਗੇ ਤਾਂ ਸਪਸ਼ਟ ਹੋ ਜਾਵੇਗਾ ਕਿ ਤੁਹਾਡੀ ਗੱਡੀ ਦਾ ਕੋਈ ਚਾਲਾਨ ਕੱਟਿਆ ਗਿਆ ਹੈ ਜਾਂ ਨਹੀਂ।
ਸਾਈਬਰ ਸੈੱਲ ਦੇ ਇੰਚਾਰਜ ਸਤਬੀਰ ਸਿੰਘ ਨੇ ਆਮ ਜਨਤਾ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਨ ਮੈਸੇਜ ਤੋਂ ਡਰਨ ਦੀ ਲੋੜ ਨਹੀਂ ਹੈ ਤੇ ਨਾ ਹੀ ਹੜਬੜਾਹਟ ਵਿਚ ਆ ਕੇ ਆਪਣੇ ਫ਼ੋਨ ਵਿਚ ਕੋਈ ਅਣਜਾਨ ਐਪ ਡਾਊਨਲੋਡ ਕਰੋ। ਜਾਗਰੂਕਤਾ ਹੀ ਇਸ ਠੱਗੀ ਤੋਂ ਬਚਣ ਦਾ ਤਰੀਕਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਗਲਤੀ ਨਾਲ ਇਸ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਬਿਨਾਂ ਸਮਾਂ ਬਰਬਾਦ ਕੀਤੇ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 'ਤੇ ਫ਼ੋਨ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਪੈਸਿਆਂ ਨੂੰ ਬਲਾਕ ਕੀਤਾ ਜਾ ਸਕੇ ਤੇ ਅਪਰਾਧੀਆਂ 'ਤੇ ਤੁਰੰਤ ਸ਼ਿਕੰਜਾ ਕਸਿਆ ਜਾ ਸਕੇ।
ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! PRTC ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ
NEXT STORY