ਚੰਡੀਗੜ੍ਹ - ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕਰ ਆਮ ਆਦਮੀ ਪਾਰਟੀ 'ਤੇ ਕਈ ਗੰਭੀਰ ਆਰੋਪ ਲਗਾਏ ਹਨ। ਆਪਣੀ ਪੋਸਟ 'ਚ ਉਨ੍ਹਾਂ ਲਿਖਿਆ, ਸ਼੍ਰੋਮਣੀ ਅਕਾਲੀ ਦਲ ਦੀ ਮੁੜ ਉਭਰ ਰਹੀ ਤਾਕਤ ਕਾਰਨ ਬੌਖਲਾਹਟ ‘ਚ ਆਏ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ’ਤੇ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗੁੰਮ ਹੋਣ ਦੀ ਜਾਂਚ ਦੇ ਨਾਮ ’ਤੇ ਇੱਕ SIT ਦਾ ਗਠਨ ਕੀਤਾ ਹੈ। ਇਸ SIT ਦਾ ਅਸਲ ਅਤੇ ਇਕਲੌਤਾ ਮਕਸਦ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਏਜੰਡੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣਾ ਹੈ।
ਇਸ SIT ਵਿੱਚ ਜਾਣਬੁੱਝ ਕੇ ਉਹ ਅਫ਼ਸਰ ਸ਼ਾਮਿਲ ਕੀਤੇ ਗਏ ਹਨ, ਜੋ ਆਮ ਆਦਮੀ ਪਾਰਟੀ ਦੇ ਪਿਆਦੇ ਬਣ ਕੇ ਕੰਮ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਿੱਜੀ ਰੰਜਿਸ਼ ਰੱਖਦੇ ਹਨ।
ਇਹ ਹੈ SIT:
1. ਮੁੱਖੀ - ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੀਪੀ (CP) ਗੁਰਪ੍ਰੀਤ ਸਿੰਘ ਭੁੱਲਰ
ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਗੁਰਪ੍ਰੀਤ ਸਿੰਘ ਭੁੱਲਰ ਨੇ ਛੇ ਘੰਟਿਆਂ ਤੱਕ FIR ਦਰਜ ਕਰਨ ਦੀ ਖੇਚਲ ਤੱਕ ਨਹੀਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਕਾਰਡ ’ਤੇ ਆ ਕੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਹਮਲਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਕਰਵਾਇਆ ਹੋ ਸਕਦਾ ਹੈ।
2. SIT ਮੈਂਬਰ - ਐੱਸਪੀ (SP) ਹਰਪਾਲ ਸਿੰਘ
ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਉਸ ਜਗ੍ਹਾ ਦੀ ਰੇਕੀ ਕਰਨ ਦੇ ਵਿੱਚ ਮਦਦ ਕੀਤੀ ਸੀ, ਜਿੱਥੇ ਸ. ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਸੇਵਾ ਨਿਭਾ ਰਹੇ ਸਨ।
3. SIT ਮੈਂਬਰ - ਐੱਸਪੀ (SP) ਗੁਰਬੰਸ ਸਿੰਘ ਬੈਂਸ
ਇਹ ਇੱਕ ਦਾਗ਼ੀ ਅਫ਼ਸਰ ਹੈ, ਜਿਸ ਨੂੰ ਅਕਾਲੀ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਮਿਲੀ ਸੀ ਅਤੇ ਇਹ ਉਸ SIT ਦਾ ਵੀ ਮੈਂਬਰ ਹੈ, ਜਿਸ ਨੇ ਸ. ਬਿਕਰਮ ਸਿੰਘ ਮਜੀਠੀਆ ਖਿਲਾਫ਼ ਝੂਠਾ ਕੇਸ ਦਰਜ ਕੀਤਾ ਹੈ।
4. SIT ਮੈਂਬਰ - ਡੀਐੱਸਪੀ (DSP) ਬੇਅੰਤ ਜੁਨੇਜਾ
ਇਹ ਪਟਿਆਲਾ ਦੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਸਕਾ ਭਰਾ ਹੈ ਅਤੇ ਹਾਲ ਹੀ ਵਿੱਚ ਉਸ ਨੂੰ ਤਰੱਕੀ ਦੇ ਕੇ ਲੁਧਿਆਣਾ ਵਿੱਚ DSP ਲਗਾਇਆ ਹੈ।
5. ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਆਮ ਆਦਮੀ ਪਾਰਟੀ ਨੇ ਹੁਣ ਹੁਣ ਸਾਬਕਾ SSP, ਤਰਨਤਾਰਨ - ਡਾ. ਰਵਜੋਤ ਕੌਰ ਗਰੇਵਾਲ, ਜਿਨ੍ਹਾਂ ਨੂੰ ਤਰਨਤਾਰਨ ਉਪ ਚੋਣ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ, ਨੂੰ ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਅਰਵਿੰਦ ਕੇਜਰੀਵਾਲ ਦੇ ਚਹੇਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਪਤਨੀ ਜੋਤੀ ਯਾਦਵ ਨੂੰ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਬਠਿੰਡਾ ਦੀ SSP ਨਿਯੁਕਤ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਪੱਸ਼ਟ ਤੌਰ ‘ਤੇ ਸਮਝ ਲੈਣੀ ਚਾਹੀਦੀ ਹੈ ਕਿ ਸ. ਸੁਖਬੀਰ ਸਿੰਘ ਬਾਦਲ ਫੇਲ੍ਹ ਹੋ ਚੁੱਕੀ ਸਰਕਾਰ ਦੀਆਂ ਇਹਨਾਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਇਹ ਕਾਰਵਾਈਆਂ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਉਭਰ ਰਹੀ ਤਾਕਤ ਤੋਂ ਬੌਖਲਾਹਟ ਵਿੱਚ ਆਈ ਆਪ ਸਰਕਾਰ ਦੀ ਘਬਰਾਹਟ ਨੂੰ ਸਾਫ਼ ਦਰਸਾਉਂਦੀਆਂ ਹਨ।
ਪੰਜਾਬੀਆਂ ਦੇ ਸਾਥ ਅਤੇ ਅਸੀਸਾਂ ਸਦਕਾ ਅਸੀਂ ਇਸ ਫੇਲ੍ਹ ਹੋ ਚੁੱਕੀ ਸਰਕਾਰ ਦਾ ਡਟ ਕੇ ਮੁਕਾਬਲਾ ਕਰਾਂਗੇ ਅਤੇ ਇਹਨਾਂ ਦਾ ਕਰੂਰ ਚਿਹਰਾ ਪੰਜਾਬੀਆਂ ਸਾਹਮਣੇ ਨੰਗਾ ਕਰਕੇ ਛੱਡਾਂਗੇ।
ਜਲੰਧਰ: ਆਰਕੇ ਢਾਬਾ ਨੇੜੇ ਕਬਾੜ ਦੀ ਦੁਕਾਨ ਨੂੰ ਅੱਗ, ਰੰਜਿਸ਼ ਤਹਿਤ ਅੱਗ ਲਗਾਉਣ ਦਾ ਸ਼ੱਕ
NEXT STORY