ਜਲੰਧਰ (ਖੁਰਾਣਾ) : ਪਿਛਲੇ 5 ਸਾਲ ਰਹੀ ਕਾਂਗਰਸ ਦੀ ਸਰਕਾਰ ਦੌਰਾਨ ਜਲੰਧਰ ਨਗਰ ਨਿਗਮ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਸਨ ਅਤੇ ਸਿਸਟਮ ਇੰਨਾ ਵਿਗੜ ਗਿਆ ਸੀ ਕਿ ਆਮ ਲੋਕਾਂ ਦੀਆਂ ਸ਼ਿਕਾਇਤਾਂ ਨਾਲ ਸਬੰਧਤ ਸੁਣਵਾਈ ਬਿਲਕੁਲ ਬੰਦ ਹੋ ਕੇ ਰਹਿ ਗਈ ਸੀ। ਸਿਸਟਮ ਤੋਂ ਤੰਗ ਆ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਅਤੇ ਆਪ’ ਸਰਕਾਰ ਆਇਆਂ ਨੂੰ ਲਗਭਗ ਡੇਢ ਸਾਲ ਹੋਣ ਵਾਲਾ ਹੈ ਪਰ ਜਲੰਧਰ ਨਿਗਮ ਦੇ ਹਾਲਾਤ ਬਿਲਕੁਲ ਨਹੀਂ ਬਦਲੇ। ਅੱਜ ਵੀ ਨਗਰ ਨਿਗਮ ਦਾ ਸਿਸਟਮ ਖਰਾਬ ਹੀ ਚਲਿਆ ਆ ਰਿਹਾ ਹੈ ਅਤੇ ਕਿਸੇ ਨਿਗਮ ਅਧਿਕਾਰੀ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਤੀ ਜਵਾਬਦੇਹ ਨਹੀਂ ਬਣਾਇਆ ਜਾ ਰਿਹਾ। ਨਿਗਮ ਦੇ ਰਿਕਾਰਡ ਮੁਤਾਬਕ ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਿਕਾਇਤਾਂ ਪੈਂਡਿੰਗ ਪਈਆਂ ਹੋਈਆਂ ਹਨ, ਜਿਨ੍ਹਾਂ ਨੂੰ ਨਿਪਟਾਇਆ ਹੀ ਨਹੀਂ ਜਾ ਰਿਹਾ। ਮੌਖਿਕ ਸ਼ਿਕਾਇਤਾਂ ਦੀ ਗਿਣਤੀ ਵੀ ਹਜ਼ਾਰਾਂ ਵਿਚ ਪਹੁੰਚ ਗਈ ਹੈ ਪਰ ਉਨ੍ਹਾਂ ਵੱਲ ਵੀ ਕਿਸੇ ਦਾ ਧਿਆਨ ਨਹੀਂ ਹੈ। ਇਸ ਸਮੇਂ ਜਲੰਧਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੀ ਵਰਕਿੰਗ ਕਾਫੀ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਵਿਰੋਧੀ ਧਿਰ ਵਿਚ ਬੈਠੇ ਕਾਂਗਰਸੀ ਲਗਾਤਾਰ ‘ਹਾਈਲਾਈਟ’ ਹੁੰਦੇ ਜਾ ਰਹੇ ਹਨ। ਇਸ ਸਮੇਂ ਵਿਰੋਧੀ ਧਿਰ ਨੇ ਨਗਰ ਨਿਗਮ ਦੀਆਂ ਨਾਕਾਮੀਆਂ ਦਾ ਮੁੱਦਾ ਉਠਾਉਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਜੇਕਰ ਕੁਝ ਮਹੀਨਿਆਂ ਬਾਅਦ ਨਿਗਮ ਚੋਣਾਂ ਹੁੰਦੀਆਂ ਹਨ ਤਾਂ ਆਮ ਆਦਮੀ ਪਾਰਟੀ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਉਲਟ ਹਾਲਾਤ ਦੇ ਬਾਵਜੂਦ ਦੇਸ਼ ਤੀਜੀ ਵੱਡੀ ਆਰਥਿਕ ਸ਼ਕਤੀ ਬਣਨ ਵੱਲ ਵਧ ਰਿਹਾ ਹੈ : ਤਰੁਣ ਚੁੱਘ
ਕਾਂਗਰਸੀ ਆਗੂ ਸਮਰਾਏ ਦੇ ਘਰ ਬੈਠੇ ਰਹੇ ਨਿਗਮ ਦੇ ਵੱਡੇ-ਵੱਡੇ ਅਫਸਰ
ਇਸ ਸਮੇਂ ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਦਾ ਬਹੁਤ ਬੁਰਾ ਹਾਲ ਹੈ, ਜਿਸ ’ਤੇ ਸ਼ਹਿਰ ਦੀ ਸੀਵਰੇਜ ਅਤੇ ਵਾਟਰ ਸਪਲਾਈ ਸਬੰਧੀ ਵਿਵਸਥਾ ਦੀ ਜ਼ਿੰਮੇਵਾਰੀ ਹੈ। ਇਸ ਸਮੇਂ ਸ਼ਹਿਰ ਦੇ ਦਰਜਨ ਦੇ ਲਗਭਗ ਟਿਊਬਵੈੱਲ ਖਰਾਬ ਪਏ ਹਨ, ਜਿਸ ਕਾਰਨ ਹਜ਼ਾਰਾਂ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਬੀਤੇ ਦਿਨੀਂ ਨਿਗਮ ਕੰਪਲੈਕਸ ਵਿਚ ਆ ਕੇ ਗੁਰੂ ਨਾਨਕ ਨਗਰ, ਰਤਨ ਨਗਰ ਅਤੇ ਕਬੀਰ ਨਗਰ ਨਿਵਾਸੀਆਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਸੀ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਕਾਂਗਰਸ ਦੇ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਨੇ ਇਸ ਦੌਰਾਨ ਆਮ ਆਦਮੀ ਪਾਰਟੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਪਰ ਇਸਦੇ ਬਾਵਜੂਦ ਨਗਰ ਨਿਗਮ ਦੇ ਵੱਡੇ ਅਧਿਕਾਰੀਆਂ ਨੇ ਸਮਰਾਏ ਨੂੰ ਪੂਰਾ ‘ਹਾਈਲਾਈਟ’ ਕੀਤਾ।
ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ, ਜਗਦੀਸ਼ ਸਮਰਾਏ ਦੇ ਨਾਲ ਨਾ ਸਿਰਫ ਉਸਦੇ ਵਾਰਡ ਵਿਚ ਗਏ, ਸਗੋਂ ਕਈ ਘੰਟੇ ਕਾਂਗਰਸੀ ਆਗੂ ਸਮਰਾਏ ਦੇ ਘਰ ਵੀ ਬੈਠੇ ਰਹੇ। ਸ਼੍ਰੀ ਖੋਖਰ ਅਤੇ ਜਗਦੀਸ਼ ਸਮਰਾਏ ਨੇ ਮਿਲ ਕੇ ਨਿਗਮ ਦੇ ਬਾਕੀ ਅਧਿਕਾਰੀਆਂ ’ਤੇ ਜਿਹੜਾ ਦਬਾਅ ਬਣਾਇਆ, ਉਸ ਕਾਰਨ ਸ਼ਾਮ ਨੂੰ ਹੀ ਪਾਣੀ ਵਾਲੀ ਮੋਟਰ ਠੀਕ ਕਰ ਦਿੱਤੀ ਗਈ, ਜਿਸ ਕਾਰਨ ਪੂਰੇ ਵਾਰਡ ਵਿਚ ਜਗਦੀਸ਼ ਸਮਰਾਏ ਦੀ ਕਾਫੀ ਸ਼ਲਾਘਾ ਵੀ ਹੋਈ।
ਕਬੀਰ ਨਗਰ ’ਚ ਵੀ ਕਾਂਗਰਸੀਆਂ ਦੇ ਕਹਿਣ ’ਤੇ ਹੋਇਆ ਕੰਮ
ਡੀ. ਏ. ਵੀ. ਕਾਲਜ ਦੇ ਨਾਲ ਲੱਗਦੇ ਕਬੀਰ ਨਗਰ ਵਿਚ ਵੀ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਸਮੱਸਿਆ ਆ ਰਹੀ ਸੀ, ਉਥੇ ਵੀ ਲੋਕ ਨਗਰ ਨਿਗਮ ਤੋਂ ਕਾਫੀ ਪ੍ਰੇਸ਼ਾਨ ਸਨ ਕਿਉਂਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ। ਅਜਿਹੇ ਵਿਚ ਉਸ ਇਲਾਕੇ ਦੇ ਕਾਂਗਰਸੀ ਆਗੂ ਮਿੰਟੂ ਪ੍ਰਧਾਨ ਨੇ ਲੋਕਾਂ ਨੂੰ ਇਕੱਠਾ ਕਰ ਕੇ ਨਿਗਮ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਮਿੰਟੂ ਪ੍ਰਧਾਨ ਦੇ ਕਹਿਣ ’ਤੇ ਵੀ ਕਬੀਰ ਨਗਰ ਦੀ ਸਮੱਸਿਆ ਦਾ ਕਾਫੀ ਹੱਦ ਤਕ ਹੱਲ ਕਰ ਦਿੱਤਾ। ਇਸ ਦੌਰਾਨ ਕਬੀਰ ਨਗਰ ਨਿਵਾਸੀਆਂ ਨੇ ਵੀ ਨਿਗਮ ਦੇ ਸਾਹਮਣੇ ਆਮ ਆਦਮੀ ਪਾਰਟੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਕੀਤੀ 2.40 ਲੱਖ ਦੀ ਠੱਗੀ, ਮਾਮਲਾ ਦਰਜ
ਭਗਤ ਸਿੰਘ ਕਾਲੋਨੀ ਦੀਆਂ ਸੀਵਰ ਲਾਈਨਾਂ ਵਿਚ ਪਾਇਆ ਜਾ ਰਿਹੈ ਤੇਜ਼ਾਬੀ ਪਾਣੀ
ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਇਨ੍ਹੀਂ ਦਿਨੀਂ ਭਗਤ ਸਿੰਘ ਕਾਲੋਨੀ ਦੇ ਲੋਕ ਅਜੀਬ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਦਰਅਸਲ ਇਸ ਇਲਾਕੇ ਦੇ ਨਾਲ ਕੁਝ ਫੈਕਟਰੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦਾ ਤੇਜ਼ਾਬੀ ਪਾਣੀ ਸੀਵਰ ਲਾਈਨਾਂ ਵਿਚ ਸੁੱਟਿਆ ਜਾ ਰਿਹਾ ਹੈ। ਭਗਤ ਸਿੰਘ ਕਾਲੋਨੀ ਵਿਚ ਸੀਵਰੇਜ ਓਵਰਫਲੋਅ ਹੋਣ ਦੀ ਸਮੱਸਿਆ ਕਾਫੀ ਜ਼ਿਆਦਾ ਹੈ, ਜਿਸ ਕਾਰਨ ਤੇਜ਼ਾਬੀ ਪਾਣੀ ਨਾਲ ਸਡ਼ਕਾਂ ’ਤੇ ਪੱਕੇ ਨਿਸ਼ਾਨ ਬਣ ਗਏ ਹਨ। ਇਸ ਸਬੰਧ ’ਚ ਇਲਾਕਾ ਨਿਵਾਸੀਆਂ ਅਤੇ ਸਮਾਜਿਕ ਵਰਕਰ ਪੰਕਜ ਮਹਿਤਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੇਜ਼ਾਬੀ ਪਾਣੀ ਕਾਰਨ ਇਲਾਕੇ ਵਿਚ ਚਮੜੀ ਦੀਆਂ ਬੀਮਾਰੀਆਂ ਫੈਲ ਸਕਦੀਆਂ ਹਨ ਅਤੇ ਲੁਧਿਆਣਾ ਵਰਗਾ ਕਾਂਡ ਵੀ ਹੋ ਸਕਦਾ ਹੈ, ਇਸ ਲਈ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
ਰੋਜ਼ਾਨਾ ਨਿਗਮ ਆ ਕੇ ਅਫਸਰਾਂ ਨੂੰ ਮਿਲਦੇ-ਜੁਲਦੇ ਹਨ ਕਾਂਗਰਸ ਦੇ ਦਰਜਨ ਦੇ ਲਗਭਗ ਸਾਬਕਾ ਕੌਂਸਲਰ
ਇਨ੍ਹੀਂ ਦਿਨੀਂ ਨਗਰ ਨਿਗਮ ਚੋਣਾਂ ਦੀ ਤਿਆਰੀ ਚੱਲ ਰਹੀ ਹੈ ਅਤੇ 1-2 ਦਿਨਾਂ ਬਾਅਦ ਹੀ ਵਾਰਡਬੰਦੀ ਨਾਲ ਸਬੰਧਤ ਨਕਸ਼ੇ ਨਗਰ ਨਿਗਮ ਦਫਤਰ ਵਿਚ ਡਿਸਪਲੇਅ ਕਰ ਦਿੱਤੇ ਜਾਣਗੇ। ਅਜਿਹੇ ਵਿਚ ਸ਼ਹਿਰ ਦੇ ਉਹ ਕਾਂਗਰਸੀ ਕਾਫੀ ਐਕਟਿਵ ਹੋ ਗਏ ਹਨ, ਜਿਹੜੇ ਨਿਗਮ ਚੋਣਾਂ ਦੇ ਦਾਅਵੇਦਾਰ ਹਨ। ਅਜਿਹੇ ਦਰਜਨ ਦੇ ਲਗਭਗ ਕਾਂਗਰਸੀ ਦਾਅਵੇਦਾਰ ਰੋਜ਼ਾਨਾ ਨਿਗਮ ਆ ਕੇ ਨਾ ਸਿਰਫ ਚੋਣ ਚਰਚਾ ਕਰਦੇ ਹਨ, ਸਗੋਂ ਨਿਗਮ ਦੇ ਅਫਸਰਾਂ ਨਾਲ ਸੰਪਰਕ ਕਰ ਕੇ ਵਾਰਡਾਂ ਦੇ ਕੰਮ ਆਦਿ ਵੀ ਕਰਵਾਉਂਦੇ ਰਹਿੰਦੇ ਹਨ। ਨਿਗਮ ਚੋਣਾਂ ਨੇੜੇ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਟਿਕਟ ਦਾ ਕੋਈ ਦਾਅਵੇਦਾਰ ਇਨ੍ਹੀਂ ਦਿਨੀਂ ਨਿਗਮ ਵਿਚ ਦਿਖਾਈ ਨਹੀਂ ਦੇ ਰਿਹਾ। ਇੱਕਾ-ਦੁੱਕਾ ‘ਆਪ’ ਆਗੂ ਨਿਗਮ ਆਉਂਦੇ ਜ਼ਰੂਰ ਰਹਿੰਦੇ ਹਨ ਪਰ ਨਿਗਮ ਵਿਚ ਉਨ੍ਹਾਂ ਦੀ ਕੋਈ ਖਾਸ ਸੁਣਵਾਈ ਨਹੀਂ ਹੋ ਰਹੀ। ਇਸ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਕੌਂਸਲਰ ਆਪਣੇ ਸੰਪਰਕ ਅਤੇ ਪੁਰਾਣੇ ਰਿਸ਼ਤਿਆਂ ਦੀ ਵਰਤੋਂ ਕਰ ਕੇ ਵਾਰਡਾਂ ਵਿਚ ਕੰਮਦਾ ਕ੍ਰੈਡਿਟ ਲਈ ਜਾ ਰਹੇ ਹਨ ਅਤੇ ਇਸ ਬਹਾਨੇ ਵਾਰਡਾਂ ਵਿਚ ‘ਹਾਈਲਾਈਟ’ ਵੀ ਹੋ ਰਹੇ ਹਨ।
ਇਹ ਵੀ ਪੜ੍ਹੋ : ਵਿਗਿਆਪਨ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੈਨਾ ’ਚ ਦਿਸੀ ਤਕਰਾਰ, ਉਪ ਮੁੱਖ ਮੰਤਰੀ ਫੜਨਵੀਸ ਨੂੰ ਨੀਂਵਾਂ ਦਿਖਾਉਣ ਦੀ ਕੋਸ਼ਿਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਉਲਟ ਹਾਲਾਤ ਦੇ ਬਾਵਜੂਦ ਦੇਸ਼ ਤੀਜੀ ਵੱਡੀ ਆਰਥਿਕ ਸ਼ਕਤੀ ਬਣਨ ਵੱਲ ਵਧ ਰਿਹਾ ਹੈ : ਤਰੁਣ ਚੁੱਘ
NEXT STORY