ਅਬੋਹਰ (ਨਾਗਪਾਲ) – ਜ਼ਿਲਾ ਹਨੂਮਾਨਗੜ੍ਹ ਦੀ ਤਹਿਸੀਲ ਸਾਦੁਲਸ਼ਹਿਰ ਵਾਸੀ ਅਤੇ ਸ਼੍ਰੀਗੰਗਾਨਗਰ ਦੇ ਐੱਸ. ਐੱਨ. ਨਰਸਿੰਗ ਕਾਲਜ ਦੀ ਵਿਦਿਆਰਥਣ ਕੁਸੁਮ ਅਗਰਵਾਲ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਸਾਦੁਲਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੇਤਾਵਾਂ ਨਾਲ ਮਿਲ ਕੇ ਪੁਲਸ ਦੀ ਕਾਰਜਪ੍ਰਣਾਲੀ ਤੋਂ ਨਾਰਾਜ਼ ਹੋ ਕੇ ਅਬੋਹਰ ਰੇਲਵੇ ਪੁਲਸ ਥਾਣੇ ਦਾ ਘਿਰਾਓ ਕੀਤਾ। ਧਰਨਾਕਾਰੀਆਂ ਨੇ ਪੁਲਸ ਦੀ ਪ੍ਰਵਾਹ ਨਾ ਕਰਦੇ ਹੋਏ ਥਾਣੇ ਅੰਦਰ ਦਾਖਲ ਹੋ ਕੇ ਪੁਲਸ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦੇ ਰੋਸ ਨੂੰ ਦੇਖਦੇ ਹੋਏ ਮੁਖੀ ਨੂੰ ਥਾਣੇ ਤੋਂ ਬਾਹਰ ਆਉਣਾ ਪਿਆ।
ਜੀ. ਆਰ. ਪੀ. ਥਾਣੇ ਦਾ ਘਿਰਾਓ ਕਰਨ ਆਏ ਸਾਬਕਾ ਨਗਰ ਪਾਲਿਕਾ ਪ੍ਰਧਾਨ ਪ੍ਰਦੀਪ ਖਿੱਚੜ, ਵਿਧਾਇਕ ਦੇ ਭਰਾ ਸੰਜੈ ਜਾਂਗੜ ਅਤੇ ਕੁਸੁਮ ਦੇ ਪਿਤਾ ਜਗਦੀਸ਼ ਕੁਮਾਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਗਦੀਸ਼ ਕੁਮਾਰ ਦੀ ਪੁੱਤਰੀ ਕੁਸੁਮ ਅਗਰਵਾਲ ਸ਼੍ਰੀਗੰਗਾਨਗਰ ਦੇ ਐੱਸ. ਐੱਨ. ਕਾਲਜ 'ਚ ਨਰਸਿੰਗ ਦੀ ਵਿਦਿਆਰਥਣ ਸੀ। ਉਸ ਨੂੰ ਹੋਸਟਲ ਸੰਚਾਲਕ ਗੌਰਵ ਸੇਠੀ, ਨਾਲ ਪੜ੍ਹਦੇ ਅਜੈ, ਮਨਪ੍ਰੀਤ ਅਤੇ ਕੁੱਕ ਰਣਜੀਤ ਸਿੰਘ ਵੱਲੋਂ ਲਗਾਤਾਰ ਕਈ ਦਿਨਾਂ ਤੋਂ ਮਾਨਸਿਕ ਅਤੇ ਸਰੀਰਿਕ ਰੂਪ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਗੌਰਵ ਸੇਠੀ ਸਮੇਤ ਹੋਰ ਲੋਕਾਂ ਵਲੋਂ ਹੋਸਟਲ ਦੀਆਂ ਅਸੁਵਿਧਾਵਾਂ ਦਾ ਵਿਰੋਧ ਕਰਨ 'ਤੇ ਉਸ ਦੇ ਨਾਲ ਬੁਰਾ ਹੋਵੇਗਾ, ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ, ਜਿਸ ਦੀ ਆਡੀਓ ਵਾਇਰਲ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵਲੋਂ ਕੁਸੁਮ ਨੂੰ ਇਸ ਹਦ ਤੱਕ ਪ੍ਰੇਸ਼ਾਨ ਕੀਤਾ ਗਿਆ ਕਿ ਉਸ ਨੂੰ ਖੁਦਕੁਸ਼ੀ ਕਰਨ ਤੱਕ ਦਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਘਟਨਾ ਨੂੰ 15 ਦਿਨ ਲੰਘ ਜਾਣ ਤੋਂ ਬਾਅਦ ਅਬੋਹਰ ਪੁਲਸ ਤੇ ਰੇਲਵੇ ਪੁਲਸ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਾਦੁਲਸ਼ਹਿਰ ਦੇ ਸਮੂਹ ਸਮਾਜ ਸਮੇਤ ਰੇਲਵੇ ਪੁਲਸ ਥਾਣੇ ਦੇ ਬਾਹਰ ਧਰਨਾ ਲਾ ਕੇ ਰੋਸ ਵਿਖਾਵਾ ਕੀਤਾ ਗਿਆ। ਜੇਕਰ ਪੁਲਸ ਨੇ ਇਸ ਮਾਮਲੇ ਨੂੰ ਹੱਲ ਨਾ ਕੀਤਾ ਤਾਂ ਸਮਾਜ ਵਲੋਂ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਕੀ ਕਹਿੰਦੇ ਨੇ ਰੇਲਵੇ ਪੁਲਸ ਥਾਣਾ ਮੁਖੀ
ਰੇਲਵੇ ਪੁਲਸ ਥਾਣਾ ਮੁਖੀ ਹਰਜਿੰਦਰ ਸਿੰਘ ਕੁਸੁਮ ਦੇ ਮਾਪਿਆਂ ਸਮੇਤ 10 ਮੈਂਬਰੀ ਕਮੇਟੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ। ਪੁਲਸ ਮੁਲਜ਼ਮਾਂ ਦੀ ਕਾਲ ਡਿਟੇਲ ਕੱਢ ਕੇ ਜਾਂਚ-ਪੜਤਾਲ ਅਤੇ ਛਾਪੇਮਾਰੀ ਕਰ ਰਹੀ ਹੈ। ਪੁਲਸ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ। ਇਸ ਮਾਮਲੇ 'ਚ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੋਬਾਇਲ ਡਿਟੇਲ ਦੇ ਆਧਾਰ 'ਤੇ ਜਿਹੜਾ ਵੀ ਮੁਲਜ਼ਮ ਸਾਹਮਣੇ ਆਵੇਗਾ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
4 ਡਿਪਟੀ ਕਮਿਸ਼ਨਰਾਂ ਤੇ 24 ਅਧਿਕਾਰੀਆਂ ਦੇ ਵਿਭਾਗਾਂ ਦਾ ਵਾਧੂ ਚਾਰਜ ਹੋਰਨਾਂ ਨੂੰ ਸੌਂਪਿਆ
NEXT STORY