ਅਬੋਹਰ (ਰਹੇਜਾ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਅਕਾਲੀ ਵਰਕਰਾਂ 'ਤੇ ਝੂਠੇ ਮਾਮਲੇ ਦਰਜ ਕਰਕੇ ਤਸ਼ੱਦਦ ਕਰਨ ਵਾਲੇ ਪੁਲਸ ਅਫਸਰਾਂ ਤੋਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ 'ਤੇ ਇਕ-ਇਕ ਗੱਲ ਦਾ ਹਿਸਾਬ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਝੂਠੇ ਮੁਕੱਦਮੇ ਦਰਜ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਜੇਲਾਂ 'ਚ ਡੱਕਿਆ ਜਾਵੇਗਾ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਬੋਹਰ 'ਚ ਪਹਿਲੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਆਪਣਾ ਸਾਰਾ ਭਾਸ਼ਣ ਅਬੋਹਰ ਦੀ ਸਿਆਸਤ ਦੇ ਕੇਂਦਰ ਬਿੰਦੂ ਬਣੇ ਜਾਖੜ ਪਰਿਵਾਰ 'ਤੇ ਫੋਕਸ ਕੀਤਾ।ਉਨ੍ਹਾਂ ਕਿਹਾ ਕਿ 70 ਸਾਲ ਤੱਕ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂ ਹੋਣ ਨਾਤੇ ਜਾਖੜ ਪਰਿਵਾਰ ਨੇ ਪਿਛਲੇ 40 ਸਾਲਾਂ ਤੋਂ ਸਿਰਫ ਸੱਤਾ ਦਾ ਸੁੱਖ ਭੋਗਿਆ ਹੈ। ਆਪਣੇ ਭਾਸ਼ਣ 'ਚ ਉਨ੍ਹਾਂ ਨੇ ਅਬੋਹਰ ਸ਼ਹਿਰ ਨੂੰ ਗੋਦ ਲੈਣ ਦਾ ਵਾਅਦਾ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਪਾਰਲੀਮੈਂਟ 'ਚ ਭੇਜੋ, ਮੈਂ ਇਸ ਇਲਾਕੇ ਦਾ ਵਿਕਾਸ ਬਠਿੰਡਾ ਦੀ ਤਰਜ਼ 'ਤੇ ਕਰਵਾਵਾਂਗਾ ਤਾਂ ਜੋ ਆਉਂਦੇ ਸਮੇਂ 'ਚ ਅਬੋਹਰ ਦੀ ਗਿਣਤੀ ਪੰਜਾਬ ਦੇ ਖੂਬਸੂਰਤ ਸ਼ਹਿਰਾਂ 'ਚ ਹੋਵੇ। ਭਾਵੇਂ ਅਬੋਹਰ ਦੇ ਵਿਕਾਸ 'ਤੇ 500 ਕਰੋੜ ਕਿਉਂ ਨਾ ਖਰਚ ਕਰਨਾ ਪਵੇ ਪਰ ਤੁਹਾਨੂੰ ਪੈਸੇ ਦੀ ਘਾਟ ਮਹਿਸੂਸ ਨਹੀਂ ਹੋਣ ਦੇਵਾਂਗਾ।
ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿਰੇ ਦਾ ਗੱਪੀ ਕਰਾਰ ਦਿੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜਾ ਵਿਅਕਤੀ ਪਵਿੱਤਰ ਸ੍ਰੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਚੁੱਕ ਕੇ ਮੁੱਕਰ ਜਾਵੇ ਉਸ 'ਤੇ ਯਕੀਨ ਕੌਣ ਕਰੁ। ਸੂਬੇ ਦੇ ਵਿਕਾਸ ਦੀ ਗੱਡੀ ਰੁਕਣ ਸਬੰਧੀ ਕੈਪਟਨ ਵਲੋਂ ਸੂਬੇ ਦੀ ਆਰਥਕ ਹਾਲਤ ਮਾੜੀ ਦੱਸਣ ਬਾਬਤ ਸੁਖਬੀਰ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਪੰਜਾਬ ਨੂੰ ਇਕ ਝੂਠਾ ਮੁੱਖ ਮੰਤਰੀ ਮਿਲਿਆ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਸੂਬੇ 'ਚ 10 ਸਾਲ ਅਕਾਲੀ-ਭਾਜਪਾ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਵੇਰਵਾ ਦਿੱਤਾ ਅਤੇ ਕਾਂਗਰਸ ਵਲੋਂ ਗਰੀਬਾਂ ਦੇ ਹਿੱਤਾਂ ਲਈ ਚੱਲਣ ਵਾਲੀਆਂ ਯੋਜਨਾਵਾਂ ਬੰਦ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਪ੍ਰੋ. ਬੀ. ਐੱਲ. ਰਿਣਵਾ, ਅਬੋਹਰ ਦੇ ਵਿਧਾਇਕ ਅਰੁਣ ਨਾਰੰਗ, ਸਾਬਕਾ ਅਕਾਲੀ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਸਣੇ ਅਬੋਹਰ ਦੀ ਅਕਾਲੀ-ਭਾਜਪਾ ਦੀ ਸਮੂਚੀ ਲੀਡਰਸ਼ਿਪ ਮੌਜੂਦ ਸੀ।
ਸੱਤਾ ਤਬਦੀਲੀ ਤੈਅ, ਲੋਕ ਅਣ-ਐਲਾਨੀ ਐਮਰਜੈਂਸੀ ਤੋਂ ਮੁਕਤੀ ਦੇ ਪੱਖ 'ਚ: ਮੁਨੀਸ਼ ਤਿਵਾੜੀ
NEXT STORY