ਪੰਚਕੂਲਾ (ਚੰਦਨ) - ਪੰਚਕੂਲਾ 'ਚ ਬੁੱਧਵਾਰ ਦੇਰ ਰਾਤ ਹੋਏ ਇਕ ਸੜਕ ਹਾਦਸੇ 'ਚ ਮੋਟਰਸਾਈਕਲ 'ਤੇ ਟਿੱ੍ਰਪਲ ਸਵਾਰੀ 3 ਦੋਸਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਤਿੰਨਾਂ ਨੂੰ ਪੁਲਸ ਨੇ ਪੰਚਕੂਲਾ ਦੇ ਸੈਕਟਰ-6 ਸਥਿਤ ਜਨਰਲ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਰਾਜੀਵ ਕਾਲੋਨੀ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ ਉਰਫ਼ ਗੁੱਲੂ (24) ਤੇ ਚੰਦਰਕੇਸ਼ ਉਰਫ਼ ਕੇਸ਼ (26) ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਤੀਸਰੇ ਦੋਸਤ ਟੀਟੂ ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ।
ਵੀਰਵਾਰ ਨੂੰ ਪ੍ਰਮੋਦ ਤੇ ਚੰਦਰਕੇਸ਼ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਪ੍ਰਮੋਦ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਪੁਲਸ ਨੇ ਨੁਕਸਾਨੇ ਗਏ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੋਡ ਬਰਮ 'ਚ ਵੱਜਾ ਸਿਰ, ਹੈਲਮਟ ਪਾਇਆ ਹੁੰਦਾ ਤਾਂ ਬਚ ਜਾਂਦੀ ਜਾਨ
ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਕਰੀਬ ਡੇਢ ਵਜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨੋ ਦੋਸਤ ਅਮਰਟੈਕਸ ਲਾਈਟ ਪਵਾਂਇੰਟ ਤੋਂ ਸੈਕਟਰ-20 ਵੱਲ ਜਾ ਰਹੇ ਸਨ। ਜਦੋਂ ਉਹ ਸੈਕਟਰ-12 ਏ ਤੇ ਉਦਯੋਗਿਕ ਖੇਤਰ ਵਾਲੀ ਰੋਡ 'ਤੇ ਪਹੁੰਚੇ ਤਾਂ ਸੈਕਟਰ-12 ਏ ਵਾਲੇ ਪਾਸੇ ਸੜਕ 'ਤੇ ਪਏ ਟੋਇਆਂ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਤਿੰਨੇ ਮੋਟਰਸਾਈਕਲ ਸਮੇਤ ਡਿੱਗ ਗਏ। ਡਿੱਗਦਿਆਂ ਸਾਰ ਹੀ ਪ੍ਰਮੋਦ ਤੇ ਚੰਦਰਕੇਸ਼ ਦਾ ਸਿਰ ਸੜਕ ਦੇ ਕਿਨਾਰੇ ਲੱਗੇ ਰੋਡ ਬਰਮ 'ਤੇ ਵੱਜਾ, ਜਿਸ ਕਾਰਨ ਦੋਵਾਂ ਦੇ ਸਿਰ 'ਚ ਗੰਭੀਰ ਸੱਟ ਲੱਗੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀ. ਸੀ. ਆਰ. ਮੌਕੇ 'ਤੇ ਪਹੁੰਚੀ ਤੇ ਤਿੰਨੇ ਜ਼ਖਮੀਆਂ ਨੂੰ ਸੈਕਟਰ-6 ਦੇ ਜਨਰਲ ਹਸਪਤਾਲ 'ਚ ਪਹੁੰਚਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ, ਜੇਕਰ ਉਨ੍ਹਾਂ ਨੇ ਹੈਲਮਟ ਪਾਇਆ ਹੁੰਦਾ ਤਾਂ ਉਨ੍ਹਾਂ ਦੀ ਜ਼ਿੰਦਗੀ ਬਚ ਸਕਦੀ ਸੀ। ਉਥੇ ਹੀ ਹਸਪਤਾਲ ਦੀ ਮੌਰਚਰੀ ਦੇ ਬਾਹਰ ਦੋਵਾਂ ਮ੍ਰਿਤਕਾਂ ਦੀਆਂ ਮਾਵਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਦਿਲਾਸਾ ਦਿੰਦੇ ਰਹੇ।
ਅਕਾਲੀ ਆਗੂ ਦੋਮੂੰਹੀਆਂ ਗੱਲਾਂ ਕਰਨ ਤੋਂ ਬਾਜ਼ ਆਉਣ : ਹਮੀਰਾ
NEXT STORY