ਸੰਗਤ ਮੰਡੀ(ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪਿੰਡ ਮਸਾਣਾ ਨਜ਼ਦੀਕ ਸੰਘਣੀ ਧੁੰਦ ਕਾਰਨ ਸਵਾਰੀਆਂ ਦੀ ਭਰੀ ਬੱਸ ਸਣੇ ਚਾਰ ਵਾਹਨ ਆਪਸ 'ਚ ਟਕਰਾ ਗਏ। ਇਸ ਹਾਦਸੇ 'ਚ ਬੇਸ਼ੱਕ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ। ਥਾਣਾ ਸੰਗਤ ਦੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਵਾਹਨਾਂ ਨੂੰ ਸੜਕ ਤੋਂ ਇਕ ਪਾਸੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚੌਲਾਂ ਨਾਲ ਭਰੀ ਟਰੈਕਟਰ-ਟਰਾਲੀ ਸ਼ਰਾਬ ਫੈਕਟਰੀ 'ਚ ਜਾ ਰਹੀ ਸੀ। ਇਕ ਪਿੱਕਅਪ ਗੱਡੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਟਕਰਾਈ, ਉਸ ਤੋਂ ਬਾਅਦ ਇਕ ਵਰਨਾ ਕਾਰ ਪਿੱਕਅਪ ਗੱਡੀ ਦੇ ਪਿੱਛੇ ਵੱਜੀ, ਇੰਨੇ 'ਚ ਹੀ ਡੱਬਵਾਲੀ ਵਾਲੇ ਪਾਸਿਓਂ ਸਵਾਰੀਆਂ ਨਾਲ ਭਰੀ ਬੱਸ ਨੇ ਵਰਨਾ ਕਾਰ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਪਿੱਕਅਪ ਗੱਡੀ ਤੇ ਬੱਸ ਚਾਲਕ ਮੌਕੇ ਤੋਂ ਆਪਣੇ ਵਾਹਨ ਲੈ ਕੇ ਫਰਾਰ ਹੋ ਗਏ। ਇਸ ਹਾਦਸੇ 'ਚ ਵਰਨਾ ਕਾਰ ਦਾ ਪਿਛਲਾ ਹਿੱਸਾ ਕਾਫੀ ਨੁਕਸਾਨਿਆ ਗਿਆ। ਵਰਨਾ ਕਾਰ ਚਾਲਕ ਗੁਰਦੀਪ ਸਿੰਘ ਵਾਸੀ ਡੱਬਵਾਲੀ ਨੇ ਦੱਸਿਆ ਕਿ ਉਹ ਆਪਣੀ ਪਤਨੀ, ਬੇਟੇ ਤੇ ਭਤੀਜੀ ਨਾਲ ਚੰਡੀਗੜ੍ਹ ਜਾ ਰਿਹਾ ਸੀ, ਜਦ ਉਹ ਉਕਤ ਸਥਾਨ 'ਤੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰ ਗਿਆ।
ਮੋਨੂੰ ਅਰੋੜਾ ਕਤਲਕਾਂਡ ਮਾਮਲੇ 'ਚ ਇਕ ਹੋਰ ਮੁਲਜ਼ਮ ਕਾਬੂ
NEXT STORY