ਮਮਦੋਟ(ਸੰਜੀਵ, ਧਵਨ,ਆਵਲਾ)- ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਪਿੰਡ ਚੱਕ ਕੰਧੇ ਸ਼ਾਹ ਤੇ ਮੋਹਣ ਕੇ ਹਿਠਾੜ੍ਹ ਲਾਗੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ 3 ਜਣੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਭੇਜਿਆ ਗਿਆ। ਹਾਈਵੇ ਪੈਟਰੋਲਿੰਗ ਪਾਰਟੀ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਦਲੀਪ ਸਿੰਘ ਅਤੇ ਉਸ ਦੀ ਪਤਨੀ ਖੁਸ਼ੀਆ ਬੀਬੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਝੋਕ ਬਹਿਰਾਮ ਸ਼ੇਰ ਸਿੰਘ (ਆਤੂ ਵਾਲੇ ਝੁੱਗੇ) ਤੋਂ ਫਾਜ਼ਿਲਕਾ ਵੱਲ ਨੂੰ ਜਾ ਰਹੇ ਸਨ ਕਿ ਪਿੰਡ ਚੱਕ ਕੰਧੇ ਸ਼ਾਹ ਦੇ ਲਾਗੇ ਸਵਿਫਟ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸ 'ਚ ਖੁਸ਼ੀਆ ਬੀਬੀ ਦੀ ਮੌਤ ਹੋ ਗਈ ਅਤੇ ਚਾਲਕ ਦਲੀਪ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਗੁਰੂਹਰਸਹਾਏ ਤੋਂ ਮੁੱਢਲੀ ਸਹਾਇਤਾ ਦੇ ਕੇ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। 3 ਕਿਲੋਮੀਟਰ ਦੂਰ ਅੱਗੇ ਪਿੰਡ ਮੋਹਣ ਕੇ ਹਿਠਾੜ੍ਹ ਕੋਲ ਇਕ ਹੋਰ ਹਾਦਸੇ 'ਚ ਦਾਦੀ-ਪੋਤਾ ਵੀ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪੋਤਾ ਰਿੰਕੂ ਆਪਣੀ ਦਾਦੀ ਪਾਸ਼ੋ ਰਾਣੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਅੱਗੋਂ ਨਿਕਲੀ ਹੌਂਡਾ ਸਿਟੀ ਕਾਰ ਨਾਲ ਮੋਟਰਸਾਈਲਕ ਦੀ ਟੱਕਰ ਹੋ ਗਈ, ਜਿਸ 'ਚ ਇਕ ਜਣੇ ਦੀ ਲੱਤ ਟੁੱਟ ਗਈ। ਹਾਦਸੇ ਤੋਂ ਬਾਅਦ ਦਾਦੀ-ਪੋਤੇ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਫੂਡ ਸਪਲਾਈ ਵਿਭਾਗ ਦੇ ਦੋ ਇੰਸਪੈਕਟਰਾਂ ਸਣੇ ਚਾਰ ਮੁਲਾਜ਼ਮਾਂ 'ਤੇ ਪਰਚਾ ਦਰਜ
NEXT STORY