ਖੰਨਾ(ਸੁਨੀਲ)-ਬੀਤੀ ਰਾਤ ਸਮਾਂ ਕਰੀਬ 12 ਵਜੇ ਸਥਾਨਕ ਪ੍ਰਿਸਟਾਇਨ ਮਾਲ ਨੇੜੇ ਇਕ ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਇਕ ਦੇ ਬਾਅਦ ਇਕ ਲਗਭਗ 5 ਵਾਹਨਾਂ ਨੂੰ ਆਪਣੀ ਲਪੇਟ 'ਚ ਲੈ ਕੇ ਜਿੱਥੇ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ, ਉਥੇ ਹੀ ਇਸ ਹਾਦਸੇ 'ਚ ਕਈ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਉਥੇ ਹੀ ਪੁਲਸ ਨੇ ਇਸ ਸੰਬੰਧੀ ਸ਼ਿਕਾਇਤਕਰਤਾ ਜਗਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ 'ਤੇ ਕਾਰਵਾਈ ਕਰ ਕੇ ਅਣਪਛਾਤੇ ਕੈਂਟਰ ਡਰਾਈਵਰ ਖਿਲਾਫ ਕੇਸ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਤਰ੍ਹਾਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਸ਼ਿਕਾਇਤਕਰਤਾ ਆਪਣੇ ਪਰਿਵਾਰ ਸਮੇਤ ਆਪਣੀ ਕਾਰ 'ਤੇ ਸਵਾਰ ਹੋ ਕੇ ਪਟਿਆਲਾ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਖੰਨਾ ਦੇ ਪ੍ਰਿਸਟਾਇਨ ਮਾਲ ਨੇੜੇ ਪੁੱਜੇ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਸਭ ਤੋਂ ਪਹਿਲਾਂ ਸ਼ਿਕਾਇਤਕਰਤਾ ਦੀ ਕਾਰ ਨੂੰ ਟੱਕਰ ਮਾਰੀ। ਉਪਰੰਤ ਉਸਨੇ ਅੱਗੇ ਜਾ ਰਹੀ ਹੌਂਡਾ ਇਮੇਜ ਕਾਰ, ਉਪਰੰਤ ਵਰਨਾ ਕਾਰ ਨੂੰ ਟੱਕਰ ਮਾਰੀ।
ਸਕੂਟਰੀ ਦੇ ਹੋਏ 2 ਹਿੱਸੇ
ਇੰਨਾ ਹੀ ਨਹੀਂ ਇਸ ਦੌਰਾਨ ਉਸਨੇ ਐਕਟਿਵਾ ਜਿਸਨੂੰ ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਟਿਆਲਾ ਚਲਾ ਰਿਹਾ ਸੀ, ਨੂੰ ਟੱਕਰ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਇਸ ਟੱਕਰ 'ਚ ਐਕਟਿਵਾ 2 ਹਿੱਸਿਆਂ 'ਚ ਟੁੱਟ ਗਈ। ਇਸਦੇ ਬਾਅਦ ਉਸਨੇ ਇਕ ਸਵਿਫਟ ਕਾਰ ਜਿਸਨੂੰ ਮਲਕੀਤ ਸਿੰਘ ਪੁੱਤਰ ਬਹਾਦਰ ਸਿੰਘ ਨਿਵਾਸੀ ਪਿੰਡ ਪੋਹੀੜ (ਅਹਿਮਦਗੜ੍ਹ) ਚਲਾ ਰਿਹਾ ਸੀ, ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਾਲੀ ਜਗ੍ਹਾ ਲੱਗਾ ਸੀ ਪੁਲਸ ਦਾ ਨਾਕਾ
ਹਾਦਸੇ ਵਾਲੀ ਜਗ੍ਹਾ ਨੇੜੇ ਪੁਲਸ ਦਾ ਨਾਕਾ ਲੱਗਾ ਹੋਇਆ ਸੀ, ਜਿਸ ਕਾਰਨ ਪੁਲਸ ਨੇ ਜ਼ਖ਼ਮੀਆਂ ਨੂੰ ਬਿਨਾਂ ਦੇਰੀ ਕੀਤੇ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੋਂ ਡਾਕਟਰਾਂ ਨੇ ਸਾਰੇ ਮਰੀਜ਼ਾਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਦੂਜੇ ਹਸਪਤਾਲਾਂ ਲਈ ਰੈਫਰ ਕਰ ਦਿੱਤਾ। ਇਹ ਹੋਏ ਜ਼ਖਮੀ : ਜ਼ਖ਼ਮੀਆਂ ਦੀ ਪਛਾਣ ਸਵਰਾਜ (27) ਪੁੱਤਰ ਬਲਜੀਤ ਵਾਸੀ ਕਲਾਲਮਾਜਰਾ, ਹਰਸ਼ਿਤ (19) ਪੁੱਤਰ ਪ੍ਰਾਰਥਨਾ ਵਾਸੀ ਅਨਾਜ ਮੰਡੀ ਖੰਨਾ, ਪੀਊਸ਼ ਪੁੱਤਰ ਸੁਮਲ ਵਾਸੀ ਖੰਨਾ, ਸੰਜੈ (35) ਪੁੱਤਰ ਬਲਵਿੰਦਰ ਵਾਸੀ ਲੁਧਿਆਣਾ ਵਜੋਂ ਹੋਈ ਹੈ। ਸੜਕ ਹਾਦਸਿਆਂ 'ਚ 2 ਹੋਰ ਜ਼ਖਮੀ : ਉਥੇ ਹੀ ਇਕ ਹੋਰ ਸੜਕ ਹਾਦਸੇ 'ਚ ਬਲਵੀਰ ਸਿੰਘ (48) ਪੁੱਤਰ ਹਰੀ ਸਿੰਘ ਵਾਸੀ ਸਮਰਾਲਾ ਰੋਡ ਖੰਨਾ ਜ਼ਖ਼ਮੀ ਹੋ ਗਿਆ, ਜਿਸਨੂੰ ਵੀ ਖੰਨਾ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਤਰ੍ਹਾਂ ਅਨਿਲ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਖੰਨਾ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਸ਼ੈਲਰ ਮਿੱਲ ਦਾ ਬਹੁ-ਕਰੋਡ਼ੀ ਘਪਲਾ, ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਂਚ
NEXT STORY