ਚੰਡੀਗੜ੍ਹ (ਨਵਿੰਦਰ) : ਪੀ. ਜੀ. ਆਈ. ਤੋਂ ਦਵਾਈ ਲੈ ਕੇ ਘਰ ਜਾ ਰਹੇ ਐਕਟਿਵਾ ਸਵਾਰ ਬਜ਼ੁਰਗ ਜੋੜੇ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਪੁਲਸ ਨੇ ਜੋੜੇ ਨੂੰ ਪੀ. ਜੀ. ਆਈ. ਦੀ ਐਮਰਜੈਂਸੀ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਐਕਟਿਵਾ ਚਾਲਕ ਲੇਖਰਾਜ ਚਾਵਲਾ (62) ਨੂੰ ਮ੍ਰਿਤਕ ਐਲਾਨ ਦਿੱਤਾ ਤੇ ਨਰੇਸ਼ ਕੁਮਾਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੋਹਾਲੀ ਦੇ ਸੈਕਟਰ-70 ਦੇ ਵਸਨੀਕ ਦਵਿੰਦਰ ਚਾਵਲਾ ਦੀ ਸ਼ਿਕਾਇਤ ’ਤੇ ਸੈਕਟਰ-11 ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਦਵਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਲੇਖਰਾਜ ਚਾਵਲਾ ਤੇ ਮਾਂ ਨਰੇਸ਼ ਕੁਮਾਰੀ ਸੋਮਵਾਰ ਰਾਤ ਦਵਾਈ ਲੈ ਕੇ ਐਕਟਿਵਾ ’ਤੇ ਘਰ ਜਾ ਰਹੇ ਸਨ। ਪੀ. ਜੀ. ਆਈ. ਚੌਂਕ ਨੇੜੇ ਐਕਟਿਵਾ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਸੂਚਨਾ ਮਿਲਣ ’ਤੇ ਪੁਲਸ ਪਹੁੰਚੀ ਅਤੇ ਜੋੜੇ ਨੂੰ ਪੀ. ਜੀ. ਆਈ. ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਲੇਖਰਾਜ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਗਰਮੀ ਤੋਂ ਜਲਦ ਮਿਲੇਗੀ ਰਾਹਤ, ਓਰੇਂਜ ਤੇ ਯੈਲੋ ਅਲਰਟ ਦਰਮਿਆਨ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ
NEXT STORY