ਫਿਰੋਜ਼ਪੁਰ (ਖੁੱਲਰ) : ਮੱਲਾਂਵਾਲਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਤੇਜ਼ ਰਫ਼ਤਾਰ ਕੈਂਟਰ ਵੱਲੋਂ ਮਾਰੀ ਟੱਕਰ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਨਗਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਖੋਸਾ ਦਲ ਸਿੰਘ ਨੇ ਦੱਸਿਆ ਕਿ ਉਸ ਨਾਲ ਲਗਭਗ 3 ਮਹੀਨਿਆਂ ਤੋਂ ਸੁਦੇਸ਼ ਮਾਹਤੋ ਪੁੱਤਰ ਦਿਨਾਰਾ ਮਾਹਤੋ ਵਾਸੀ ਲਖਨਪੁਰ, ਥਾਣਾ ਹਸਨ ਗੰਜ, ਜ਼ਿਲ੍ਹਾ ਕਠਿਹਾਰ, ਸਟੇਟ ਬਿਹਾਰ ਬਤੌਰ ਸੀਰੀ ਲੱਗਾ ਹੋਇਆ ਸੀ। ਬੀਤੀ ਰਾਤ ਵਕਤ ਲਗਭਗ 8.40 ਵਜੇ ਸੁਦੇਸ਼ ਮਾਹਤੋ ਖੋਸਾ ਦਲ ਸਿੰਘ ਦੀ ਦਾਣਾ ਮੰਡੀ ਵਿਖੇ ਬੈਠਾ ਸੀ।
ਜਦੋਂ ਉਹ ਤਲਵੰਡੀ ਖੋਸਾ ਦਲ ਸਿੰਘ ਰੋਡ ’ਤੇ ਨੇੜੇ ਟੈਕਸੀ ਸਟੈਂਡ ਪੁੱਜਾ ਤਾਂ ਮੇਨ ਰੋਡ ’ਤੇ ਇਕ ਕੈਂਟਰ ਆਇਆ, ਜਿਸ ਦੀਆਂ ਲਾਈਟਾਂ ਬਹੁਤ ਤੇਜ਼ ਜਗ ਰਹੀਆਂ ਸਨ। ਨਗਿੰਦਰ ਸਿੰਘ ਨੇ ਦੱਸਿਆ ਕਿ ਕੈਂਟਰ ਚਾਲਕ ਨੇ ਆਪਣਾ ਕੈਂਟਰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਸੁਦੇਸ਼ ਮਾਹਤੋ ਵਿਚ ਮਾਰਿਆ, ਜਿਸ ਕਾਰਨ ਕੈਂਟਰ ਦਾ ਟਾਇਰ ਉਸ ਦੇ ਸੀਰੀ ਸੁਦੇਸ਼ ਮਾਹਤੋ ਦੇ ਸਿਰ ਉੱਪਰੋਂ ਲੰਘ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ED ਨੇ ਮਨੀ ਲਾਂਡਰਿੰਗ ਮਾਮਲੇ 'ਚ ਤੀਜੀ ਵਾਰ ਲਿਖੀ ਪੰਜਾਬ ਪੁਲਸ ਨੂੰ ਚਿੱਠੀ
NEXT STORY