ਲੁਧਿਆਣਾ (ਖ਼ੁਰਾਨਾ): ਸਥਾਨਕ ਸਲੇਮ ਟਾਬਰੀ ਇਲਾਕੇ ਦੀ ਸਬਜ਼ੀ ਮੰਡੀ ਨੇੜੇ ਪੈਂਦੇ ਭਾਰਤ ਪੈਟ੍ਰੋਲੀਅਮ ਕੰਪਨੀ ਦੇ ਪੈਟ੍ਰੋਲ ਪੰਪ ਰੋਡ 'ਤੇ ਗਲਤ ਦਿਸ਼ਾ 'ਚ ਚੱਲ ਰਹੇ ਟਰਾਲੇ ਨੇ ਸਾਈਕਲ ਸਵਾਰ ਵਿਅਕਤੀ ਨੂੰ ਦਰੜ ਦਿੱਤਾ। ਇਸ ਖ਼ੌਫ਼ਨਾਕ ਹਾਦਸੇ ਦੌਰਾਨ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਾਲੀ ਵਜੋਂ ਹੋਈ ਹੈ, ਜੋ ਮੂਲ ਤੌਰ 'ਤੇ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਕ, ਇਕ ਤੇਜ਼ ਰਫ਼ਤਾਰ ਟਰਾਲਾ ਗਲਤ ਦਿਸ਼ਾ 'ਚ ਚੱਲ ਰਿਹਾ ਸੀ, ਜਿਸ ਨੇ ਇਕ ਸਾਈਕਲ ਸਵਾਰ ਨੂੰ ਦਰੜ ਦਿੱਤਾ ਤੇ ਉਸ ਦੀ ਮਦਦ ਕਰਨ ਦੀ ਬਜਾਏ ਮੌਕੇ 'ਤੇ ਟਰਾਲਾ ਛੱਡ ਕੇ ਫ਼ਰਾਰ ਹੋ ਗਿਆ। ਇਹ ਹਾਦਸਾ ਸਵੇਰੇ ਤਕਰੀਬਨ 7 ਵਜੇ ਦਾ ਹੈ, ਜਿਸ ਦੀ ਜਾਣਕਾਰੀ ਲੋਕਾਂ ਵੱਲੋਂ ਤੁਰੰਤ ਸਥਾਨਕ ਸਲੇਮ ਟਾਬਰੀ ਦੀ ਪੁਲਸ ਨੂੰ ਦਿੱਤੀ ਗਈ, ਪਰ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਪੁਲਸ ਪਾਰਟੀ ਮੌਕੇ 'ਤੇ ਨਹੀਂ ਪਹੁੰਚੀ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ ਤੇ ਲੋਕ ਵੀ ਭੜਕ ਉੱਠੇ।
ਤਕਰੀਬਨ 1 ਘੰਟੇ ਬਾਅਦ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕਰ ਕੇ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਹਿਮਾਚਲ ਤੋਂ ਲੁਧਿਆਣਾ ਸੱਦਿਆ ਗਿਆ ਹੈ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਜਾਰੀ ਹੈ।
ਵੱਡਾ ਫੇਰਬਦਲ! ਪੰਜਾਬ ਦੇ 15 PPS ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ, ਲਿਸਟ 'ਚ ਵੇਖੋ ਨਾਂ
NEXT STORY