ਜਲੰਧਰ (ਵਰੁਣ, ਸੁਧੀਰ)– ਟਰਾਂਸਪੋਰਟ ਨਗਰ ਵਿਚ ਹੋਲੀ ਦੇ ਤਿਉਹਾਰ ਮੌਕੇ ਰੰਗ ਪਾਉਣ ਨੂੰ ਲੈ ਕੇ ਮਜ਼ਦੂਰਾਂ ਵਿਚ ਝਗੜਾ ਹੋ ਗਿਆ। ਰੰਗ ਪਾਉਣ ਦਾ ਵਿਰੋਧ ਕਰਨ ’ਤੇ ਕੁਝ ਨੌਜਵਾਨਾਂ ਨੇ ਰੇਤਾ-ਬੱਜਰੀ ਦਾ ਕੰਮ ਕਰਨ ਵਾਲੇ ਵਿਅਕਤੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਨੇ ਆਪਣੇ 25 ਸਾਲਾ ਭਤੀਜੇ ਨੂੰ ਫੋਨ ਕਰਕੇ ਬੁਲਾਇਆ ਪਰ ਜਿਉਂ ਹੀ ਭਤੀਜਾ ਮੌਕੇ ’ਤੇ ਪਹੁੰਚ ਕੇ ਆਪਣੇ ਚਾਚੇ ਦਾ ਬਚਾਅ ਕਰਨ ਲੱਗਾ ਤਾਂ ਹਮਲਾਵਰਾਂ ਨੇ ਚਾਕੂ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ।
ਨੌਜਵਾਨ ਮਕੈਨਿਕ ਦਾ ਕੰਮ ਕਰਦਾ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਉਂ ਹੀ ਸੂਚਨਾ ਪੁਲਸ ਨੂੰ ਮਿਲੀ ਤਾਂ ਏ. ਸੀ. ਪੀ. ਨਾਰਥ ਦਮਨਵੀਰ ਸਿੰਘ, ਥਾਣਾ ਨੰਬਰ 8 ਦੇ ਇੰਚਾਰਜ ਅਮਿਤ ਕੁਮਾਰ, ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਨਰਿੰਦਰ ਮੋਹਨ ਸਮੇਤ ਫੋਰੈਂਸਿਕ ਟੀਮ ਮੌਕੇ ’ਤੇ ਜਾਂਚ ਲਈ ਪਹੁੰਚ ਗਈ। ਪੁਲਸ ਨੇ ਕਤਲ ਦੇ ਕੁਝ ਹੀ ਸਮੇਂ ਬਾਅਦ ਮੁੱਖ ਮੁਲਜ਼ਮ ਨੂੰ ਫੋਕਲ ਪੁਆਇੰਟ ਇਲਾਕੇ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਮਨੋਜ ਯਾਦਵ (25) ਪੁੱਤਰ ਸ਼ਿਵ ਨਾਰਾਇਣ ਨਿਵਾਸੀ ਬਿਹਾਰ, ਹਾਲ ਨਿਵਾਸੀ ਮੁਹੱਲਾ ਕੋਟ ਰਾਮਦਾਸ ਨਗਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਕਨ੍ਹਈਆ ਯਾਦਵ ਪੁੱਤਰ ਸੂਰਜ ਯਾਦਵ ਨਿਵਾਸੀ ਗੋਪਾਲਗੰਜ (ਬਿਹਾਰ) ਨੇ ਦੱਸਿਆ ਕਿ ਉਹ ਟਰਾਂਸਪੋਰਟ ਨਗਰ ਵਿਚ ਰੇਤਾ-ਬੱਜਰੀ ਦਾ ਕੰਮ ਕਰਦਾ ਹੈ। ਹੋਲੀ ਦੇ ਤਿਉਹਾਰ ’ਤੇ ਉਹ ਟਰਾਂਸਪੋਰਟ ਨਗਰ ਵਿਚ ਕੰਮ ’ਤੇ ਹੀ ਸੀ ਕਿ ਉਥੇ ਹੀ ਰੇਤਾ ਦਾ ਕੰਮ ਕਰਨ ਵਾਲੇ ਰਾਜੂ ਲੰਗੜਾ ਅਤੇ ਸੂਰਜ ਪੁੱਤਰ ਪ੍ਰਕਾਸ਼ ਨਿਵਾਸੀ ਸਵਰਨ ਪਾਰਕ ਗਦਾਈਪੁਰ ਨੇ ਸ਼ਰਾਬ ਦੇ ਨਸ਼ੇ ਵਿਚ ਉਸ ’ਤੇ ਰੰਗ ਪਾ ਦਿੱਤਾ। ਕਨ੍ਹਈਆ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਕਨ੍ਹਈਆ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਬਾਥਰੂਮ ’ਚ ਮਿਲੀ ਨਿਹੰਗ ਸਿੰਘ ਦੀ ਲਾਸ਼
ਇਸੇ ਦੌਰਾਨ ਸੂਰਜ ਨੇ ਆਪਣੇ ਭਰਾ ਆਕਾਸ਼ ਅਤੇ ਹੋਰ 3 ਅਣਪਛਾਤੇ ਨੌਜਵਾਨਾਂ ਨੂੰ ਵੀ ਬੁਲਾ ਲਿਆ। ਕੁੱਟਮਾਰ ਜ਼ਿਆਦਾ ਹੋਈ ਤਾਂ ਕਨ੍ਹਈਆ ਨੇ ਆਪਣੇ ਭਤੀਜੇ ਮਨੋਜ ਨੂੰ ਫੋਨ ਕਰਕੇ ਮੌਕੇ ’ਤੇ ਆਉਣ ਨੂੰ ਕਿਹਾ। ਕੁਝ ਹੀ ਮਿੰਟਾਂ ਵਿਚ ਮੌਕੇ ’ਤੇ ਪੁੱਜੇ ਮਨੋਜ ਨੇ ਜਦੋਂ ਆਪਣੇ ਚਾਚੇ ਨਾਲ ਕੁੱਟਮਾਰ ਹੁੰਦੀ ਦੇਖੀ, ਉਸ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਮਨੋਜ ਦੇ ਪੇਟ ਵਿਚ 3-4 ਵਾਰ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰਾਂ ਨੇ ਕਨ੍ਹਈਆ ਦੇ ਸਿਰ ਅਤੇ ਬਾਂਹ ’ਤੇ ਵੀ ਡੰਡਿਆਂ ਨਾਲ ਵਾਰ ਕੀਤਾ। ਮਨੋਜ ਨੂੰ ਖ਼ੂਨ ਵਿਚ ਲਥਪਥ ਵੇਖ ਕੇ ਕਨ੍ਹਈਆ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਭੀੜ ਇਕੱਠੀ ਹੁੰਦੀ ਵੇਖ ਕੇ ਸਾਰੇ ਹਮਲਾਵਰ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਦਕਿ ਹਸਪਤਾਲ ਲਿਜਾਏ ਜਾਣ ’ਤੇ ਡਾਕਟਰਾਂ ਨੇ ਮਨੋਜ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।
ਦੂਜੇ ਪਾਸੇ ਪੁਲਸ ਨੇ ਕੁਝ ਹੀ ਸਮੇਂ ਬਾਅਦ ਸੂਰਜ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਨੂੰ ਰਿਮਾਂਡ ’ਤੇ ਲਿਆ ਗਿਆ ਹੈ। ਸੂਰਜ ਸਮੇਤ ਉਸਦੇ ਭਰਾ ਆਕਾਸ਼, ਰਾਜੂ ਉਰਫ ਲੰਗੜਾ ਅਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਥਾਣਾ ਨੰਬਰ 8 ਵਿਚ ਧਾਰਾ 302, 148, 149 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਡੀ. ਸੀ. ਪੀ. ਤੇਜਾ ਨੇ ਕਿਹਾ ਕਿ ਜਲਦ ਫ਼ਰਾਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਹੋਲੇ-ਮਹੱਲੇ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋ ਸ਼ਰਧਾਲੂਆਂ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਜਟ ਪੇਸ਼ ਕਰਨ ਮਗਰੋਂ ਬੋਲੇ ਹਰਪਾਲ ਚੀਮਾ, 'ਪੰਜਾਬ 'ਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ'
NEXT STORY