ਕਪੂਰਥਲਾ/ਸੁਭਾਨਪੁਰ, (ਭੂਸ਼ਣ/ਸਤਨਾਮ)- ਇਕ ਏ. ਐੱਸ. ਆਈ. ਨਾਲ ਕੁੱਟ-ਮਾਰ ਕਰ ਕੇ ਵਰਦੀ ਪਾੜਨ, ਨਕਦੀ ਅਤੇ ਹੋਰ ਜ਼ਰੂਰੀ ਕਾਗਜ਼ਾਤ ਖੋਹਣ ਦੇ ਮਾਮਲੇ ’ਚ ਥਾਣਾ ਢਿੱਲਵਾਂ ਦੀ ਪੁਲਸ ਨੇ 2 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਪੁਲਸ ਟੀਮ ਦੇ ਨਾਲ ਰਾਸ਼ਟਰੀ ਰਾਜ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਏ. ਐੱਸ. ਆਈ. ਮਨਜੀਤ ਸਿੰਘ ਵਾਸੀ ਪਿੰਡ ਖਾਨੋਵਾਲ ਥਾਣਾ ਸਦਰ ਕਪੂਰਥਲਾ ਨੇ ਐੱਸ. ਐੱਚ. ਓ. ਢਿੱਲਵਾਂ ਨੂੰ ਸ਼ਿਕਾਇਤ ਕੀਤੀ ਕਿ ਉਹ ਆਪਣੀ ਗੱਡੀ ’ਚ ਸਵਾਰ ਹੋ ਕੇ ਕਪੂਰਥਲਾ ਤੇ ਅੰਮ੍ਰਿਤਸਰ ’ਚ ਵਾਰੰਟ ਦੀ ਤਾਮੀਲ ਲਈ ਜਾ ਰਿਹਾ ਸੀ। ਇਸ ਦੌਰਾਨ ਬੀਤਾ ਪੁੱਤਰ ਜੀਤ ਸਿੰਘਵਾਸੀ ਪਿੰਡ ਮੰਡ ਸੰਗੋਜਲਾ ਕਪੂਰਥਲਾ ਤੇ ਜੱਗਾ ਵਾਸੀ ਪਿੰਡ ਤਲਵੰਡੀ ਥਾਣਾ ਫੱਤੂਢੀਂਗਾ ਦਾ ਉਸਨੂੰ ਫੋਨ ਆਇਆ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ। ਬੀਤਾ ਨੇ ਉਸਨੂੰ ਉਸਦੇ ਲੜਕੇ ਦੇ ਵਿਆਹ ਦੇ ਸਬੰਧ ’ਚ ਗੱਲਬਾਤ ਲਈ ਆਪਣੇ ਕੋਲ ਬੁਲਾਇਆ, ਜਿਸ ’ਤੇ ਉਹ ਮੰਡ ਸੰਗੋਜਲਾ ਲਈ ਨਿਕਲ ਪਿਆ। ਜਿੱਥੇ ਪਹਿਲਾਂ ਤੋਂ ਖੜ੍ਹੇ ਬੀਤਾ ਤੇ ਜੱਗਾ ਉਸਦੀ ਗੱਡੀ ’ਚ ਬੈਠ ਗਏ ਤੇ ਉਸਨੂੰ ਮੰਡ ਖੇਤਰ ’ਚ ਲੈ ਗਏ।
ਜਿੱਥੇ ਮੁਲਜ਼ਮਾਂ ਨੇ ਉਸਦੀਆਂ ਅੱਖਾਂ ’ਚ ਮਿਰਚਾਂ ਪਾ ਦਿੱਤੀਆਂ ਤੇ ਉਸ ’ਤੇ ਦਾਤਰ ਨਾਲ ਵਾਰ ਕੀਤੇ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਬਾਅਦ ’ਚ ਮੁਲਜ਼ਮਾਂ ਨੇ ਉਸ ਨਾਲ ਕੁੱਟ-ਮਾਰ ਕਰਦੇ ਹੋਏ ਉਸਦੀ ਜੇਬ ’ਚੋਂ ਉਸਦਾ ਪਰਸ ਕੱਢ ਲਿਆ ਜਿਸ ’ਚ 20 ਹਜ਼ਾਰ ਰੁਪਏ ਦੀ ਨਕਦੀ, ਏ. ਟੀ. ਐੱਮ. ਕਾਰਡ, ਪਛਾਣ ਪੱਤਰ, ਪੈਨ ਕਾਰਡ, ਆਧਾਰ ਕਾਰਡ ਤੇ ਵੋਟਰ ਕਾਰਡ ਸੀ, ਖੋਹ ਲਏ। ਮੁਲਜ਼ਮ ਉਸ ਕੋਲੋਂ ਮੋਬਾਇਲ ਫੋਨ ਵੀ ਖੋਹ ਕੇ ਲੈ ਗਏ, ਜਿਸ ਦੌਰਾਨ ਉਸਦੀ ਵਰਦੀ ਵੀ ਫਟ ਗਈ ਤੇ ਮੁਲਜ਼ਮਾਂ ਨੇ ਉਸਦੀ ਗੱਡੀ ਦੀ ਵੀ ਤੋੜ ਭੰਨ ਕੀਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਢਿੱਲਵਾਂ ਪੁਲਸ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਦੋਵਾਂ ਮੁਲਜ਼ਮਾਂ ਬੀਤਾ ਤੇ ਜੱਗਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।
ਸਰਕਾਰੀ ਸਕੂਲਾਂ ਦੇ ਸਪੋਰਟਸ ਇੰਫਰਾਸਟਰੱਕਚਰ ਨੂੰ ਬਿਹਤਰ ਬਣਾਉਣ ਦੀ ਕਵਾਇਦ ਸ਼ੁਰੂ
NEXT STORY