ਲੁਧਿਆਣਾ (ਰਾਜ): ਖਾਕੀ ਦੇ ਰਸੂਖ ਦੇ ਦੌਰ ਵਿਚ ਜਦੋਂ ਲੋਕ ਛੋਟੀਆਂ-ਛੋਟੀਆਂ ਸਿਫਾਰਸ਼ਾਂ ਲਈ ਫ਼ੋਨ ਘੁਮਾਉਣ ਲੱਗਦੇ ਹਨ, ਉੱਥੇ ਹੀ ਲੁਧਿਆਣਾ ਦੇ ਅਸਿਸਟੈਂਟ ਕਮਿਸ਼ਨਰ ਆਫ਼ ਪੁਲਸ (ACP) ਗੁਰਦੇਵ ਸਿੰਘ ਨੇ ਇਮਾਨਦਾਰੀ ਅਤੇ ਅਨੁਸ਼ਾਸਨ ਦੀ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਗੂੰਜ ਹੁਣ ਪੂਰੇ ਪੰਜਾਬ ਵਿਚ ਸੁਣਾਈ ਦੇ ਰਹੀ ਹੈ। ਉਨ੍ਹਾਂ ਨੇ ਆਪਣੀ ਹੀ ਧੀ ਨੂੰ 'ਖਾਸ' ਸਮਝਣ ਦੀ ਬਜਾਏ ਇਕ ਆਮ ਨਾਗਰਿਕ ਵਾਂਗ ਕਾਨੂੰਨ ਦਾ ਪਾਠ ਪੜ੍ਹਾਇਆ ਅਤੇ ਸਾਫ਼ ਕਹਿ ਦਿੱਤਾ ਕਿ ਵਰਦੀ ਦਾ ਰੁਤਬਾ ਘਰ ਦੀ ਦਹਿਲੀਜ਼ ਤੋਂ ਬਾਹਰ ਹੀ ਰਹਿੰਦਾ ਹੈ।
ਇਹ ਦਿਲਚਸਪ ਅਤੇ ਸਬਕ ਦੇਣ ਵਾਲਾ ਵਾਕਿਆ ਉਸ ਵੇਲੇ ਸਾਹਮਣੇ ਆਇਆ ਜਦੋਂ ਖਾਲਸਾ ਕਾਲਜ ਵਿਚ ਜ਼ਿਲ੍ਹੇ ਦੇ ਪ੍ਰਿੰਸੀਪਲਾਂ ਦੀ ਇਕ ਵੱਡੀ ਕਾਨਫਰੰਸ ਚੱਲ ਰਹੀ ਸੀ। ਸਟੇਜ 'ਤੇ ਮੌਜੂਦ ACP ਗੁਰਦੇਵ ਸਿੰਘ ਬੱਚਿਆਂ ਨੂੰ ਆਤਮ-ਨਿਰਭਰ ਅਤੇ ਜ਼ਿੰਮੇਵਾਰ ਬਣਾਉਣ ਬਾਰੇ ਚਰਚਾ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਉਹ ਕਿੱਸਾ ਸਾਂਝਾ ਕੀਤਾ ਜਿਸ ਨੂੰ ਸੁਣ ਕੇ ਹਾਲ ਵਿਚ ਮੌਜੂਦ ਹਰ ਕੋਈ ਦੰਗ ਰਹਿ ਗਿਆ।
ACP ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਦੀ ਧੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ, ਜਿਸ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਸ ਦੀ ਗੱਡੀ ਨੂੰ ਟੋਅ ਕਰ ਲਿਆ। ਘਬਰਾਈ ਹੋਈ ਧੀ ਨੇ ਤੁਰੰਤ ਪਿਤਾ ਨੂੰ ਫ਼ੋਨ ਕੀਤਾ, ਇਹ ਸੋਚ ਕੇ ਕਿ ਪਿਤਾ ਦੀ ਇਕ ਝਿੜਕ ਜਾਂ ਇਕ ਸਿਫਾਰਸ਼ ਉਸ ਦੀ ਗੱਡੀ ਛੁਡਵਾ ਦੇਵੇਗੀ। ਪਰ ਜਵਾਬ ਉਹ ਮਿਲਿਆ ਜਿਸ ਦੀ ਉਸ ਨੇ ਉਮੀਦ ਨਹੀਂ ਕੀਤੀ ਸੀ। ACP ਗੁਰਦੇਵ ਸਿੰਘ ਨੇ ਦੋ-ਟੂਕ ਸ਼ਬਦਾਂ ਵਿਚ ਕਿਹਾ, "ਇਸ ਵਿਚ ਮੇਰਾ ਕੋਈ ਰੋਲ ਨਹੀਂ ਹੈ। ਤੁਸਾਂ ਨਿਯਮ ਤੋੜਿਆ ਹੈ, ਤਾਂ ਇਸ ਨੂੰ ਖੁਦ ਹੀ ਮੈਨੇਜ ਕਰੋ।" ਇੰਨਾ ਹੀ ਨਹੀਂ, ਉਨ੍ਹਾਂ ਨੇ ਬੇਟੀ ਨੂੰ ਸਖ਼ਤ ਹਦਾਇਤ ਦਿੱਤੀ ਕਿ ਉਹ ਚਲਾਨ ਦੀ ਰਕਮ ਆਪਣੀ ਪਾਕਿਟ ਮਨੀ ਵਿਚੋਂ ਭਰੇ ਤਾਂ ਜੋ ਉਸ ਨੂੰ ਕਾਨੂੰਨ ਦੀ ਅਹਿਮੀਅਤ ਅਤੇ ਆਪਣੀ ਗਲਤੀ ਦਾ ਅਹਿਸਾਸ ਹੋਵੇ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਕਾਨੂੰਨ ਦੀ ਨਜ਼ਰ ਵਿਚ ਅਫ਼ਸਰ ਦੀ ਬੇਟੀ ਅਤੇ ਇਕ ਆਮ ਨਾਗਰਿਕ ਵਿਚ ਕੋਈ ਫਰਕ ਨਹੀਂ ਹੁੰਦਾ। ਕਾਨਫਰੰਸ ਵਿਚ ਮੌਜੂਦ ਹਰ ਵਿਦਿਆਰਥੀ ਨੇ ਇਸ ਭਾਵੁਕ ਅਤੇ ਪ੍ਰੇਰਨਾਦਾਇਕ ਪਲ ਦੀ ਵੀਡੀਓ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ। ਲੋਕ ACP ਸਾਹਿਬ ਦੇ ਇਸ ਫੈਸਲੇ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ। 'ਜਗ ਬਾਣੀ' ਦੀ ਇਹ ਖ਼ਬਰ ਉਨ੍ਹਾਂ ਸਾਰਿਆਂ ਲਈ ਇਕ ਕਰੜਾ ਸੰਦੇਸ਼ ਹੈ ਜੋ ਰਸੂਖ ਦੇ ਦਮ 'ਤੇ ਨਿਯਮਾਂ ਨੂੰ ਆਪਣੀ ਜੇਬ ਵਿਚ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਨੈਨਸੀ ਗਰੇਵਾਲ ਕਤਲ ਕੇਸ 'ਚ ਨਵਾਂ ਮੋੜ ! ਕੈਨੇਡੀਅਨ ਪੁਲਸ ਨੇ ਕਰ 'ਤਾ ਵੱਡਾ ਖੁਲਾਸਾ
NEXT STORY