ਚੰਡੀਗੜ੍ਹ (ਪਾਲ) : ਮੰਕੀਪਾਕਸ (ਐੱਮ. ਪਾਕਸ) ਨੂੰ ਪਿਛਲੇ ਹਫ਼ਤੇ ਪਬਲਿਕ ਹੈਲਥ ਐਮਰਜੈਂਸੀ ਐਲਾਨਣ ਤੋਂ ਬਾਅਦ ਚੰਡੀਗੜ੍ਹ ਸਿਹਤ ਵਿਭਾਗ ਵੀ ਪੱਬਾਂ ਭਾਰ ਹੈ। ਬਿਮਾਰੀ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੰਕੀਪਾਕਸ ਵਾਇਰਸ ਦੇ ਨਵੇਂ ਰੂਪ (ਕਲੈਡ ਆਈ. ਬੀ.) ਨੇ ਵਿਸ਼ਵ ਪੱਧਰੀ ਚਿੰਤਾ ਪੈਦਾ ਕਰ ਦਿੱਤੀ ਹੈ, ਕਿਉਂਕਿ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੇ ਸਟ੍ਰੇਨ ਬਾਰੇ ਬਹੁਤ ਘੱਟ ਜਾਣਕਾਰੀ ਹੈ। ਨਵਾਂ ਵੈਰੀਏਂਟ ਮਰੀਜ਼ ਦੇ ਨੇੜੇ ਸੰਪਰਕ ’ਚ ਆਉਣ ਨਾਲ ਤੇਜ਼ੀ ਨਾਲ ਫੈਲਦਾ ਹੈ। ਨਵਾਂ ਸਟ੍ਰੇਨ ਅਫ਼ਰੀਕਾ ਦੇ ਬਾਹਰ ਕਈ ਦੇਸ਼ਾਂ ’ਚ ਫੈਲ ਚੁੱਕਾ ਹੈ। ਮੰਕੀਪਾਕਸ (ਐੱਮ.ਪਾਕਸ) ਵਾਇਰਲ ਜ਼ੂਨੋਟਿਕ ਬੀਮਾਰੀ ਹੈ। ਫਿਲਹਾਲ ਦੇਸ਼ ’ਚ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਸਿਹਤ ਨਿਰਦੇਸ਼ਕ ਡਾ. ਸੁਮਨ ਸਿੰਘ ਅਨੁਸਾਰ ਸਾਵਧਾਨੀ ਵਜੋਂ ਐਡਵਾਈਜ਼ਰੀ ਜਾਰੀ ਕੀਤੀ ਹੈ, ਤਾਂ ਜੋ ਲੋਕ ਜਾਗਰੂਕ ਹੋ ਸਕਣ। ਇਸ ਬਿਮਾਰੀ ’ਚ ਆਈਸੋਲੇਸ਼ਨ ਦੀ ਲੋੜ ਹੁੰਦੀ ਹੈ, ਬੀਮਾਰ ਨੂੰ ਕਿਸੇ ਦੇ ਨੇੜੇ ਨਹੀਂ ਜਾਣਾ ਚਾਹੀਦਾ। ਸਾਡੇ ਕੋਲ ਆਈਸੋਲੇਸ਼ਨ ਵਾਰਡ ਹਨ। ਟੈਸਟਿੰਗ ਲਈ ਪੀ. ਜੀ. ਆਈ. ’ਚ ਲੈਬ ਹੈ, ਜਿੱਥੇ ਅਸੀਂ ਟੈਸਟਿੰਗ ਕੇਂਦਰ ਸਥਾਪਿਤ ਕਰਾਂਗੇ ਤੇ ਟੈਸਟ ਹੋ ਸਕਦੇ ਹਨ। ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਦੀ ਪ੍ਰੋ. ਲਕਸ਼ਮੀ ਦਾ ਕਹਿਣਾ ਹੈ ਕਿ ਸਾਰੇ ਸੂਬਿਆਂ ਦੇ ਹਸਪਤਾਲਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਆਈਸੋਲੇਸ਼ਨ ਦੀ ਲੋੜ ਤਾਂ ਹੈ ਪਰ ਇਹ ਕੋਵਿਡ ਜਿੰਨਾ ਸਖ਼ਤ ਨਹੀਂ ਹੈ। ਪੀ. ਜੀ. ਆਈ. ਜਾਂਚ ਕੇਂਦਰ ਹੋਵੇਗਾ ਜਾਂ ਨਹੀਂ, ਇਸ ਬਾਰੇ ਤੈਅ ਕਰਨ ਲਈ ਡਾਇਰੈਕਟਰ ਨੂੰ ਪੱਤਰ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਪਾਰਲੀਮਾਨੀ ਬੋਰਡ ਜ਼ਿਮਨੀ ਚੋਣ ਲਈ ਉਮੀਦਵਾਰ ਤੈਅ ਕਰਨ ਲਈ ਹਲਕਿਆਂ ਦਾ ਕਰੇਗਾ ਦੌਰਾ
ਕੇਂਦਰ ਨੇ ਸਾਰੇ ਸੂਬਿਆਂ ਨੂੰ ਕੀਤਾ ਅਲਰਟ, ਕਿਹਾ-ਹਸਪਤਾਲਾਂ ਨੂੰ ਰੱਖੋ ਤਿਆਰ
ਦੇਸ਼ ’ਚ ਐੱਮ.ਪਾਕਸ ਲਈ 22 ਲੈਬਾਂ ਹਨ, ਜਿਨ੍ਹਾਂ ’ਚ ਐੱਨ.ਸੀ.ਡੀ.ਸੀ. ਤੇ ਏਮਜ਼ ਨਵੀਂ ਦਿੱਲੀ ਸ਼ਾਮਲ ਹਨ। ਨਾਲ ਹੀ 13 ਬਫਰ ਲੈਬਸ ਹਨ, ਪੀ. ਜੀ. ਆਈ. ਉਨ੍ਹਾਂ ’ਚੋਂ ਇਕ ਹੈ। ਕੇਂਦਰ ਨੇ ਸਾਰੇ ਸੂਬਿਆਂ ਨੂੰ ਅਲਰਟ ਕਰਦਿਆਂ ਹਸਪਤਾਲਾਂ ਨੂੰ ਤਿਆਰ ਰੱਖਣ ਲਈ ਕਿਹਾ ਹੈ। 2022 ਦੇ ਬਾਅਦ ਤੋਂ ਦੇਸ਼ ’ਚ ਘੱਟੋ-ਘੱਟ 30 ਐੱਮ.ਪਾਕਸ ਦੇ ਕੇਸ ਸਾਹਮਣੇ ਆਏ ਹਨ। ਐੱਮ.ਪਾਕਸ ਦਾ ਆਖ਼ਰੀ ਮਾਮਲਾ ਇਸੇ ਸਾਲ ਮਾਰਚ ’ਚ ਸਾਹਮਣੇ ਆਇਆ ਸੀ। ਐੱਮ.ਪਾਕਸ ਲਈ ਹਾਲੇ ਕੋਈ ਇਲਾਜ ਨਹੀਂ ਹੈ। ਮਰੀਜ਼ਾਂ ਲਈ ਇਲਾਜ ਦਾ ਮਕਸਦ ਲੱਛਣਾਂ ਤੋਂ ਰਾਹਤ ਦਿਵਾਉਣਾ ਹੈ। ਇਸ ’ਚ ਧੱਫੜਾਂ ਤੋਂ ਚਮੜੀ ਨੂੰ ਹੋਣ ਵਾਲੇ ਨੁਕਸਾਨ ਦਾ ਇਲਾਜ, ਮਲ ਨੂੰ ਨਰਮ ਰੱਖਣ ’ਚ ਮਦਦ ਕਰਨ ਲਈ ਲੋੜੀਂਦਾ ਤਰਲ ਪਦਾਰਥ ਪੀਣਾ ਅਤੇ ਦਰਦ ਨਿਵਾਰਕ ਦਵਾਈਆਂ ਸ਼ਾਮਲ ਹੈ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰ-ਅੰਦਾਜ਼
ਐੱਮ.ਪਾਕਸ ਦੇ ਸ਼ੁਰੂਆਤੀ ਲੱਛਣਾਂ ’ਚ ਇਨਫੈਕਸ਼ਨ ਦੇ 3 ਤੋਂ 17 ਦਿਨਾਂ ਦੇ ਅੰਦਰ ਦਿਖਣ ਲਗਦੇ ਹਨ। ਬੁਖ਼ਾਰ, ਗੰਭੀਰ ਸਿਰਦਰਦ, ਸਾਈਨਸ ਸੋਜਿਸ਼, ਪਿੱਠ ਦਰਦ, ਮਾਸਪੇਸ਼ੀਆਂ ’ਚ ਦਰਦ ਤੇ ਥਕਾਵਟ ਸ਼ਾਮਲ ਹਨ। ਬੁਖ਼ਾਰ ਹੋਣ ਦੇ ਇਕ ਹਫ਼ਤੇ ਅੰਦਰ, ਸਰੀਰ ’ਤੇ ਖ਼ਾਸ ਕਰ ਕੇ ਚਿਹਰੇ ਅਤੇ ਹੱਥਾਂ ’ਤੇ ਛਾਲੇ ਅਤੇ ਲਾਲ ਧੱਬੇ ਦਿਖਾਈ ਦੇਣ ਲਗਦੇ ਹਨ। ਇਹ ਛਾਲੇ ਹਥੇਲੀਆਂ, ਗੁਪਤ ਅੰਗਾਂ ਤੇ ਅੱਖਾਂ ’ਤੇ ਵੀ ਦਿਖਾਈ ਦੇ ਸਕਦੇ ਹਨ।
ਇਹ ਵੀ ਪੜ੍ਹੋ : ਆਪਣੇ ਚਹੇਤਿਆਂ ਨੂੰ ਉੱਚੇ ਅਹੁਦਿਆਂ 'ਤੇ ਬਿਠਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਕੇਂਦਰ ਸਰਕਾਰ : ਬਰਸਟ
ਯਾਤਰਾ ਕਰ ਕੇ ਪਰਤਣ ਵਾਲੇ ਲੋਕ ਰਹਿਣ ਸਾਵਧਾਨ
ਜਿਹੜੇ ਲੋਕ ਪਿਛਲੇ 21 ਦਿਨਾਂ ’ਚ ਦੱਖਣੀ ਅਫ਼ਰੀਕਾ, ਕੀਨੀਆ, ਰਵਾਂਡਾ, ਯੂਗਾਂਡਾ, ਡੈਮੋਕਰੇਟਿਕ ਰੀਪਬਲਿਕ ਆਫ਼ ਕਾਂਗੋ, ਬੁਰੂੰਡੀ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਬ੍ਰਾਜ਼ਾਵਿਲ, ਕੈਮਰੂਨ, ਨਾਈਜੀਰੀਆ, ਆਈਵਜ਼ਰੀ ਕੋਸਟ ਤੋਂ ਪਰਤੇ ਹਨ, ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਹਾਲੇ ਤੱਕ ਇਨ੍ਹਾਂ ਦੇਸ਼ਾਂ ’ਚ ਐੱਮ.ਪਾਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਬੁਖ਼ਾਰ, ਸਿਰ, ਮਾਸਪੇਸ਼ੀਆਂ ’ਚ ਦਰਦ ਹੋਣ ’ਤੇ ਵਿਅਕਤੀ ਨੂੰ ਰੱਖੋ ਅਲੱਗ
ਜੇ ਬੁਖ਼ਾਰ, ਸਿਰਦਰਦ, ਮਾਸਪੇਸ਼ੀਆਂ ’ਚ ਦਰਦ, ਧੱਫੜ (ਚਿਹਰੇ, ਲੱਤਾਂ ’ਤੇ), ਲੰਫ ਨੋਡਸ ’ਚ ਸੋਜ਼ਿਸ਼ ਹੋਵੇ ਤਾਂ ਵਿਅਕਤੀ ਨੂੰ ਅਲੱਗ ਰੱਖਣਾ ਚਾਹੀਦਾ ਹੈ ਤੇ ਨਜ਼ਦੀਕੀ ਸਿਹਤ ਸਹੂਲਤ ’ਚ ਜਾਂਚ ਕਰਵਾਉਣੀ ਚਾਹੀਦੀ ਹੈ।
ਸੰਕ੍ਰਮਿਤ ਜਾਨਵਰਾਂ ਜਾਂ ਮਨੁੱਖਾਂ ਦੇ ਸੰਪਰਕ ’ਚ ਆਉਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਫ਼ ਰੱਖੋ।
ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ ਜਾਂ ਅਲਕੋਹਲ ਅਧਾਰਿਤ ਸੈਨੀਟਾਈਜ਼ਰ ਦੀ ਵਰਤੋਂ ਕਰੋ।
ਜੇਕਰ ਕੋਈ ਵਿਅਕਤੀ ਮੰਕੀਪਾਕਸ ਤੋਂ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ ਤਾਂ ਉਸ ਨੂੰ 21 ਦਿਨਾਂ ਲਈ ਆਪਣੇ ਪਰਿਵਾਰ ਤੇ ਪਾਲਤੂ ਜਾਨਵਰਾਂ ਤੋਂ ਦੂਰ ਇਕ ਵੱਖਰੇ ਕਮਰੇ ’ਚ ਰੱਖਣਾ ਚਾਹੀਦਾ ਹੈ ਤੇ ਲੱਛਣਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਇਨ੍ਹਾਂ ’ਚੋਂ ਕੋਈ ਵੀ ਲੱਛਣ ਦਿਖੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਬੁਖ਼ਾਰ, ਧੱਫੜ ਤੇ ਸੁੱਜੇ ਹੋਏ ਲਿੰਫ ਨੋਡਸ ਵਾਲੇ ਵਿਅਕਤੀਆਂ ਜਾਂ ਅਜਿਹੇ ਦੇਸ਼ਾਂ ਦੀ ਯਾਤਰਾ ਕਰ ਕੇ ਆਏ ਲੋਕਾਂ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ। ਖ਼ਾਸ ਤੌਰ ’ਤੇ ਜਿੱਥੇ ਇਸ ਬੀਮਾਰੀ ਦੇ ਕੇਸ ਸਾਹਮਣੇ ਆਏ ਹਨ।
ਵਾਇਰਸ ਕੱਪੜਿਆਂ, ਬਿਸਤਰੇ, ਤੌਲੀਏ, ਵਸਤੂਆਂ, ਇਲੈਕਟ੍ਰੋਨਿਕਸ ਐੱਮ.ਪਾਕਸ ਤੋਂ ਪੀੜਤ ਵਿਅਕਤੀ ਦੁਆਰਾ ਛੂਹੀਆਂ ਗਈਆਂ ਚੀਜਾਂ ’ਤੇ ਕੁੱਝ ਸਮੇਂ ਤੱਕ ਬਣਿਆ ਰਹਿ ਸਕਦਾ ਹੈ।
ਵਾਇਰਸ ਗਰਭ ਅਵਸਥਾ ਦੌਰਾਨ ਭਰੂਣ, ਜਨਮ ਦੌਰਾਨ ਜਾਂ ਬਾਅਦ ’ਚ ਚਮੜੀ ਦੇ ਸੰਪਰਕ ਨਾਲ ਜਾਂ ਐੱਮ.ਪਾਕਸ ਤੋਂ ਪੀੜਤ ਮਾਤਾ-ਪਿਤਾ ਤੋਂ ਬੱਚੇ ’ਚ ਫੈਲ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੇਨਾਂ 'ਤੇ ਪੱਥਰਬਾਜ਼ੀ ਦੇ ਬਲੈਕ ਸਪਾਟਾਂ 'ਤੇ ਵਧਾਈ ਗਈ ਸੁਰੱਖਿਆ ਫੋਰਸ ਦੀ ਗਸ਼ਤ, ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ
NEXT STORY