ਕਪੂਰਥਲਾ (ਮਹਾਜਨ)-ਬਦਲਦੇ ਮੌਸਮ ਅਤੇ ਪਹਾੜੀ ਇਲਾਕਿਆਂ ’ਚ ਸ਼ੁਰੂ ਹੋਈ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਪੰਜਾਬ ’ਚ ਕੜਾਕੇ ਦੀ ਠੰਡ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਛਾਈ ਰਹੇਗੀ। ਇਨ੍ਹਾਂ ਦਿਨਾਂ ’ਚ ਸਵੇਰ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਤੱਕ ਪਹੁੰਚ ਰਿਹਾ ਹੈ। ਸੜਕਾਂ ’ਤੇ ਸੰਘਣੀ ਧੁੰਦ ਦੀ ਚਾਦਰ ਵਿਛੇ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਠੰਡੀਆਂ ਹਵਾਵਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਸੰਘਣੀ ਧੁੰਦ ਕਾਰਨ ਜ਼ਿਲ੍ਹੇ ਦੇ ਬਾਹਰੀ ਇਲਾਕਿਆਂ ਦੇ ਨਾਲ-ਨਾਲ ਸ਼ਹਿਰ ‘ਚ ਵੀ ਸਵੇਰੇ 10 ਵਜੇ ਤੱਕ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਸੰਘਣੀ ਧੁੰਦ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਰਿਹਾ, ਉਥੇ ਹੀ ਰਾਹਗੀਰਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਵੀ ਧੁੰਦ ਦੀ ਮਾਰ ਝੱਲਣੀ ਪਈ ਅਤੇ ਆਪਣੇ ਕੰਮ ਵਾਲੇ ਸਥਾਨਾਂ ’ਤੇ ਨਿਰਧਾਰਤ ਸਮੇਂ ਤੋਂ ਥੋੜ੍ਹੀ ਦੇਰੀ ਨਾਲ ਪੁੱਜੇ। ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਹੇਠਾਂ ਜਾਵੇਗਾ ਤੇ ਧੁੰਦ ਵੀ ਵਧੇਗੀ, ਜਿਸ ਕਾਰਨ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਾਹਰਾਂ ਨੇ ਲੋਕਾਂ ਨੂੰ ਰਾਤ 9 ਵਜੇ ਤੋਂ ਬਾਅਦ ਅਤੇ ਸਵੇਰੇ 6 ਵਜੇ ਤੋਂ ਪਹਿਲਾਂ ਸਿਰਫ਼ ਜ਼ਰੂਰੀ ਹੋਣ ’ਤੇ ਹੀ ਵਾਹਨ ਚਲਾਉਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਸ ਦੌਰਾਨ ਮੁੱਖ ਸੜਕਾਂ ’ਤੇ ਵਿਜ਼ੀਬਿਲਟੀ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਸ੍ਰੀ ਕੀਰਤਪੁਰ ਸਾਹਿਬ 'ਚ ਵੱਡਾ ਹਾਦਸਾ, ਆਲਟੋ ਕਾਰ ਡਰਾਈਵਰ ਸਣੇ ਨਹਿਰ 'ਚ ਡਿੱਗੀ
ਪਹਾੜੀ ਇਲਾਕਿਆਂ ’ਚ ਹਰ ਰੋਜ਼ ਹੋ ਰਹੀ ਭਾਰੀ ਬਰਫ਼ਬਾਰੀ ਅਤੇ ਉੱਤਰ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੂਰਾ ਸ਼ਹਿਰ ਕੜਾਕੇ ਦੀ ਠੰਢ ਦੀ ਲਪੇਟ ਵਿਚ ਹੈ। ਸਥਿਤੀ ਇਹ ਹੈ ਕਿ ਦਿਨ ਭਰ ਆਸਮਾਨ ਸੰਘਣੀ ਧੁੰਦ ਨਾਲ ਢੱਕਿਆ ਰਹਿੰਦਾ ਹੈ। ਰਾਤ ਨੂੰ ਧੁੰਦ ਪੈਣ ਕਾਰਨ ਸਰਦੀ ਦਾ ਦੌਰ ਸ਼ੁਰੂ ਹੋ ਗਿਆ ਹੈ। ਆਸਮਾਨ ’ਤੇ ਧੁੰਦ ਦੀ ਸੰਘਣੀ ਚਾਦਰ ਕਾਰਨ ਸੂਰਜ ਦੇਵਤਾ ਦੇਰ ਨਾਲ ਦਿਖਾਈ ਦਿੰਦੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪਿਛਲੇ ਦੋ-ਤਿੰਨ ਦਿਨਾਂ ਤੋਂ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਧੁੰਦ ਦੀ ਚਿੱਟੀ ਚਾਦਰ ਨੇ ਆਵਾਜਾਈ ਕੀਤੀ ਠੱਪ
ਪਿਛਲੇ 2-3 ਦਿਨਾਂ ਤੋਂ ਧੁੰਦ ਵਧਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਠੰਢ ’ਚ ਕਾਫੀ ਇਜਾਫਾ ਹੋਇਆ ਹੈ। ਸਵੇਰ ਵੇਲੇ ਸੜਕਾਂ ’ਤੇ ਰੇਲ ਮਾਰਗਾਂ ’ਤੇ ਧੁੰਦ ਦੀ ਸੰਘਣੀ ਚਾਦਰ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰ ਵੇਲੇ ਸੜਕਾਂ ’ਤੇ ਸੰਘਣੀ ਧੁੰਦ ਪੈਣ ਕਾਰਨ ਬੱਸਾਂ ਅਤੇ ਹੋਰ ਵਾਹਨ ਲਾਈਟਾਂ ਦੀ ਮਦਦ ਨਾਲ ਹੌਲੀ-ਹੌਲੀ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਜਾ ਸਕਦੇ ਹਨ, ਜਿਸ ਕਾਰਨ ਕੰਮਕਾਜੀ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਧੁੰਦ ਕਾਰਨ ਰੇਲਵੇ ਟਰੇਨਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਕੁਝ ਦੇਰੀ ਨਾਲ ਆ ਰਹੀਆਂ ਹਨ ਅਤੇ ਰਵਾਨਾ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕੜਾਕੇ ਦੀ ਠੰਢ ’ਚ ਰੇਲਵੇ ਸਟੇਸ਼ਨ ’ਤੇ ਖੜ੍ਹੇ ਹੋ ਕੇ ਰੇਲ ਗੱਡੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ, ਮੁਅੱਤਲ SHO ਨਵਦੀਪ ਤੇ ਹੋਰ ਮੁਲਾਜ਼ਮਾਂ ਨੂੰ ਹੁਕਮ ਜਾਰੀ
ਸਰਦੀਆਂ ’ਚ ਬੱਚਿਆਂ ਅਤੇ ਬਜ਼ੁਰਗਾਂ ਦਾ ਰੱਖੋ ਖਾਸ ਖਿਆਲ : ਡਾ. ਕੌਸ਼ਲ
ਵਧਦੀ ਠੰਡ ਨੇ ਜਿੱਥੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ, ਉੱਥੇ ਹੀ ਖੰਘ, ਜ਼ੁਕਾਮ ਆਦਿ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਇਨ੍ਹੀਂ ਦਿਨੀਂ ਵਧਣ ਲੱਗੀ ਹੈ। ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧਣ ਲੱਗੀ ਹੈ। ਡਾ. ਰਣਵੀਰ ਕੌਸ਼ਲ ਦਾ ਕਹਿਣਾ ਹੈ ਕਿ ਵਧਦੀ ਠੰਢ ਵਿਚ ਸਾਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਖਾਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ। ਘਰੋਂ ਨਿਕਲਦੇ ਸਮੇਂ ਗਰਮ ਕੱਪੜੇ ਪਾਓ ਤੇ ਲੋੜ ਪੈਣ ’ਤੇ ਹੀ ਬਾਹਰ ਜਾਓ। ਖਾਣ-ਪੀਣ ਦੀਆਂ ਆਦਤਾਂ ਦਾ ਵੀ ਖਾਸ ਧਿਆਨ ਰੱਖੋ। ਜੇਕਰ ਤੁਹਾਡੀ ਸਿਹਤ ਵਿਗੜਦੀ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਅਧਿਆਪਕਾ ਦਾ ਬੱਚੇ 'ਤੇ ਤਸ਼ਦੱਦ! ਵਾਇਰਲ ਹੋਈ ਵੀਡੀਓ ਨੇ ਉਡਾ 'ਤੇ ਸਭ ਦੇ ਹੋਸ਼
ਧੁੰਦ ’ਚ ਸਾਵਧਾਨੀਆਂ ਦਾ ਖਾਸ ਖਿਆਲ ਰੱਖੋ : ਦਰਸ਼ਨ ਸਿੰਘ
ਟ੍ਰੈਫਿਕ ਪੁਲਸ ਇੰਚਾਰਜ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿਚ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਹਾਦਸਿਆਂ ਦੀ ਗਿਣਤੀ ਵੱਧ ਜਾਂਦੀ ਹੈ ਕਿਉਂਕਿ ਧੁੰਦ ਦੀ ਸੰਘਣੀ ਚਾਦਰ ਅੱਗੇ ਦੇਖਣਾ ਮੁਸ਼ਕਲ ਬਣਾ ਦਿੰਦੀ ਹੈ, ਖਾਸ ਕਰਕੇ ਰਾਤ ਨੂੰ। ਅਜਿਹੇ ’ਚ ਜੇਕਰ ਅਸੀਂ ਕੁਝ ਖਾਸ ਸਾਵਧਾਨੀਆਂ ਰੱਖੀਏ ਤਾਂ ਅਸੀਂ ਆਪਣੀ ਜਾਨ ਦੇ ਨਾਲ-ਨਾਲ ਦੂਜਿਆਂ ਦੀ ਜਾਨ ਵੀ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਧੁੰਦ ਦੌਰਾਨ ਕਾਰਾਂ ਵਿਚ ਵਿੰਡਸਕਰੀਨ ’ਤੇ ਹੀਟਰ ਲਗਾਉਣ ਨਾਲ ਵਿੰਡਸਕਰੀਨ ’ਤੇ ਧੁੰਦ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਧੁੰਦ ਵਿੱਚ ਕਾਰ ਦੇ ਫਾਗ ਲੈਂਪ ਨੂੰ ਚਾਲੂ ਰੱਖੋ ਅਤੇ ਚਾਰੇ ਇੰਡੀਕੇਟਰ ਵੀ ਚਾਲੂ ਰੱਖੋ। ਹਾਈ ਬੀਮ ਦੀ ਬਜਾਏ ਘੱਟ ਬੀਮ ਵਿਚ ਹੈੱਡਲਾਈਟਾਂ ਚਲਾਉਣਾ ਵਧੇਰੇ ਫਾਇਦੇਮੰਦ ਹੋ ਸਕਦਾ ਹੈ, ਜਿਨ੍ਹਾਂ ਕਾਰਾਂ ਵਿਚ ਹੈੱਡਲਾਈਟਾਂ ਦੇ ਨਾਲ-ਨਾਲ ਐਲ-ਲਾਈਟਾਂ ਨੂੰ ਚਾਲੂ ਰੱਖਣ ਦੀ ਸਹੂਲਤ ਹੈ, ਉਨ੍ਹਾਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ ਤੇ ਲੋੜ ਪੈਣ ’ਤੇ ਵਾਈਪਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਦੂਰ ਦੀ ਨਜਰ ਕਮਜ਼ੋਰ ਹੈ, ਉਹ ਧੁੰਦ ਵਿਚ ਵਾਹਨ ਚਲਾਉਣ ਤੋਂ ਪ੍ਰਹੇਜ਼ ਕਰਨ। ਧੁੰਦ ਦੌਰਾਨ ਕਾਰ ਦੇ ਡੈਸ਼ ਬੋਰਡ ’ਤੇ ਕਿਸੇ ਵੀ ਤਰ੍ਹਾਂ ਦੀ ਚੀਜ਼ ਜਾਂ ਕਾਗਜ਼ ਰੱਖਣ ਤੋਂ ਗੁਰੇਜ ਕਰੋ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਤੋਂ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, PRTC ਤੇ ਪਨਬਸ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ, ਸਰਕਾਰ ਨੇ ਲਿਆ ਨਵਾਂ ਫ਼ੈਸਲਾ
NEXT STORY