ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਸੂਬਾ ਸਰਕਾਰ ਅਧੀਨ ਸਟੇਟ ਟਰਾਂਸਪੋਰਟ ਅਦਾਰੇ (ਪੰੰਜਾਬ ਰੋਡਵੇਜ/ਪੀ.ਆਰ.ਟੀ.ਸੀ./ਪਨਬੱਸ) ਅਤੇ ਪ੍ਰਾਈਵੇਟ ਬੱਸਾਂ 'ਚ ਪ੍ਰਵਾਸੀਆਂ/ਹੋਰ ਸਵਾਰੀਆਂ ਨੂੰ ਲਿਆਉਣ-ਲਿਜਾਣ ਸਮੇਂ ਸਾਫ਼-ਸਫ਼ਾਈ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਮਾਰੀ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਸਾਰੇ 22 ਜ਼ਿਲ੍ਹਿਆਂ 'ਚ ਕਰਫਿਊ ਲਾ ਕੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ 'ਤੇ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਇਸਦੇ ਨਾਲ ਹੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਅੰਤਰ-ਜ਼ਿਲ੍ਹਾ ਅਤੇ ਜ਼ਿਲ੍ਹੇ ਦੇ ਅੰਦਰ ਬੱਸਾਂ ਚਲਾਉਣ 'ਤੇ ਪਾਬੰਦੀ ਲਾਈ ਹੈ ਪਰ ਕੇਂਦਰੀ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਪ੍ਰਵਾਸੀ ਵਰਕਰਾਂ, ਸ਼ਰਧਾਲੂਆਂ, ਘੁੰਮਣ ਗਏ ਯਾਤਰੀਆਂ, ਵਿਦਿਆਰਥੀਆਂ ਅਤੇ ਹੋਰ ਅਜਿਹੇ ਲੋਕਾਂ, ਜੋ ਕਿ ਆਪਣੇ ਰਹਿਣ/ਕੰਮ ਦੇ ਸਥਾਨ ਤੋਂ ਦੂਰ ਗਏ ਹੋਏ ਸਨ ਅਤੇ ਲਾਕਡਾਊਨ ਕਾਰਨ ਉਥੇ ਫਸ ਗਏ ਸਨ, ਨੂੰ ਆਉਣ-ਜਾਣ ਦੀ ਆਗਿਆ ਦੇ ਦਿੱਤੀ ਹੈ। ਐਡਵਾਇਜ਼ਰੀ 'ਚ ਲਿਖਿਆ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਮਕਸਦ ਲਈ ਆਪਣੀਆਂ ਜਾਂ ਪ੍ਰਾਈਵੇਟ ਬੱਸਾਂ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਗ੍ਰਹਿ ਮੰਤਰਾਲਾ, ਪੰਜਾਬ ਸਰਕਾਰ ਤੋਂ ਪ੍ਰਵਾਨਗੀ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ : ਮੁੰਬਈ 'ਚ ਤਾਇਨਾਤ ਹੁਸ਼ਿਆਰਪੁਰ ਦੇ ਹੌਲਦਾਰ ਦੀ ਕੋਰੋਨਾ ਕਾਰਨ ਹੋਈ ਮੌਤ
ਚੜ੍ਹਨ-ਉਤਰਨ ਦੌਰਾਨ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ
ਬੱਸਾਂ ਸਿਰਫ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ, ਸ਼ਰਧਾਲੂਆਂ, ਯਾਤਰੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਢੋਆ-ਢੁਆਈ ਲਈ ਚਲਾਈਆਂ ਜਾ ਸਕਦੀਆਂ ਹਨ, ਜੋ ਤਾਲਾਬੰਦੀ ਹੋਣ ਤੋਂ ਪਹਿਲਾਂ ਆਪਣੇ ਜੱਦੀ ਸਥਾਨਾਂ ਤੋਂ ਚਲੇ ਗਏ ਸਨ ਪਰ ਵਾਪਸ ਆਪਣੇ ਜੱਦੀ ਸਥਾਨਾਂ/ਕਾਰਜ ਸਥਾਨਾਂ 'ਤੇ ਨਹੀਂ ਪਰਤ ਸਕੇ ਅਤੇ ਲਾਕਡਾਊਨ ਕਾਰਨ ਫਸੇ ਹੋਏ ਹਨ। ਇਨ੍ਹਾਂ ਬੱਸਾਂ ਨੂੰ ਸਿਰਫ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਚੱਲਣ ਦੀ ਇਜਾਜ਼ਤ ਹੋਵੇਗੀ (ਭਾਵ ਸਥਾਨਕ ਰੇਲਵੇ ਸਟੇਸ਼ਨਾਂ ਜਾਂ ਹੋਰ ਰਾਜ-ਜ਼ਿਲ੍ਹਿਆਂ ਤੱਕ)। ਇਸ ਸਬੰਧੀ ਟਰਾਂਸਪੋਰਟ ਅਥਾਰਟੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਪਰੋਕਤ ਪ੍ਰਵਾਸੀਆਂ ਦੀ ਢੋਆ-ਢੁਆਈ ਲਈ ਸਿਰਫ ਲੋੜੀਂਦੇ ਸਟਾਫ / ਕਰਮਚਾਰੀਆਂ ਨੂੰ ਹੀ ਡਿਊਟੀ 'ਤੇ ਬੁਲਾਇਆ ਜਾਵੇ। ਇਸ ਤੋਂ ਇਲਾਵਾ, ਸਟਾਫ / ਕਰਮਚਾਰੀ, ਜੋ ਅਸਲ 'ਚ ਪ੍ਰਵਾਸੀਆਂ ਨੂੰ ਨਿਰਧਾਰਤ ਕੀਤੀ ਮੰਜ਼ਿਲ 'ਤੇ ਪਹੁੰਚਾ ਰਿਹਾ ਹੈ, ਦੀ ਯਾਤਰਾ ਤੋਂ ਪਹਿਲਾਂ ਅਤੇ ਬਾਅਦ 'ਚ ਡਾਕਟਰੀ ਜਾਂਚ ਕਰਵਾਉਣਾ ਲਾਜ਼ਮੀ ਹੋਵੇਗਾ। ਬੱਸ 'ਚ ਬੈਠਣ ਦੀ ਸਮਰੱਥਾ 50% ਤੋਂ ਵੱਧ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਯਾਤਰਾ ਦੌਰਾਨ ਬੈਠਣ ਅਤੇ ਚੜ੍ਹਨ-ਉਤਰਨ ਦੌਰਾਨ ਘੱਟੋ-ਘੱਟ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ।
ਟਰਾਂਸਪੋਰਟ ਅਥਾਰਟੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਰਗਰਮ ਸਲਾਹ-ਮਸ਼ਵਰੇ ਨਾਲ ਜ਼ਿਲੇ 'ਚ ਰਹਿੰਦੇ ਉਨ੍ਹਾਂ ਪ੍ਰਵਾਸੀਆਂ ਦੀ ਗਿਣਤੀ ਦੇ ਆਧਾਰ 'ਤੇ ਬੱਸਾਂ ਦੀ ਪਿਕ-ਅਪ / ਸਟਾਰਟ ਪੁਆਇੰਟ, ਮੰਜ਼ਿਲ, ਰੂਟ, ਸਮਾਂ ਅਤੇ ਬੱਸਾਂ ਦੀ ਸਮਾਂ ਸਾਰਣੀ ਬਾਰੇ ਫ਼ੈਸਲਾ ਕਰੇਗੀ, ਜਿਨ੍ਹਾਂ ਨੇ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਯਾਤਰਾ ਕਰਨ ਵਾਲੇ ਪ੍ਰਵਾਸੀਆਂ ਨੂੰ ਸਟਾਰਟ-ਪੁਆਇੰਟ ਬਾਰੇ ਸਪਸ਼ਟ ਤੌਰ 'ਤੇ ਬੱਸ 'ਚ ਚੜ੍ਹਨ ਲਈ ਸਮਾਂ ਅਤੇ ਕਿਰਾਇਆ, ਜੇ ਕੋਈ ਹੈ, ਬਾਰੇ ਯਾਤਰਾ ਤੋਂ ਇਕ ਦਿਨ ਪਹਿਲਾਂ, ਐੱਸ. ਐੱਮ. ਐੱਸ. ਰਾਹੀਂ ਸੂਚਿਤ ਕੀਤਾ ਜਾਵੇਗਾ। ਤੇਜ਼ ਬੁਖਾਰ ਨਾਲ ਪੀੜਤ ਅਮਲੇ / ਯਾਤਰੀਆਂ ਦੀ ਜਾਂਚ ਲਈ ਬੱਸ ਸਟੈਂਡ/ ਬੱਸ ਦੇ ਐਂਟਰੀ ਡੋਰ 'ਤੇ ਥਰਮਲ ਸਕੈਨਰ ਲਗਾਉਣਾ ਲਾਜ਼ਮੀ ਹੈ। 60 ਸਾਲ ਤੋਂ ਵੱਧ ਉਮਰ ਵਾਲਿਆਂ/ਬਜ਼ੁਰਗਾਂ ਲਈ ਟਿਕਟ ਖਰੀਦਣ ਅਤੇ ਬੱਸ 'ਚ ਚੜ੍ਹਨ ਲਈ ਵੱਖਰੀ ਕਤਾਰ ਲਾਉਣੀ ਚਾਹੀਦੀ ਹੈ। ਡਿਪੂ 'ਚ ਦਾਖਲ ਹੋਣ ਵੇਲੇ ਬੱਸਾਂ ਨੂੰ 1% ਸੋਡੀਅਮ ਹਾਈਪੋਕਲੋਰਾਈਟ ਨਾਲ ਚੰਗੀ ਤਰ੍ਹਾਂ ਰੋਗਾਣੂ-ਮੁਕਤ ਕੀਤਾ ਜਾਣਾ ਚਾਹੀਦਾ ਹੈ। ਬੱਸਾਂ 'ਚ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਕਿਸੇ ਡਰਾਈਵਰ/ ਕੰਡਕਟਰ ਨੂੰ ਤੇਜ਼ ਬੁਖ਼ਾਰ/ਖੰਘ/ਛਿੱਕਾਂ/ਸਾਹ ਲੈਣ 'ਚ ਤਕਲੀਫ ਹੈ ਤਾਂ ਉਹ ਖ਼ੁਦ ਹੀ ਆਪਣੇ ਇੰਪਲਾਇਰ ਨੂੰ ਦੱਸੇ ਅਤੇ ਤੁਰੰਤ ਇਲਾਜ ਲਈ ਡਾਕਟਰੀ ਸਲਾਹ ਲਈ ਜਾਵੇ।
ਇਹ ਵੀ ਪੜ੍ਹੋ : ਫਰੀਦਕੋਟ 'ਚ ਵੱਡੀ ਵਾਰਦਾਤ, ਘਰ 'ਚ ਦਾਖਲ ਹੋ ਕੇ ਨੌਜਵਾਨ ਦਾ ਕਤਲ
ਸਵਾਰੀਆਂ ਲਈ ਸਲਾਹ
ਸਵਾਰੀਆਂ ਵਲੋਂ ਵੀ ਯਕੀਨੀ ਬਣਾਇਆ ਜਾਵੇ ਕਿ ਐੱਸ. ਐੱਮ. ਐੱਸ. ਦੁਆਰਾ ਪ੍ਰਾਪਤ ਸੂਚਨਾ ਦੇ ਅਨੁਸਾਰ ਪਿਕਅੱਪ ਸਥਾਨ 'ਤੇ ਸਮੇਂ ਸਿਰ ਰਿਪੋਰਟ ਕੀਤਾ ਜਾਵੇ । ਜੇਕਰ ਕੋਈ ਯਾਤਰੀ ਕੋਵਿਡ-19 ਦਾ ਇਲਾਜ ਕਰਵਾ ਰਿਹਾ ਹੈ ਜਾਂ ਜਿਸ 'ਚ ਕੋਵਿਡ-19 ਦੀ ਪੁਸ਼ਟੀ ਹੋਈ ਹੈ ਅਤੇ ਜੇਕਰ ਕੋਈ ਹੋਰ ਵਿਅਕਤੀ ਉਸਦੇ ਸੰਪਰਕ 'ਚ ਆਇਆ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਬਾਰੇ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 'ਤੇ ਜਾਣਕਾਰੀ ਦਿੱਤੀ ਜਾਵੇ। ਜੇਕਰ ਕਿਸੇ ਸਟਾਫ/ਮੈਨਪਾਵਰ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਟਰਾਂਸਪੋਰਟ ਅਥਾਰਟੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0 172-2920074 / 08872090029 'ਤੇ ਕਾਲ ਕਰਕੇ ਸਾਰੀ ਜਾਣਕਾਰੀ ਦੇਵੇ। ਟਰਾਂਸਪੋਰਟ ਅਥਾਰਟੀ ਵੱਲੋਂਂ ਸਾਰੇ ਸਟਾਫ/ਮੈਨਪਾਵਰ ਦੀ ਹਾਜ਼ਰੀ ਅਤੇ ਹਰੇਕ ਬੱਸ ਵਿਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦਾ ਰੋਜ਼ਾਨਾ ਪੂਰਾ ਬਿਓਰਾ ਤਿਆਰ ਰੱਖਿਆ ਜਾਵੇ।
ਮੋਗਾ: ਸਕ੍ਰੀਨਿੰਗ ਕਰਵਾਉਣ ਆਏ ਪ੍ਰਵਾਸੀ ਮਜ਼ਦੂਰ ਭੁੱਲੇ ਸੋਸ਼ਲ ਡਿਸਟੈਂਸਿੰਗ (ਤਸਵੀਰਾਂ)
NEXT STORY