ਜਲੰਧਰ (ਖੁਰਾਣਾ)- ਅੱਜ ਜਲੰਧਰ ਜ਼ਿਮਨੀ ਚੋਣ ਲਈ ਜਲੰਧਰ ਵਿਚ ਵੋਟਿੰਗ ਹੋ ਰਹੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜ਼ਿਮਨੀ ਚੋਣ ਦੇ ਨਤੀਜੇ 13 ਮਈ ਨੂੰ ਨਤੀਜੇ ਐਲਾਨੇ ਜਾਣਗੇ। ਲੋਕ ਸਭਾ ਦੀ ਜ਼ਿਮਨੀ ਚੋਣ ਨਾਲ ਨਿਪਟਣ ਦੇ ਤੁਰੰਤ ਬਾਅਦ ਸ਼ਹਿਰ ਦੇ ਲਗਭਗ ਸਾਰੇ ਆਗੂ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਰੁੱਝ ਜਾਣਗੇ। ਜ਼ਿਕਰਯੋਗ ਹੈ ਕਿ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮਿਆਦ ਇਸ ਸਾਲ 24 ਜਨਵਰੀ ਨੂੰ ਸਮਾਪਤ ਹੋ ਚੁੱਕੀ ਹੈ। ਕਈ ਕਾਰਨਾਂ ਕਰਕੇ ਨਿਗਮ ਚੋਣਾਂ ਵਿਚ ਲਗਾਤਾਰ ਦੇਰੀ ਹੁੰਦੀ ਚਲੀ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਮਹੀਨਿਆਂ ਅੰਦਰ ਪੰਜਾਬ ਸਰਕਾਰ ਸੂਬੇ ਦੇ ਸਾਰੇ ਨਿਗਮਾਂ ਦੀ ਚੋਣ ਕਰਵਾਉਣ ਜਾ ਰਹੀ ਹੈ ਅਤੇ ਉਸੇ ਦੌਰਾਨ ਜਲੰਧਰ ਨਿਗਮ ਦੀਆਂ ਚੋਣਾਂ ਵੀ ਮੁਕੰਮਲ ਹੋ ਜਾਣਗੀਆਂ।
ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਆਮ ਆਦਮੀ ਪਾਰਟੀ ਨੇ ਵੱਕਾਰ ਦਾ ਸਵਾਲ ਬਣਾਇਆ ਅਤੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਦਿੱਤਾ, ਠੀਕ ਉਸੇ ਤਰ੍ਹਾਂ ਨਿਗਮ ਚੋਣਾਂ ਵੀ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਲਈ ਇਕ ਵੱਡੀ ਚੁਣੌਤੀ ਵਜੋਂ ਉੱਭਰ ਸਕਦੀਆਂ ਹਨ।
ਫਿਲਹਾਲ ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਲਈ ਕੋਈ ਜ਼ਿਆਦਾ ਤਿਆਰੀ ਨਹੀਂ ਕੀਤੀ ਹੋਈ ਪਰ ਫਿਰ ਵੀ ਜ਼ਿਮਨੀ ਚੋਣ ਮੁਕੰਮਲ ਹੁੰਦੇ ਹੀ ਸਰਕਾਰ ਵਿਸ਼ੇਸ਼ ਕਰ ਕੇ ਪਾਰਟੀ ਸੰਗਠਨ ਦਾ ਸਾਰਾ ਧਿਆਨ ਨਿਗਮ ਚੋਣਾਂ ਵੱਲ ਹੋ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ Live Update: 19 ਉਮੀਦਵਾਰ ਚੋਣ ਮੈਦਾਨ 'ਚ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਦਲ ਬਦਲ ਚੁੱਕੇ ਆਗੂਆਂ ਦੀ ਰਹੇਗੀ ਵੱਡੀ ਭੂਮਿਕਾ
ਆਗਾਮੀ ਨਗਰ ਨਿਗਮ ਚੋਣਾਂ ਵਿਚ ਜਿਥੇ ਆਮ ਆਦਮੀ ਪਾਰਟੀ ਦਾ ਕੇਡਰ ਆਪਣੇ ਵੱਲੋਂ ਚੋਣ ਜਿੱਤਣ ਲਈ ਪੂਰਾ ਜ਼ੋਰ ਲਾਵੇਗਾ, ਉਥੇ ਹੀ ਸੱਤਾ ਧਿਰ ਵਿਚ ਉਨ੍ਹਾਂ ਆਗੂਆਂ ਦੀ ਵੀ ਕਾਫ਼ੀ ਵਧੀਆ ਭੂਮਿਕਾ ਰਹੇਗੀ, ਜਿਹੜੇ ਹਾਲ ਹੀ ਵਿਚ ਦਲ ਬਦਲ ਕਰ ਕੇ ‘ਆਪ’ ਵਿਚ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਕਾਰਨ ਕੌਂਸਲਰ ਪੱਧਰ ਦੇ ਕਈ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਵਿਚੋਂ ਵਧੇਰੇ ਆਗੂ ਆਗਾਮੀ ਚੋਣਾਂ ਵਿਚ ਵੀ ਟਿਕਟਾਂ ਦੇ ਦਾਅਵੇਦਾਰ ਹਨ, ਇਸ ਲਈ ਉਨ੍ਹਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਆਂਕਿਆ ਜਾ ਸਕਦਾ।
ਬਾਹਰੀ ਆਗੂਆਂ ਅਤੇ ਪਾਰਟੀ ਕੇਡਰ ’ਚ ਟਕਰਾਅ ਨਿਸ਼ਚਿਤ
ਆਗਾਮੀ ਨਗਰ ਨਿਗਮ ਚੋਣਾਂ ਦੌਰਾਨ ਮੁੱਖ ਸਿਆਸੀ ਪਾਰਟੀਆਂ ਵਿਚ ਰਹੇਗੀ ਕਾਂਟੇ ਦੀ ਟੱਕਰ
ਸੱਤਾ ਧਿਰ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਭਰਪੂਰ ਯਤਨ ਕੀਤੇ ਜਾਣਗੇ। ਅਜਿਹੀ ਸਥਿਤੀ ਵਿਚ ਬਾਹਰੋਂ ‘ਆਪ’ ਵਿਚ ਆਏ ਆਗੂਆਂ ਅਤੇ ਪਾਰਟੀ ਦੇ ਆਪਣੇ ਕੇਡਰ ਵਿਚਕਾਰ ਟਕਰਾਅ ਦੇ ਦ੍ਰਿਸ਼ ਵੇਖਣ ਨੂੰ ਮਿਲ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਵੈਸਟ ਵਿਧਾਨ ਸਭਾ ਹਲਕੇ ਵਿਚ ਜਿਥੇ ਹੁਣ ਸੁਸ਼ੀਲ ਰਿੰਕੂ ਦੇ ਸਮਰਥਕ ਆਗੂਆਂ ਨੂੰ ਵੀ ਨਿਗਮ ਚੋਣਾਂ ਵਿਚ ‘ਆਪ’ ਦੀ ਟਿਕਟ ਮਿਲ ਸਕਦੀ ਹੈ, ਉਥੇ ਹੀ ਕੈਂਟ ਵਿਧਾਨ ਸਭਾ ਹਲਕੇ ਵਿਚ ਵੀ ਜਗਬੀਰ ਬਰਾੜ ਆਪਣੇ ਸਮਰਥਕਾਂ ਨੂੰ ਨਿਗਮ ਦੇ ਸਦਨ ਵਿਚ ਭੇਜਣ ਲਈ ਯਤਨਸ਼ੀਲ ਰਹਿਣਗੇ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ: ਵੋਟਿੰਗ ਕੇਂਦਰਾਂ 'ਤੇ ਲੋਕਾਂ ਦਾ ਉਤਸ਼ਾਹ ਦਿਸਿਆ ਘੱਟ, ਸੁੰਨੇ ਨਜ਼ਰ ਆਏ ਬੂਥ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
ਜ਼ਿਮਨੀ ਚੋਣ: ਕਪੂਰਥਲਾ ਦੇ ਡਿਪਟੀ ਕਮਸ਼ਿਨਰ ਵਿਸ਼ੇਸ਼ ਸਾਰੰਗਲ ਨੇ ਜਲੰਧਰ 'ਚ ਪਾਈ ਵੋਟ
NEXT STORY