ਸ੍ਰੀ ਆਨੰਦਪੁਰ ਸਾਹਿਬ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਜੋ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਂਦਾ ਹੈ, ਹੁਣ ਪੰਥਕ ਸੀਟਾਂ ਤੋਂ ਹੀ ਮੂੰਹ ਮੋੜਨ ਲੱਗ ਪਿਆ ਹੈ। ਇਸ ਦੀ ਤਾਜ਼ਾ ਉਦਾਹਰਣ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਮਝੌਤੇ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਤਹਿਤ ਅਕਾਲੀ ਦਲ ਨੇ ਸ੍ਰੀ ਚਮਕੌਰ ਸਾਹਿਬ ਦੀ ਸੀਟ ਬਸਪਾ ਦੇ ਖ਼ਾਤੇ ਵਿਚ ਪਾ ਦਿੱਤੀ। ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੰਥਕ ਸੀਟ ਛੱਡੀ ਹੈ। ਉਸ ਨੇ ਇਸ ਤੋਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਵਾਲੀ ਸੀਟ ਉਸ ਨੂੰ ਦੇ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਤਰ੍ਹਾਂ ਕਰਨ ਨਾਲ ਇਹ ਸਵਾਲ ਮੱਲੋ ਮੱਲੀ ਲੋਕਾਂ ਦੀ ਜ਼ੁਬਾਨ ’ਤੇ ਆਉਂਦਾ ਹੈ ਕਿ ਆਖਿਰ ਉਸ ਵੱਲੋਂ ਪੰਥਕ ਸੀਟਾਂ ਦੂਜੀਆਂ ਪਾਰਟੀਆਂ ਨੂੰ ਕਿਉਂ ਦਿੱਤੀਆਂ ਜਾਂਦੀਆਂ ਹਨ। ਕਿਤੇ ਅਕਾਲੀ ਦਲ ਨੂੰ ਆਪਣਾ ਵੋਟ ਬੈਂਕ ਖਿਸਕਣ ਦਾ ਡਰ ਤਾਂ ਨਹੀਂ ਹੈ, ਜਿਸ ਕਾਰਨ ਉਹ ਹਾਰ ਦੇ ਡਰੋਂ ਇਨ੍ਹਾਂ ਸੀਟਾਂ ਤੋਂ ਚੋਣ ਲੜਨ ਤੋਂ ਝਿਜਕ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੇ ਕੈਪਟਨ ’ਤੇ ਤਿੱਖੇ ਨਿਸ਼ਾਨੇ, ਕਿਹਾ-ਭਾਜਪਾ ਨਾਲ ਜਾ ਕੇ ਹੋਇਆ ‘ਸਟੈਂਡਲੈੱਸ’ (ਵੀਡੀਓ)
ਵਿਧਾਨ ਸਭਾ ਚੋਣਾਂ 2022 ਲਈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਗੱਠਜੋੜ ਕੀਤਾ ਹੋਇਆ ਹੈ। ਇਸ ਗੱਠਜੋੜ ਤਹਿਤ ਬਸਪਾ 20 ਸੀਟਾਂ ’ਤੇ ਚੋਣ ਲੜੇਗੀ। ਇਸ ਸਮਝੌਤੇ ਤਹਿਤ ਇਸ ਵਾਰ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਿਆਂ ਤੋਂ ਬਸਪਾ ਦੇ ਉਮੀਦਵਾਰ ਚੋਣ ਮੈਦਾਨ ’ਚ ਹਨ। ਜ਼ਿਕਰਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਪੰਥਕ ਸੀਟ ਹੈ, ਜੋ 30 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਕੋਲ ਸੀ। ਇਸ ਸੀਟ ਤੋਂ ਬੀਬੀ ਸਤਵੰਤ ਕੌਰ ਸੰਧੂ ਵਿਧਾਇਕ ਬਣਦੇ ਰਹੇ ਤੇ ਮੰਤਰੀ ਵੀ ਬਣੇ। ਇਸ ਵਿਚ 1969, 72, 77, 80, 97, 2002 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦਾ ਕਬਜ਼ਾ ਰਿਹਾ। ਇਸ ਵਾਰ ਇਹ ਸੀਟ ਬਸਪਾ ਨੂੰ ਦੇ ਦਿੱਤੀ ਗਈ। ਸਾਬਕਾ ਐੱਸ. ਐੱਸ. ਪੀ. ਹਰਮੋਹਨ ਸੰਧੂ ਬਸਪਾ ਦੇ ਉਮੀਦਵਾਰ ਹਨ। ਸੰਧੂ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਨ। 2007 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਆਜ਼ਾਦ ਤੌਰ ’ਤੇ ਚੋਣ ਲੜੇ ਚਰਨਜੀਤ ਸਿੰਘ ਚੰਨੀ ਤੋਂ ਹਾਰ ਗਏ ਸਨ। ਇਸ ਤੋਂ ਬਾਅਦ 2012 ਤੇ 2017 ’ਚ ਇਹੀ ਸਿਲਸਿਲਾ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 15 ਸਾਲਾਂ ਤੋਂ ਇਸੇ ਸੀਟ ਤੋਂ ਵਿਧਾਇਕ ਹਨ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ‘ਆਪ’ ਦੇ ਉਮੀਦਵਾਰਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)
ਗੱਲ ਕਰੀਏ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਤਾਂ ਇਹ ਪੰਥਕ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ 15 ਸਾਲ ਰਹੀ। ਸਾਲ 2007 ਵਿਧਾਨ ਸਭਾ ਚੋਣਾਂ ਦੌਰਾਨ ਇਥੋਂ ਸੰਤ ਅਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ, ਜੋ ਵਿਧਾਇਕ ਬਣੇ। 2012 ਵਿਚ ਨੰਗਲ ਬਿਸਤ ਖੇਤਰ ਨੂੰ ਸ੍ਰੀ ਆਨੰਦਪੁਰ ਸਾਹਿਬ ’ਚ ਮਰਜ ਕਰ ਦਿੱਤਾ ਗਿਆ, ਉਸ ਸਮੇਂ ਇਹ ਸੀਟ ਗੱਠਜੋੜ ਤਹਿਤ ਭਾਜਪਾ ਕੋਲ ਚਲੀ ਗਈ। ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ ਤਾਂ ਇਹ ਸੀਟ ਬਸਪਾ ਦੇ ਖਾਤੇ ਵਿਚ ਚਲੀ ਗਈ। ਇਥੋਂ ਬਸਪਾ ਵੱਲੋਂ ਨਿਤਿਨ ਨੰਦਾ ਚੋਣ ਮੈਦਾਨ ’ਚ ਹਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਪੰਜਾਬ 'ਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਕਾਂਗਰਸੀਆਂ ਬਾਰੇ 'ਕੈਪਟਨ' ਦਾ ਵੱਡਾ ਖ਼ੁਲਾਸਾ
NEXT STORY